ਵਾਸ਼ਿੰਗਟਨ, 12 ਮਈ

ਅਮਰੀਕਾ ਨੇ ਚੀਨੀ ਰਾਜਦੂਤ ਦੇ ਉਸ ਬਿਆਨ ਦਾ ਨੋਟਿਸ ਲਿਆ ਹੈ ਜਿਸ ਵਿਚ ਉਸ ਨੇ ਕਿਹਾ ਸੀ ਕਿ ਬੰਗਲਾਦੇਸ਼ ਨੂੰ ‘ਕੁਆਡ’ ਗੱਠਜੋੜ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਜੇਕਰ ਉਹ ਅਜਿਹਾ ਕਰਦਾ ਹੈ ਤਾਂ ਬੰਗਲਾਦੇਸ਼ ਤੇ ਚੀਨ ਦੇ ਰਿਸ਼ਤੇ ਖਰਾਬ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ‘ਕੁਆਡ’ ਦਾ ਹਿੱਸਾ ਹਨ। ਇਹ ਗੱਠਜੋੜ ਇਨ੍ਹਾਂ ਮੁਲਕਾਂ ਨੇ ਭਾਰਤੀ-ਪ੍ਰਸ਼ਾਂਤ ਖੇਤਰ ‘ਚ ਤਾਲਮੇਲ ਕਰਨ ਲਈ ਬਣਾਇਆ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਮੀਡੀਆ ਨੂੰ ਦੱਸਿਆ ਕਿ ਅਮਰੀਕਾ ਦੇ ਬੰਗਲਾਦੇਸ਼ ਨਾਲ ਬਹੁਤ ਮਜ਼ਬੂਤ ਸਬੰਧ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਬੰਗਲਾਦੇਸ਼ ਦੀ ਖ਼ੁਦਮੁਖਤਿਆਰੀ ਦਾ ਸਤਿਕਾਰ ਕਰਦਾ ਹੈ ਤੇ ਮੁਲਕ ਆਪਣੇ ਪੱਧਰ ਉਤੇ ਵਿਦੇਸ਼ ਨੀਤੀ ਦੇ ਫ਼ੈਸਲੇ ਲੈਣ ਲਈ ਆਜ਼ਾਦ ਹੈ। ਪ੍ਰਾਈਸ ਨੇ ਕਿਹਾ ਕਿ ‘ਕੁਆਡ’ ਇਕ ਗ਼ੈਰਰਸਮੀ, ਜ਼ਰੂਰੀ ਤੇ ਬਹੁਪੱਖੀ ਢਾਂਚਾ ਹੈ ਜੋ ਫ਼ਿਲਹਾਲ ਇਕੋ ਵਿਚਾਰਧਾਰਾ ਵਾਲੇ ਲੋਕਤੰਤਰਾਂ ਨੂੰ ਨਾਲ ਲਿਆ ਰਿਹਾ ਹੈ। ਇਸ ਦਾ ਮੰਤਵ ਭਾਰਤੀ-ਪ੍ਰਸ਼ਾਂਤ ਸਮੁੰਦਰੀ ਖੇਤਰ ਵਿਚ ਮੁਕਤ ਤੇ ਖੁੱਲ੍ਹੀ ਆਵਾਜਾਈ ਯਕੀਨੀ ਬਣਾਉਣਾ ਹੈ। ਜ਼ਿਕਰਯੋਗ ਹੈ ਕਿ ਚੀਨ ਸ਼ੁਰੂ ਤੋਂ ਹੀ ‘ਕੁਆਡ’ ਗਰੁੱਪ ਦਾ ਵਿਰੋਧ ਕਰਦਾ ਰਿਹਾ ਹੈ। ਇਸ ਦੀ ਸਥਾਪਨਾ 2007 ਵਿਚ ਹੋਈ ਸੀ। ਚੀਨ ਦਾ ਦੋਸ਼ ਹੈ ਕਿ ਇਹ ਸਮੂਹ ਚੀਨ ਵਿਰੋਧੀ ਗਤੀਵਿਧੀਆਂ ਲਈ ਕਾਇਮ ਕੀਤਾ ਗਿਆ ਹੈ। -ਪੀਟੀਆਈ

News Source link