ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 24 ਮਈ

ਸਾਗਰ ਧਨਖੜ ਕਤਲ ਕੇਸ ‘ਚ ਗ੍ਰਿਫ਼ਤਾਰ ਓਲੰਪਿਕ ਤਗਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਦੀ ਭਾਰਤੀ ਰੇਲਵੇ ਦੀ ਨੌਕਰੀ ਖ਼ਤਰੇ ‘ਚ ਪੈ ਗਈ ਹੈ। ਉਸ ਨੂੰ 2013 ‘ਚ ਉੱਤਰੀ ਰੇਲਵੇ ਦੀ ਖੇਡ ਐਸੋਸੀਏਸ਼ਨ ਦਾ ਪ੍ਰਬੰਧਕ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਉਸ ਨੂੰ 2012 ਵਿੱਚ ਕੁਸ਼ਤੀ ਅਕੈਡਮੀ ਦਾ ਓਐੱਸਡੀ ਵੀ ਲਾਇਆ ਗਿਆ ਸੀ। ਉਹ ਉੱਤਰੀ ਰੇਲਵੇ ਲਈ ਸੀਨੀਅਰ ਕਮਰਸ਼ੀਅਲ ਮੈਨੇਜਰ ਵਜੋਂ ਸੇਵਾਵਾਂ ਦੇ ਰਿਹਾ ਸੀ ਤੇ ਦਿੱਲੀ ਸਰਕਾਰ ਵਿੱਚ ਛਤਰਸਾਲ ਸਟੇਡੀਅਮ ਰਾਹੀਂ ਸਕੂਲਾਂ ਵਿੱਚ ਖੇਡਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਵੀ ਦਿੱਤੀ ਹੋਈ ਸੀ। ਉਸ ਨੇ ਇਸ ਡੈਪੂਟੇਸ਼ਨ ਨੂੰ ਵਧਾਉਣ ਦੀ ਅਰਜ਼ੀ ਵੀ ਦਿੱਤੀ ਹੋਈ ਸੀ।

ਸੁਸ਼ੀਲ ਖ਼ਿਲਾਫ਼ ਗੰਭੀਰ ਧਾਰਾਵਾਂ ਹੇਠ ਮੁਕੱਦਮਾ ਦਰਜ ਹੋਣ ਰੇਲਵੇ ਵੱਲੋਂ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦੇਣ ਦੇ ਸੰਕੇਤ ਮਿਲੇ ਹਨ। ਉੱਤਰੀ ਰੇਲਵੇ ਨੇ ਦੱਸਿਆ ਕਿ ਰੇਲਵੇ ਬੋਰਡ ਨੂੰ ਦਿੱਲੀ ਸਰਕਾਰ ਤੋਂ ਇੱਕ ਰਿਪੋਰਟ ਮਿਲੀ ਹੈ ਜਿਸ ਵਿੱਚ ਕਿਹਾ ਗਿਆ ਕਿ ਸੁਸ਼ੀਲ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਉੱਤਰ ਰੇਲਵੇ ਦੇ ਸੂਚਨਾ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੂੰ ਅੱਜ-ਭਲਕ ਮੁਅੱਤਲ ਕੀਤਾ ਜਾ ਸਕਦਾ ਹੈ ਤੇ ਇਸ ਬਾਰੇ ਦਫ਼ਤਰੀ ਪੱਤਰ ਵੀ ਜਾਰੀ ਕਰ ਦਿੱਤਾ ਜਾਵੇਗਾ।

ਇਸੇ ਦੌਰਾਨ ਦਿੱਲੀ ਪੁਲੀਸ ਨੇ 4-5 ਮਈ ਦੀ ਰਾਤ ਨੂੰ ਛਤਰਸਾਲ ਸਟੇਡੀਅਮ ‘ਚ ਹੋਏ ਝਗੜੇ ਦੌਰਾਨ ਵਰਤੀਆਂ 4 ਕਾਰਾਂ ਬਰਾਮਦ ਕੀਤੀਆਂ ਸਨ ਜਿਨ੍ਹਾਂ ਵਿੱਚ ਦੋਨਾਲੀ ਸਮੇਤ ਡੰਡੇ ਤੇ ਹੋਰ ਸਾਮਾਨ ਮਿਲਿਆ ਸੀ। ਬਰਾਮਦ ਕਾਰਾਂ ਦੇ ਨੰਬਰਾਂ ਤੋਂ ਉਨ੍ਹਾਂ ਦੇ ਮਾਲਕਾਂ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਇਕ ਕਾਰ ਚੋਰੀ ਦੀ ਹੈ। 3 ਕਾਰਾਂ ਦੇ ਨੰਬਰਾਂ ਨਾਲ ਜੁੜੇ ਪਤੇ ਜਾਅਲੀ ਹਨ।

ਅਦਾਲਤੀ ਫ਼ੈਸਲੇ ਮਗਰੋਂ ਸੁਸ਼ੀਲ ਖ਼ਿਲਾਫ਼ ਕਾਰਵਾਈ: ਕੁਸ਼ਤੀ ਫੈਡਰੇਸ਼ਨ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐੱਫਆਈ) ਦੇ ਸਹਾਇਕ ਸੈਕਟਰੀ ਵਿਨੋਦ ਨੇ ਦੱਸਿਆ ਕਿ ਸੁਸ਼ੀਲ ਨੇ ਸਖਤ ਮਿਹਨਤ ਕੀਤੀ ਤੇ ਕੁਸ਼ਤੀ ਨੂੰ ਸਿਖਰ ‘ਤੇ ਲਿਆਇਆ ਅਤੇ ਨਵੇਂ ਪਹਿਲਵਾਨਾਂ ਦੀ ਸਹਾਇਤਾ ਕੀਤੀ। ਵਿਨੋਦ ਨੇ ਕਿਹਾ, ‘ਸਾਨੂੰ ਨਹੀਂ ਪਤਾ ਕਿ ਸੱਚਾਈ ਕੀ ਹੈ। ਉਸ ਨੇ ਕੁਝ ਗਲਤ ਕੀਤਾ ਹੈ ਜਾਂ ਨਹੀਂ, ਇਹ ਕਾਨੂੰਨ ਸਪੱਸ਼ਟ ਕਰੇਗਾ ਪਰ ਫੈਡਰੇਸ਼ਨ ਨੂੰ ਉਸ ਨਾਲ ਹਮਦਰਦੀ ਹੈ। ਉਸ ਨੂੰ ਜਦ ਤੱਕ ਦੋਸ਼ੀ ਜਾਂ ਬੇਕਸੂਰ ਘੋਸ਼ਿਤ ਨਹੀਂ ਕੀਤਾ ਜਾਂਦਾ, ਫੈਡਰੇਸ਼ਨ ਕੋਈ ਫ਼ੈਸਲਾ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਪ੍ਰਬੰਧਕ ਸਭਾ ਨੇ ਇਸ ਮਾਮਲੇ ‘ਚ ਫੈੱਡਰੇਸ਼ਨ ਦੇ ਪ੍ਰਧਾਨ ਨਾਲ ਮੀਟਿੰਗ ਤੈਅ ਕੀਤੀ ਹੈ।

News Source link