ਰਮੇਸ਼ ਬੱਗਾ ਚੋਹਲਾ

ਧਾਰਮਿਕ ਆਜ਼ਾਦੀ ਅਤੇ ਮਨੁੱਖੀ ਬਰਾਬਰੀ ਹਿੱਤ ਆਪਾ ਨਿਛਾਵਰ ਕਰਨ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਬਚਪਨ ਤੋਂ ਹੀ ਆਪ ਸਾਧੂ ਸੁਭਾਅ, ਸੋਚਵਾਨ, ਦਲੇਰ, ਤਿਆਗੀ ਅਤੇ ਪਰਉਪਕਾਰੀ ਤਬੀਅਤ ਦੇ ਮਾਲਕ ਸਨ। ਗੁਰਮਤਿ ਦੇ ਗੁਰ ਹਾਸਲ ਕਰਨ ਦੇ ਨਾਲ-ਨਾਲ ਉਨ੍ਹਾਂ ਨੇ ਯੁੱਧ ਕਲਾ ਦੇ ਦਾਅ ਵੀ ਸਿੱਖ ਲਏ। ਗੁਰਮਤਿ ਦੇ ਗਿਆਤਾ ਹੋਣ ਦੇ ਨਾਲ ਹੀ ਉਹ ਜੰਗੀ ਪੈਂਤੜਿਆਂ ਤੋਂ ਵੀ ਪੂਰੀ ਤਰ੍ਹਾਂ ਜਾਣਕਾਰ ਹੋ ਗਏ। ਗੁਰੂ ਪਿਤਾ ਵੱਲੋਂ ਬਖ਼ਸ਼ਿਆ ਸੰਤ ਤੇ ਸਿਪਾਹੀ ਦਾ ਸੰਕਲਪ (ਗੁਰੂ) ਤੇਗ ਬਹਾਦਰ ਜੀ ਦੀ ਸ਼ਖ਼ਸੀਅਤ ਵਿਚ ਪੁੂਰਨ ਰੂਪ ਵਿਚ ਉਜਾਗਰ ਹੋਣ ਲੱਗਾ। ਇਸ ਸੰਕਲਪ ਸਦਕਾ ਹੀ ਉਨ੍ਹਾਂ ਨੇ ਕਰਤਾਰਪੁਰ ਸਾਹਿਬ ਦੀ ਜੰਗ ਸਮੇਂ ਸੰਤ (ਤਿਆਗ ਮੱਲ) ਤੋਂ ਸਿਪਾਹੀ (ਤੇਗ ਬਹਾਦਰ) ਤਕ ਦਾ ਸਫ਼ਰ ਤੈਅ ਕੀਤਾ ਸੀ।

ਕੀਰਤਪੁਰ ਸਾਹਿਬ ਵਿਚ ਲਗਭਗ ਇਕ ਦਹਾਕੇ ਦਾ ਸਮਾਂ ਗੁਜ਼ਾਰਨ ਕਰਕੇ ਨੌਵੇਂ ਪਾਤਸ਼ਾਹ ‘ਤੇ ਗੁਰ-ਮਰਿਆਦਾ ਦਾ ਪੂਰਾ ਪ੍ਰਭਾਵ ਪੈ ਚੁੱਕਾ ਸੀ। ਇਸ ਪ੍ਰਭਾਵ ਸਦਕਾ ਉਨ੍ਹਾਂ ਦਾ ਦਿਲ ਲੋੜਵੰਦਾਂ ਲਈ ਧੜਕਣ ਲੱਗ ਪੈਂਦਾ ਸੀ। ਗ਼ਰੀਬ-ਗੁਰਬੇ ਦੀ ਮਦਦ ਲਈ ਉਹ ਹਮੇਸ਼ਾਂ ਯਤਨਸ਼ੀਲ ਰਹਿੰਦੇ ਸਨ। ਉਨ੍ਹਾਂ ਦੀ ਇਸ ਯਤਨਸ਼ੀਲਤਾ ਨੂੰ ਦੇਖ ਕੇ ਜਿੱਥੇ ਗੁਰੂ ਪਿਤਾ ਜੀ ਪ੍ਰਸੰਨ-ਚਿੱਤ ਰਹਿੰਦੇ ਸਨ, ਉੱਥੇ ਨਾਲ ਹੀ ਗੁਰੂ ਨਾਨਕ ਦੇ ਘਰ ਦੀ ਵਡੇਰੀ ਜ਼ਿੰਮੇਵਾਰੀ (ਗੁਰਗੱਦੀ) ਨੂੰ ਸੰਭਾਲਣ ਦੇ ਯੋਗ ਵੀ ਸਮਝਦੇ ਸਨ। ਸ੍ਰੀ ਗੁਰੂ ਹਰਗੋਬਿੰਦ ਜੀ ਨੇ 1644 ਈ. ਨੂੰ ਆਪਣੇ ਪਰਿਵਾਰ ਨੂੰ ਬਕਾਲੇ ਨਗਰ ਦੀ ਧਰਤੀ ਨੂੰ ਭਾਗ ਲਗਾਉਣ ਲਈ ਕਿਹਾ। ਗੁਰੂ ਪਿਤਾ ਦੇ ਹੁਕਮ ਨੂੰ ਪ੍ਰਵਾਨ ਕਰਦਿਆਂ ਸ੍ਰੀ ਗੁਰੂ ਤੇਗ ਬਹਾਦਰ ਆਪਣੀ ਮਾਤਾ ਅਤੇ ਪਤਨੀ (ਮਾਤਾ ਗੁਜਰੀ ਜੀ) ਸਮੇਤ ਬਕਾਲੇ ਆ ਗਏ। ਇਹ ਉਨ੍ਹਾਂ ਦਾ ਨਾਨਕਾ ਪਿੰਡ ਸੀ। ਬਕਾਲੇ ਪਹੁੰਚਣ ਸਮੇਂ (ਗੁਰੂ) ਤੇਗ ਬਹਾਦਰ ਜੀ ਦੀ ਉਮਰ 20 ਕੁ ਸਾਲ ਦੇ ਕਰੀਬ ਸੀ। ਜਵਾਨ ਹੋਣ ਦੇ ਬਾਵਜੂਦ ਉਹ ਅਧਿਆਤਮਕਤਾ ਵੱਲ ਵਧੇਰੇ ਰੁਚਿਤ ਸਨ। ਸੇਵਾ ਤੇ ਸਿਮਰਨ ਦੇ ਨਾਲ-ਨਾਲ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਸਨ। ਇੱਥੇ ਰਹਿੰਦਿਆਂ ਕਈ ਗੁਰਸਿੱਖ ਸੱਜਣ ਉਨ੍ਹਾਂ ਨਾਲ ਮਿਲਾਪ ਲਈ ਵੀ ਆਇਆ ਕਰਦੇ ਸਨ। ਇਕ ਵਾਰੀ ਇਕ ਗੁਰਸਿੱਖ ਪਿਆਰੇ ਨੇ ਗੁਰੂ ਤੇਗ ਬਹਾਦਰ ਜੀ ਤੋਂ ਪੁੱਛਿਆ ਕਿ ਰੱਬ ਦੇ ਪਿਆਰਿਆਂ-ਭਗਤਾਂ ਨੂੰ ਕਸ਼ਟ ਕਿਉਂ ਆਉਂਦੇ ਹਨ? ਤਾਂ ਗੁਰੂ ਸਾਹਿਬ ਦਾ ਜਵਾਬ ਸੀ ਕਿ ਦੁਨੀਆਂ ਦੀ ਅਸਲੀਅਤ ਦੁੱਖਾਂ ਵਿਚ ਜਲਦੀ ਸਮਝ ਆ ਜਾਂਦੀ ਹੈ। ਸਾਨੂੰ ਦੁੱਖਾਂ ਨੂੰ ਉਸ ਦੀ ਦਾਤ ਹੀ ਸਮਝਣਾ ਚਾਹੀਦਾ ਹੈ। ਜਦੋਂ ਉਹ ਬਕਾਲਾ ਨਗਰ ਤੋਂ ਆਪਣੇ ਸਾਲੇ ਭਾਈ ਕ੍ਰਿਪਾਲ ਚੰਦ ਨੂੰ ਮਿਲਣ ਲਈ ਕੀਰਤਪੁਰ ਸਾਹਿਬ ਜਾਂਦੇ ਤਾਂ ਉਹ ਸੱਤਵੇਂ ਪਾਤਸ਼ਾਹ ਸ੍ਰੀ ਹਰਿ ਰਾਏ ਸਾਹਿਬ ਦੇ ਦਰਬਾਰ ਦੀ ਹਾਜ਼ਰੀ ਵੀ ਭਰਦੇ ਸਨ। ਗੁਰੂ ਘਰ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਦੇਖ ਕੇ ਸੱਤਵੇਂ ਪਾਤਸ਼ਾਹ ਨੇ (ਗੁਰੂ) ਤੇਗ ਬਹਾਦਰ ਸਾਹਿਬ ਨੂੰ 1656 ਈ. ਵਿਚ ਮਾਲਵਾ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਆਦਿ ਪੂਰਬੀ ਪ੍ਰਾਤਾਂ ਵਿਚ ਗੁਰਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਗੁਰੂ ਘਰਾਂ ਦੇ ਪ੍ਰੀਤਵਾਨਾਂ ਦਾ ਇਕ ਪ੍ਰਚਾਰਕ ਜੱਥਾ ਤਿਆਰ ਕਰ ਲਿਆ। ਇਸ ਜੱਥੇ ਨੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਬਾਬੇਕਿਆਂ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਪੁੱਜਦਿਆਂ ਕੀਤਾ।

ਗੁਰੂ ਕਿਆਂ ਵੱਲੋਂ ਨਵੇਂ ਨਗਰ ਵਸਾਉਣ ਦੀ ਪ੍ਰਥਾ ਤਹਿਤ ਨੌਵੇਂ ਗੁਰਾਂ ਨੇ ਬਾਬਾ ਬੁੱਢਾ ਜੀ ਦੇ ਅੰਸ਼ ਬਾਬਾ ਗੁਰਦਿੱਤਾ ਸਿੰਘ ਜੀ ਤੋਂ ਸੰਨ 1665 ਦੇ ਜੂਨ ਮਹੀਨੇ ਵਿਚ ਚੱਕ ਨਾਨਕੀ ਨਗਰ ਦੀ ਮੋੜੀ ਗਡਵਾ ਦਿੱਤੀ। ਇਸ ਸਥਾਨ ਨੂੰ ਪਹਿਲਾਂ ਮਾਖੋਵਾਲ ਆਖਦੇ ਸਨ, ਜਿਹੜਾ ਇਕ ਮਾਖੇ ਦੈਂਤ ਕਾਰਨ ਪਿਆ ਸੀ। ਗੁਰੂ ਸਾਹਿਬਾਨ ਦੇ ਚਰਨਾਂ ਦੀ ਛੋਹ ਪਾ ਕੇ ਇਹ ਸਥਾਨ ਧਰਮ-ਕਰਮ ਦੀਆਂ ਗਤੀਵਿਧੀਆਂ ਦਾ ਗੜ੍ਹ ਬਣ ਗਿਆ। ਇੱਥੇ ਹੁਣ ਇਲਾਹੀ ਬਾਣੀ ਦੇ ਦਿਨ-ਰਾਤ ਗਾਇਨ ਹੋਣ ਲੱਗ ਪਏ। ਇਸ ਗਾਇਨ ਸਦਕਾ ਇਹ ਥਾਂ ਆਨੰਦ ਦਾ ਗੜ੍ਹ ਬਣ ਗਈ, ਜਿਸ ਨੂੰ ਅੱਜ ਵੀ ਆਨੰਦਪੁਰ ਸਾਹਿਬ ਕਹਿ ਕੇ ਸਤਿਕਾਰ ਦਿੱਤਾ ਜਾਂਦਾ ਹੈ। ਆਪਣੀਆਂ ਪ੍ਰਚਾਰ ਫੇਰੀਆਂ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਵੀ ਗਏ, ਉੱਥੇ ਹੀ ਉਨ੍ਹਾਂ ਨੇ ਕਰਮਕਾਂਡੀ ਜੀਵਨ ਨੂੰ ਤਿਆਗਣ ਅਤੇ ਪਰਮਾਤਮਾ ਦੇ ਨਾਂ ਨੂੰ ਵਿਆਜਣ ਦੀ ਪ੍ਰੇਰਣਾ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਈ ਨੂੰ ਨਿਰਭੈ ਰਹਿ ਕੇ ਅਣਖ, ਇੱਜ਼ਤ ਅਤੇ ਆਜ਼ਾਦੀ ਵਾਲਾ ਜੀਵਨ ਜਿਊੁਣ ਦਾ ਹੋਕਾ ਵੀ ਦਿੱਤਾ। ਉਨ੍ਹਾਂ ਦੀ ਸਮਝ ਵਿਚ ਗਿਆਨਵਾਨ ਪੁਰਖ ਉਹ ਹੁੰਦਾ ਹੈ ਜੋ ਨਾ ਤਾਂ ਕਿਸੇ ਤੋਂ ਡਰਦਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ:

ਭੈ ਕਾਹੂ ਕਉ ਦੇਤ ਨਾਹਿ ਨਾਹਿ ਭੈ ਮਾਨਤ ਆਨ।।

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ ।।

ਗੁਰੂ ਸਾਹਿਬ ਵੱਲੋਂ ਬੁਲੰਦ ਕੀਤਾ ਗਿਆ ਇਹ ਨਾਅਰਾ ਵਕਤ ਦੇ ਹਾਕਮ ਔਰੰਗਜ਼ੇਬ ਤਕ ਵੀ ਪਹੁੰਚ ਗਿਆ। ਮਨੁੱਖੀ ਆਜ਼ਾਦੀ ਦੀ ਤਰਜਮਾਨੀ ਕਰਨ ਵਾਲੀ ਇਹ ਆਵਾਜ਼ ਮੁਗਲ ਬਾਦਸ਼ਾਹ ਦੇ ਕੰਨਾਂ ਵਿਚ ਰੜਕਣ ਲੱਗੀ ਅਤੇ ਉਸ ਨੂੰ ਗੁਰੂ ਸਾਹਿਬ ਦੇ ਇਸ ਸਿਧਾਂਤ ਵਿਚੋਂ ਬਗਾਵਤ ਦੀ ਬੋਅ ਆਉਣ ਲੱਗੀ। ਸਿੱਟੇ ਵੱਜੋਂ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਲਈ ਆਲਮ ਖ਼ਾਨ ਨੂੰ ਭੇਜ ਦਿੱਤਾ। ਆਪਣੀ ਫ਼ੌਜ ਲੈ ਕੇ ਆਲਮ ਖ਼ਾਨ 8 ਨਵੰਬਰ 1665 ਨੂੰ ਧਮਤਾਣ ਆ ਗਿਆ ਅਤੇ ਕੁਝ ਮੁਖੀ ਸਿੱਖਾਂ/ਸੇਵਕਾਂ ਸਮੇਤ ਗੁਰੂ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਔਰੰਗਜ਼ੇਬ ਨੇ ਕਈ ਨਰਮ ਢੰਗ ਤਰੀਕਿਆਂ ਨਾਲ ਗੁਰੂ ਜੀ ਨੂੰ ਇਸਲਾਮ ਧਾਰਨ ਕਰਨ ਲਈ ਕਿਹਾ, ਪਰ ਗੁਰੂ ਸਾਹਿਬ ਦੇ ਦਲੀਲ ਪੂਰਵਕ ਜਵਾਬ ਅੱਗੇ ਉਸ ਦੀ ਕੋਈ ਪੇਸ਼ ਨਾ ਗਈ। ਰਾਜਾ ਜੈ ਸਿੰਘ ਜਿੱਥੇ ਗੁਰੂ ਦਰਬਾਰ ਪ੍ਰਤੀ ਆਪਣੇ ਪ੍ਰੇਮ ਦਾ ਪ੍ਰਗਟਾਵਾ ਕਰਦਾ ਰਹਿੰਦਾ ਸੀ, ਉੱਥੇ ਉਸ ਦੀ ਧਰਮ ਪਤਨੀ ਰਾਣੀ ਪੁਸ਼ਪਾ ਵੀ ਬਾਬੇ ਨਾਨਕ ਦੀ ਸੋਚ ਦੀ ਧਾਰਨੀ ਸੀ। ਇਸ ਪਰਿਵਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਕ ਮਹੀਨੇ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਔਰੰਗਜ਼ੇਬ ਇਕ ਕੱਟੜ ਸੁੰਨੀ ਮੁਸਲਮਾਨ ਸੀ। ਉਸ ਦੀ ਧਾਰਮਿਕ ਅਤੇ ਰਾਜਨੀਤਕ ਨੀਤੀ ‘ਤੇ ਨਕਸ਼ਬੰਦੀ ਸਿਲਸਿਲੇ ਦਾ ਬਹੁਤ ਗਹਿਰਾ ਪ੍ਰਭਾਵ ਸੀ, ਜਿਸ ਕਾਰਨ ਉਹ ਅਤਿ ਦਰਜੇ ਦਾ ਨਿਰਦਈ ਅਤੇ ਜਨੂੰਨੀ ਬਣ ਗਿਆ ਸੀ। ਉਹ ਡੰਡੇ ਦੇ ਡਰ ਨਾਲ ਇਸਲਾਮ ਦਾ ਬੋਲਬਾਲਾ ਕਰਨਾ ਚਾਹੁੰਦਾ ਸੀ। ਇਸ ਚਾਹਤ ਨੂੰ ਪੂਰਾ ਕਰਨ ਲਈ ਔਰੰਗਜ਼ੇਬ ਨੇ ਸਾਮ, ਦਾਮ ਅਤੇ ਦੰਡ ਦੀ ਵਰਤੋਂ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਸ ਨੇ ਹਿੰਦੂਆਂ ਉੱਤੇ ਜਜੀਆ ਆਦਿ ਟੈਕਸ ਲਗਾ ਦਿੱਤੇ ਅਤੇ ਉਨ੍ਹਾਂ ਉੱਤੇ ਜ਼ੁਲਮ ਢਾਹ ਕੇ ਉਨ੍ਹਾਂ ਨੂੰ ਮੁਸਲਮਾਨ ਬਣਨ ਲਈ ਮਜਬੂਰ ਕਰ ਦਿੱਤਾ। ਬਾਦਸ਼ਾਹ ਨੇ ਹਿੰਦੂ ਭਾਈਚਾਰੇ ਦੇ ਮਥੁਰਾ ਅਯੁੱਧਿਆ, ਕਾਸ਼ੀ ਅਤੇ ਬਨਾਰਸ ਆਦਿ ਸ਼ਹਿਰਾਂ ਵਿਚਲੇ ਕਈ ਪੂਜਣਯੋਗ ਮੰਦਰ ਵੀ ਢਹਿ-ਢੇਰੀ ਕਰ ਦਿੱਤੇ। ਇਸ ਦੇ ਨਾਲ ਕਈ ਪਾਠਸ਼ਾਲਾਵਾਂ ਵੀ ਖ਼ਤਮ ਕਰ ਦਿੱਤੀਆਂ। ਔਰੰਗਜ਼ੇਬ ਨੇ ਆਪਣੀ ਇਸ ਦਮਨਕਾਰੀ ਨੀਤੀ ਨੂੰ ਜਾਰੀ ਰੱਖਦਿਆਂ ਸਤੰਬਰ 1671 ਈ. ਵਿਚ ਇਫਤਿਖਾਰ ਖ਼ਾਨ ਨੂੰ ਸੂਬਾ ਕਸ਼ਮੀਰ ਦਾ ਸੂਬੇਦਾਰ ਨਿਯੁਕਤ ਕੀਤਾ। ਇਹ ਸੂਬੇਦਾਰ ਵੀ ਤੰਗਦਿਲ, ਕੱਟੜ ਜਨੂੰਨੀ ਅਤੇ ਬੇਰਹਿਮ ਸੁਭਾਅ ਦਾ ਮਾਲਕ ਸੀ। ਕੋਈ ਅਜਿਹਾ ਅੱਤਿਆਚਾਰ ਨਹੀਂ ਬਚਿਆ ਸੀ, ਜੋ ਕਸ਼ਮੀਰ ਦੇੇ ਸੂਬੇਦਾਰ ਨੇ ਕਸ਼ਮੀਰੀ ਪੰਡਿਤਾਂ ‘ਤੇ ਨਾ ਕੀਤਾ ਹੋਵੇ। ਇਸੇ ਸੂਬੇ ਵਿਚ ਕੁਝ ਵਿਦਵਾਨ ਬ੍ਰਾਹਮਣਾਂ ਦਾ ਵੀ ਵਸੇਬਾ ਸੀ, ਜੋ ਆਪਣੇ ਆਪ ਨੂੰ ਸਾਰੀ (ਹਿੰਦੂ) ਕੌਮ ਦੇ ਆਗੂ ਸਮਝਦੇ ਸਨ। ਇਨ੍ਹਾਂ ਦੀ ਇਸ ਸਮਝ ਦਾ ਲਾਹਾ ਕਸ਼ਮੀਰ ਦਾ ਰਾਜਪਾਲ ਇਹ ਸੋਚ ਕੇ ਲੈਣਾ ਚਾਹੁੰਦਾ ਸੀ ਕਿ ਜੇਕਰ ਇਹ (ਆਗੂ ਧਿਰ) ਮੁਸਲਮਾਨ ਬਣ ਜਾਵੇ ਤਾਂ ਬਾਕੀ ਹਿੰਦੂਆਂ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣਾ ਸਹਿਜ ਅਤੇ ਸੁਖਾਲਾ ਹੋ ਸਕਦਾ ਹੈ। ਕਸ਼ਮੀਰ ਦੇ ਹਿੰਦੂ ਵੀਰਾਂ ਨੂੰ ਧਾਰਮਿਕ ਤੌਰ ‘ਤੇ ਜ਼ਲੀਲ ਕਰਨ ਲਈ ਉਨ੍ਹਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਜਾਣ ਲੱਗੀ। ਜਨੇਊ ਤੋੜ ਦਿੱਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਨੂੰ ਗਾਂ ਦਾ ਮਾਸ ਵੀ ਜ਼ਬਰਦਸਤੀ ਖਾਣ ਲਈ ਦਿੱਤਾ ਗਿਆ। ਧਰਮ ਦੇ ਨਾਲ-ਨਾਲ ਧੀਆਂ-ਭੈਣਾਂ ਦੀ ਇੱਜ਼ਤ ਵੀ ਦਾਅ ‘ਤੇ ਲੱਗ ਗਈ। ਬਹੁਤ ਸਾਰੇ ਹਿੰਦੂ ਪਰਿਵਾਰਾਂ ਨੇ ਇਫਤਿਖਾਰ ਖ਼ਾਨ ਅੱਗੇ ਹਾਰ ਮੰਨ ਲਈ ਅਤੇ ਇਸਲਾਮ ਨੂੰ ਕਬੂਲ ਕਰ ਲਿਆ। ਸਿਰਫ਼ ਕੁਝ ਕੁ ਪਰਿਵਾਰ ਬਚੇ ਸਨ, ਜੋ ਕਿਸੇ ਚਮਤਕਾਰ ਦੀ ਆਸ ਲਗਾਈ ਬੈਠੇ ਸਨ। ਜਦੋਂ ਚਮਤਕਾਰੀ ਸ਼ਕਤੀਆਂ ਵੀ ਨਾ ਬਹੁੜੀਆਂ ਤਾਂ ਉਨ੍ਹਾਂ ਪਰਿਵਾਰਾਂ ਦੀ ਫ਼ਿਕਰਮੰਦੀ ਵੀ ਵਧਣ ਲੱਗੀ। ਇਸ ਫ਼ਿਕਰਮੰਦੀ ਨੂੰ ਘਟਾਉਣ ਲਈ ਭਾਵ ਆਪਣੇ ਡੁੱਬਦੇ ਧਰਮ ਨੂੰ ਬਚਾਉਣ ਲਈ ਇਨ੍ਹਾਂ ਪਰਿਵਾਰਾਂ ਦੇ ਮੋਹਤਬਰਾਂ ਨੇ ਕੁਝ ਸੋਚਣਾ ਆਰੰਭ ਕੀਤਾ। ਸੋਚਾਂ ਦੇ ਸਮੁੰਦਰਾਂ ਵਿਚ ਗੋਤੇ ਖਾਂਦਿਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਰਾਹ ਦਿਖਾਈ ਦੇਣ ਲੱਗਾ। ਕਸ਼ਮੀਰ ਦੇ ਪੰਡਿਤ ਇਹ ਗੱਲ ਭਲੀਭਾਂਤ ਸਮਝ ਚੁੱਕੇ ਸਨ ਕਿ ਇਨ੍ਹਾਂ ਅਤਿ ਸੰਕਟਮਈ ਹਾਲਤਾਂ ਵਿਚ ਸਾਡੀ ਬਾਂਹ ਕੇਵਲ ਸ੍ਰੀ ਆਨੰਦਪੁਰ ਸਾਹਿਬ ਦੇ ਵਾਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹੀ ਫੜ ਸਕਦੇ ਹਨ, ਕਿਉਂਕਿ ਗੁਰੂ ਸਾਹਿਬ ਨੇ ਆਪਣੇ ਪ੍ਰਚਾਰ ਦੌਰਿਆਂ ਦੌਰਾਨ ਸੰਗਤਾਂ ਨੂੰ ਨਾ ਕਿਸੇ ਤੋਂ ਡਰਨ ਅਤੇ ਨਾ ਹੀ ਡਰਾਉਣ ਦੀ ਗੱਲ ਕਹੀ ਸੀ ਅਤੇ ਨਿਰਾਸ਼ਾਜਨਕ ਸਥਿਤੀਆਂ ਨੂੰ ਚੜ੍ਹਦੀ ਕਲਾਂ ਵਿਚ ਬਦਲਣ ਦੇ ਭਰਪੂਰ ਯਤਨ ਕੀਤੇ ਸਨ। ਇਨ੍ਹਾਂ ਯਤਨਾਂ ਦੀ ਬਦੌਲਤ ਕਈ ਹਿੰਦੂ ਪਰਿਵਾਰ ਵੀ ਗੁਰੂ ਘਰ ਨਾਲ ਜੁੜ ਗਏ ਸਨ। ਕਸ਼ਮੀਰੀ ਪੰਡਿਤ ਬ੍ਰਹਮਦਾਸ ਦੇ ਖਾਨਦਾਨ ਵਿਚ ਇਕ ਪੰਡਤ ਕ੍ਰਿਪਾ ਰਾਮ ਪੈਦਾ ਹੋਇਆ, ਜੋ ਬਚਪਨ ਤੋਂ ਹੀ ਗੁਰੂ ਘਰ ਆਉਂਦਾ ਰਹਿੰਦਾ ਸੀ। 25 ਮਈ 1675 ਈ. ਨੂੰ ਉਹ 16 ਮੁਖੀ ਪੰਡਿਤਾਂ ਨੂੰ ਨਾਲ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਿਆ। ਦੁਖੀ ਮਨ ਨਾਲ ਕਸ਼ਮੀਰੀ ਪੰਡਿਤਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਆਪਣੇ ਨਾਲ ਹੁੰਦੀਆਂ ਵਧੀਕੀਆਂ ਦੀ ਦਰਦ ਕਹਾਣੀ ਸੁਣਾਈ ਅਤੇ ਸਰਕਾਰੀ ਅੱਤਿਆਚਾਰ ਤੋਂ ਬਚਾਉਣ ਦੀ ਬੇਨਤੀ ਕੀਤੀ। ਕਸ਼ਮੀਰੀ ਪੰਡਿਤਾਂ ਦੀ ਦਰਦਨਾਕ ਵਿਥਿਆ ਸੁਣ ਕੇ ਦਰਬਾਰ ਵਿਚ ਜੁੜ ਬੈਠੀਆਂ ਸੰਗਤਾਂ ਦੇ ਵੀ ਦਿਲ ਪਸੀਜ ਗਏ। ਬਾਲ ਗੋਬਿੰਦ ਰਾਏ ਜੀ ਜਿਨ੍ਹਾਂ ਦੀ ਉਮਰ ਉਸ ਸਮੇਂ 9 ਕੁ ਸਾਲ ਦੀ ਸੀ, ਗੁਰੂ ਪਿਤਾ ਜੀ ਕੋਲ ਆਏ ਅਤੇ ਉਦਾਸੀ ਭਰੇ ਮਾਹੌਲ ਦਾ ਕਾਰਨ ਪੁੱਛਣ ਲੱਗੇ। ਗੁਰੂ ਜੀ ਨੇ ਆਪਣੇ ਲਾਲ ਨੂੰ ਜਿੱਥੇ ਕਸ਼ਮੀਰੀ ਪੰਡਿਤਾਂ ਦੀ ਦਰਦਨਾਕ ਦਾਸਤਾਨ ਸੁਣਾਈ, ਉੱਥੇ ਨਾਲ ਹੀ ਕਹਿ ਦਿੱਤਾ ਕਿ ਇਸ ਦਰਦ ਨੂੰ ਦੂਰ ਕਰਨ ਲਈ ਪਵਿੱਤਰ ਆਤਮਾ ਦੀ ਕੁਰਬਾਨੀ ਦੀ ਲੋੜ ਹੈ, ਜੋ ਜ਼ਾਲਮਾਂ ਦਾ ਮਨ ਬਦਲ ਦੇਵੇ। ਬਾਲ ਗੋਬਿੰਦ ਰਾਏ ਜੀ ਦੇ ਮੁਖਾਰਬਿੰਦ ਵਿਚੋਂ ਸੁਭਾਵਿਕ ਹੀ ਨਿਕਲਿਆ ਕਿ ਉਹ ਪਵਿੱਤਰ ਅਤੇ ਪੂਰਨ ਆਤਮਾ ਆਪ ਜੀ ਤੋਂ ਬਗੈਰ ਹੋਰ ਕੌਣ ਹੋ ਸਕਦੀ ਹੈ। ਸਾਹਿਬਜ਼ਾਦੇ ਦਾ ਜਵਾਬ ਸੁਣ ਕੇ ਸਾਰੀ ਸੰਗਤ ਵਿਚ ਹੈਰਾਨੀ ਛਾ ਗਈ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਫਰਜੰਦ ਦੀ ਰਾਏ ਨਾਲ ਪ੍ਰਸੰਨ ਹੋ ਗਏ। ਉਨ੍ਹਾਂ ਨੇ ਗੋਬਿੰਦ ਰਾਏ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਅਤੇ ਬੋਲੇ ਕਿ ਲਾਲ ਜੀ ਤੁਸਾਂ ਦੀ ਗੱਲ ਸੁਣ ਕੇ ਮੇਰੀ ਚਿੰਤਾ ਦੂਰ ਹੋ ਗਈ ਹੈ। ਮੇਰੀ ਸ਼ਹਾਦਤ ਤੋਂ ਬਾਅਦ ਤੁਸੀਂ ਕੌਮ ਨੂੰ ਸਹੀ ਅਤੇ ਸੁਚੱਜੀ ਅਗਵਾਈ ਦੇਣ ਦੇ ਸਮਰੱਥ ਹੋ। ਬਾਲ ਗੋਬਿੰਦ ਰਾਏ ਦੇ ਸੰਤੋਖਜਨਕ ਜਵਾਬ ਅਤੇ ਦੂਰਦਰਸ਼ਕ ਦ੍ਰਿਸ਼ਟੀਕੋਣ ਸਦਕਾ ਨੌਵੇਂ ਗੁਰੂ ਨੇ ਪੰਡਿਤ ਕ੍ਰਿਪਾ ਰਾਮ ਨੂੰ ਆਖ ਦਿੱਤਾ ਕਿ ਔਰੰਗਜ਼ੇਬ ਤਕ ਮੇਰਾ ਇਹ ਸੰਦੇਸ਼ ਪਹੁੰਚਾ ਦਿਓ ਕਿ ਜੇਕਰ ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਸਲਮਾਨ ਬਣਾ ਲਵੇ ਤਾਂ ਦੇਸ਼ ਦੇ ਸਾਰੇ ਹਿੰਦੂ ਆਪਣੇ-ਆਪ ਹੀ ਇਸਲਾਮ ਨੂੰ ਕਬੂਲ ਕਰ ਲੈਣਗੇ। ਗੁਰੂ ਸਾਹਿਬ ਦੇ ਇਸ ਦਲੇਰਾਨਾ ਐਲਾਨ ਸਦਕਾ ਕਸ਼ਮੀਰੀ ਪੰਡਿਤਾਂ ਦੀ ਜਾਨ ਵਿਚ ਜਾਨ ਆ ਗਈ। ਉਨ੍ਹਾਂ ਨੂੰ ਪੱਕਾ ਯਕੀਨ ਹੋ ਗਿਆ ਕਿ ਉਨ੍ਹਾਂ ਦਾ ਧਰਮ ਹੁਣ ਡੁੱਬਣ ਤੋਂ ਬਚ ਜਾਵੇਗਾ। ਹੌਸਲੇ ਵਿਚ ਆਏ ਕਸ਼ਮੀਰੀ ਪੰਡਿਤ ਸ੍ਰੀ ਆਨੰਦਪੁਰ ਸਾਹਿਬ ਤੋਂ ਚਾਲੇ ਪਾ ਗਏ। 8 ਜੁਲਾਈ 1675 ਈ. ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਸਮੇਂ ਦੀ ਗੰਭੀਰਤਾ ਤੋਂ ਗਿਆਤ ਕਰਵਾ ਦਿੱਤਾ। ਸੰਗਤਾਂ ਨੂੰ ਅਣਖ, ਇੱਜ਼ਤ ਅਤੇ ਸਵੈਮਾਣ ਦਾ ਜੀਵਨ ਜਿਊੁਣ ਦਾ ਉਪਦੇਸ਼ ਦੇ ਕੇ ਗੁਰੂ ਸਾਹਿਬ ਆਪਣੇ ਸਾਥੀਆਂ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਇੱਧਰ ਗੁਰੂ ਸਾਹਿਬ ਦੀ ਵੰਗਾਰ ਦਿੱਲੀ ਦੇ ਹਾਕਮ ਔਰੰਗਜ਼ੇਬ ਤਕ ਵੀ ਪਹੁੰਚ ਗਈ। ਬਾਦਸ਼ਾਹ ਕੱਟੜ ਧਾਰਮਿਕ ਇਰਾਦੇ ਦਾ ਮਾਲਕ ਸੀ। ਉਸ ਨੇ ਗੁਰੂ ਸਾਹਿਬ ਵੱਲੋਂ ਕਸ਼ਮੀਰੀ ਪੰਡਿਤਾਂ ਪ੍ਰਤੀ ਦਿਖਾਈ ਹਮਦਰਦੀ ਨੂੰ ਆਪਣੇ ਮਨੋਰਥ ਦੀ ਸਿੱਧੀ ਵਿਚ ਰੁਕਾਵਟ ਸਮਝ ਲਿਆ ਅਤੇ ਹਸਨ-ਅਬਦਾਲ ਤੋਂ ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਤਿੰਨ ਸਿੱਖਾਂ ਨੂੰ ਗ੍ਰਿਫ਼ਤਾਰ ਕਰਕੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਪੁਲੀਸ ਦਸਤੇ ਦੀ ਨਿਗਰਾਨੀ ਹੇਠ ਸਰਹਿੰਦ ਦੇ ਸੂਬੇਦਾਰ ਦੇ ਹਵਾਲੇ ਕਰ ਦਿੱਤਾ। ਕੁਝ ਦਿਨਾਂ ਬਾਅਦ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਬੱਸੀ ਪਠਾਣਾਂ ਦੀ ਕੇਂਦਰੀ ਜੇਲ੍ਹ ਵਿਚ ਕੈਦ ਕਰ ਦਿੱਤਾ। ਇਸ ਜੇਲ੍ਹ ਵਿਚ ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਸਾਥੀ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤਕ ਰਹੇ। ਗੁਰੂ ਜੀ ਦੀ ਕੈਦ ਦੀ ਕਨਸੋਅ ਹਸਨ-ਅਬਦਾਲ ਵਿਚ ਔਰੰਗਜ਼ੇਬ ਤਕ ਵੀ ਪਹੁੰਚ ਗਈ।

4 ਨਵੰਬਰ 1675 ਈ. ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੂਬੇਦਾਰ ਸਾਫੀਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਸ ਨੇ ਗੁਰੂ ਸਾਹਿਬ ਪ੍ਰਤੀ ਨਰਮ ਰਵੱਈਆ ਧਾਰਨ ਕਰਦਿਆਂ ਗੁਰੂ ਜੀ ਨੂੰ ਕੋਈ ਕਰਾਮਾਤ ਕਰਨ ਲਈ ਕਿਹਾ, ਪਰ ਗੁਰੂ ਜੀ ਨੇ ਕਿਹਾ ਕਿ ਕਰਾਮਾਤ ਦਾ ਪਰਮੇਸ਼ਰ ਦੀ ਭਗਤੀ ਨਾਲ ਕੋਈ ਸਬੰਧ ਨਹੀਂ, ਇਹ ਤਾਂ ਕੇਵਲ ਮਨੁੱਖੀ ਹਉਮੈ ਦਾ ਹੀ ਪ੍ਰਗਟਾਵਾ ਹੈ। 5 ਨਵੰਬਰ ਨੂੰ ਗੁਰੂ ਸਾਹਿਬ ਨੂੰ ਫਿਰ ਕਰਾਮਾਤ ਵਿਖਾਉਣ ਜਾਂ ਇਸਲਾਮੀ ਮਤ ਨੂੰ ਗ੍ਰਹਿਣ ਕਰਨ ਲਈ ਕਿਹਾ ਗਿਆ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਮੁੜ ਇਸ ਤਜਵੀਜ਼ ਨੂੰ ਠੁਕਰਾ ਦਿੱਤਾ। 6 ਨਵੰਬਰ ਵਾਲੇ ਦਿਨ ਕਾਜ਼ੀ ਕੋਤਵਾਲੀ ਆ ਧਮਕਿਆ। ਉਸ ਨੇ ਦਰੋਗੇ ਨੂੰ ਗੁਰੂ ਸਾਹਿਬ ਨੂੰ ਖੌਫ਼ਨਾਕ ਤਸੀਹੇ ਦੇਣ ਦੀ ਸਲਾਹ ਦਿੱਤੀ ਤਾਂ ਜੋ ਉਹ ਆਪਣੀ ਹਾਰ ਮੰਨ ਕੇ ਇਸਲਾਮੀ ਕਦਰਾਂ-ਕੀਮਤਾਂ ਨੂੰ ਅਪਣਾ ਲੈਣ। ਕਾਜ਼ੀ ਦੇ ਹੁਕਮ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਦਰੋਗੇ ਨੇ ਲਗਾਤਾਰ ਤਿੰਨ ਦਿਨ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਗੁਰੂੂ ਸਾਹਿਬ ਨੂੰ ਈਨ ਮਨਾਉਣ ਦੀ ਕੋਸ਼ਿਸ਼ ਕੀਤੀ। ਨਵੰਬਰ ਦੇ ਦਸਵੇਂ ਦਿਨ ਤਾਂ ਮੁਗਲੀਆ ਹਕੂਮਤ ਦੇ ਤਸ਼ੱਦਦ ਵਾਲੀ ਹੱਦ ਹੀ ਹੋ ਗਈ। ਇਸ ਦਿਨ ਗੁਰੂ ਸਾਹਿਬ ਨੂੰ ਤੱਤੇ ਥੰਮ੍ਹ ਨਾਲ ਲਗਾਇਆ ਗਿਆ। ਅਡੋਲ ਚਿੱਤ ਸਤਿਗੁਰਾਂ ਨੇ ਹਕੂਮਤੀ ਜ਼ਬਰ ਨੂੰ ਅਕਾਲ-ਪੁਰਖ ਦੇ ਭਾਣੇ ਵਜੋਂ ਖਿੜੇ ਮੱਥੇ ਪ੍ਰਵਾਨ ਕਰ ਲਿਆ ਜਿਸ ਕਾਰਨ ਭਿਆਨਕ ਤੋਂ ਭਿਆਨਕ ਤਸੀਹੇ ਦੇ ਕੇ ਵੀ ਕਾਜ਼ੀ ਦੀ ਕੋਈ ਪੇਸ਼ ਨਹੀਂ ਚੱਲ ਸਕੀ। ਥੱਕ-ਹਾਰ ਕੇ ਉਸ ਨੇ ਇਕ ਹੋਰ ਘਟੀਆ ਪੈਂਤੜਾ ਵਰਤੋਂ ਵਿਚ ਲਿਆਂਦਾ ਜਿਸ ਤਹਿਤ ਉਸ ਨੇ ਗੁਰੂ ਘਰ ਦੇ ਤਿੰਨ ਸਿਦਕੀ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਘੋਰ ਤਸੀਹੇ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਅੱਖਾਂ ਸਾਹਮਣੇ ਸ਼ਹੀਦ ਕਰ ਦਿੱਤਾ। 11 ਨਵੰਬਰ 1675 ਈ. ਨੂੰ ਵੀਰਵਾਰ ਵਾਲੇ ਦਿਨ ਗੁਰੂ ਸਾਹਿਬ ਨੂੰ ਕੋਤਵਾਲੀ ਵਿਚੋਂ ਬਾਹਰ ਕੱਢਿਆ ਗਿਆ। ਜੇਕਰ ਗੁਰੂ ਸਾਹਿਬ ਦੇ ਸਿੱਖ ਇਨ੍ਹਾਂ ਖੌਫ਼ਨਾਕ ਤਸੀਹਿਆਂ ਅੱਗੇ ਨਹੀਂ ਝੁਕ ਸਕੇ ਤਾਂ ਗੁਰੂ ਸਾਹਿਬ ਦੇ ਝੁਕਣ ਦੀ ਕੋਈ ਉਮੀਦ ਕਰਨੀ ਕਾਜ਼ੀ ਅਬਦੁੁਲ ਵਹਾਬ ਲਈ ਮੂਰਖਤਾ ਦੀ ਨਿਆਂਈ ਹੀ ਕਹੀ ਜਾ ਸਕਦੀ ਸੀ। ਝੁੰਝਲਾਹਟ ਵਿਚ ਆ ਕੇ ਇਸ ਕਾਜ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਧੜ ਤੋਂ ਤਲਵਾਰ ਨਾਲ ਅਲੱਗ ਕਰ ਦੇਣ ਦਾ ਫ਼ਤਵਾ ਜਾਰੀ ਕਰ ਦਿੱਤਾ। ਕਾਜੀ ਅਬਦੁਲ ਵਹਾਬ ਵੁਹਰਾ ਦੇ ਫ਼ਤਵੇ ਮੁਤਾਬਕ ਚਾਂਦਨੀ ਚੌਕ ਦੇ ਕੋਤਵਾਲੀ ਵਾਲੇੇ ਬੋਹੜ ਹੇਠਾਂ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਅਮਲ ਆਰੰਭ ਕਰ ਦਿੱਤਾ। ਸਮਾਣਾ ਦੇ ਰਹਿਣ ਵਾਲੇ ਜੱਲਾਦ ਜਲਾਲੁੱਦੀਨ ਨੇ ਕਾਜ਼ੀ ਦਾ ਸੰਕੇਤ ਪਾ ਕੇ ਤਲਵਾਰ ਦੇ ਜ਼ੋਰਦਾਰ ਵਾਰ ਨਾਲ ਗੁਰੂ ਸਾਹਿਬ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਉਸ ਵਕਤ ਗੁਰੂ ਸਾਹਿਬ ਜਪੁਜੀ ਸਾਹਿਬ ਜੀ ਦਾ ਪਾਠ ਕਰ ਰਹੇ ਸਨ। ਮਨੁੱਖਤਾ ਦੇ ਇਤਿਹਾਸ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੂੰ ਇਕ ਅਦੁੱਤੀ ਸ਼ਹੀਦੀ ਵਜੋਂ ਪ੍ਰਵਾਨ ਕੀਤਾ ਜਾਂਦਾ ਹੈ ਕਿਉਂਕਿ ਇਹ ਸ਼ਹਾਦਤ ਕੱਟੜਵਾਦੀ ਕਦਰਾਂ-ਕੀਮਤਾਂ ਨੂੰ ਨਜ਼ਰਅੰਦਾਜ਼ ਕਰਕੇ ਧਾਰਮਿਕ ਸੁਤੰਤਰਤਾ ਅਤੇ ਮਨੁੱਖੀ ਹੱਕਾਂ ਦੀ ਬਰਾਬਰੀ ਹਿੱਤ ਦਿੱਤੀ ਗਈ। ਜਿਸ ਦੀ ਮਿਸਾਲ ਦੁਨੀਆਂ ਦੇ ਇਤਿਹਾਸ ਵਿਚ ਨਾ ਦੇ ਬਰਾਬਰ ਹੀ ਮਿਲਦੀ ਹੈ।
ਸੰਪਰਕ: 94631-32719

News Source link