ਮੁੱਖ ਅੰਸ਼

  • ਸ਼ੋਪੀਆਂ ਤੇ ਅਨੰਤਨਾਗ ਜ਼ਿਲ੍ਹਿਆਂ ‘ਚ ਹੋਏ ਮੁਕਾਬਲੇ
  • ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਵਧ ਕੇ ਪੰਜ ਹੋਈ

ਸ੍ਰੀਨਗਰ, 11 ਅਪਰੈਲ

ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਨਾਲ ਰਾਤ ਭਰ ਚੱਲੇ ਦੋ ਮੁਕਾਬਲਿਆਂ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ, ਜਿਨ੍ਹਾਂ ਵਿੱਚ ਜ਼ਿਲ੍ਹਾ ਅਨੰਤਨਾਗ ਦੇ ਬਿਜਬਹੇੜਾ ਵਿੱਚ ਸ਼ੁੱਕਰਵਾਰ ਨੂੰ ਇੱਕ ਜਵਾਨ ਦੀ ਹੱਤਿਆ ਲਈ ਜ਼ਿੰਮੇਵਾਰ ਦਹਿਸ਼ਤਗਰਦ ਵੀ ਸ਼ਾਮਲ ਹੈ। ਪੁਲੀਸ ਨੇ ਅੱਜ ਦੱਸਿਆ ਕਿ ਸ਼ੋਪੀਆਂ ਅਤੇ ਅਨੰਤਨਾਗ ਜ਼ਿਲ੍ਹਿਆਂ ‘ਚ ਹੋਏ ਦੋਵੇਂ ਮੁਕਾਬਲਿਆਂ ‘ਚ ਮਾਰੇ ਗਏ ਦਹਿਸ਼ਤਗਰਦਾਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ। ਇਨ੍ਹਾਂ ਵਿੱਚ ਸ਼ਨਿਚਾਰਵਾਰ ਦੇਰ ਰਾਤ ਮਾਰਿਆ ਇੱਕ ਅਣਪਛਾਤਾ ਦਹਿਸ਼ਤਗਰਦ ਵੀ ਸ਼ਾਮਲ ਹੈ। ਪੁਲੀਸ ਮੁਤਾਬਕ ਤੌਸੀਫ ਅਹਿਮਦ ਭੱਟ ਅਤੇ ਆਮਿਰ ਹੁਸੈਨ ਗਨੀ, ਜੋ ਕਿ ਦੋਵੇਂ ਬਿਜਬਹੇੜਾ ਦੇ ਰਹਿਣ ਵਾਲੇ ਅਤੇ ਦਹਿਸ਼ਤਗਰਦ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਸਨ, ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਅਧੀਨ ਪੈਂਦੇ ਬਿਜਬਹੇੜਾ ਦੇ ਸੇਮਥਾਨ ‘ਚ ਮੁਕਾਬਲੇ ਦੌਰਾਨ ਮਾਰੇ ਗਏ। ਉਨ੍ਹਾਂ ਵੱਲੋਂ ਆਤਮਸਮਰਪਣ ਤੋਂ ਨਾਂਹ ਕਰ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਹ ਦੋੋਵੇਂ ਦਹਿਸ਼ਤਗਰਦੀ ਨਾਲ ਸਬੰਧਤ ਕਈ ਜੁਰਮਾਂ, ਜਿਨ੍ਹਾਂ ਵਿੱਚ ਸ਼ੁੱਕਰਵਾਰ ਨੂੰ ਗੋਰੀਵਨ ਬਿਜਬਹੇੜਾ ‘ਚ ਛੁੱਟੀ ‘ਤੇ ਚੱਲ ਰਹੇ ਜਵਾਨ ਮੁਹੰਮਦ ਸਲੀਮ ਅਖੂਨ ਦੀ ਕੀਤੀ ਗਈ ਹੱਤਿਆ ਵੀ ਸ਼ਾਮਲ ਹੈ, ਵਿੱਚ ਲੋੜੀਂਦੇ ਸਨ। ਉਹ ਸੀਆਰਪੀਐੱਫ ਦੀ ਇਕ ਟੁਕੜੀ ‘ਤੇ ਹਮਲੇ ‘ਚ ਵੀ ਲੋੜੀਂਦੇ ਸਨ। ਇਹ ਦਹਿਸ਼ਤਗਰਦ ਇਲਾਕੇ ਵਿੱਚ ਲੋਕਾਂ ਨੂੰ ਧਮਕਾਉਣ ਅਤੇ ਨੌਜਵਾਨਾਂ ਨੂੰ ਦਹਿਸ਼ਤਗਰਦ ਗੁੱਟਾਂ ‘ਚ ਸ਼ਾਮਲ ਹੋਣ ਲਈ ਪ੍ਰੇਰਣ ਦੀਆਂ ਸਰਗਰਮੀਆਂ ਵਿੱਚ ਵੀ ਸ਼ਾਮਲ ਸਨ। ਪੁਲੀਸ ਰਿਕਾਰਡ ਮੁਤਾਬਕ ਭੱਟ 2017 ਤੋਂ ਸਰਗਰਮ ਸੀ ਅਤੇ ਗਨੀ 2018 ‘ਚ ਦਹਿਸ਼ਤਗਰਦਾਂ ‘ਚ ਸ਼ਾਮਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਦਹਿਸ਼ਤਗਰਦਾਂ ਦੇ ਲੁਕੇ ਹੋਣ ਦੀ ਸੂਹ ਮਿਲਣ ‘ਤੇ ਸੁਰੱਖਿਆ ਬਲਾਂ ਵੱਲੋਂ ਉਕਤ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਏ ਜਾਣ ਦੌਰਾਨ ਇਹ ਮੁਕਾਬਲਾ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਵੀ ਚੱਲਦਾ ਰਿਹਾ ਅਤੇ ਦੋ ਦਹਿਸ਼ਤਗਰਦ ਮਾਰੇ ਗਏ।

ਪੁਲੀਸ ਮੁਤਾਬਕ ਸ਼ੋਪੀਆਂ ਮੁਕਾਬਲੇ ‘ਚ ਮਾਰੇ ਗੲੇ ਦਹਿਸ਼ਤਗਰਦਾਂ ਵਿੱਚੋਂ ਇੱਕ ਹਾਲ ‘ਚ ਦਹਿਸ਼ਤਗਰਦਾਂ ‘ਚ ਸ਼ਾਮਲ ਹੋਇਆ ਸੀ ਅਤੇ ਸੁਰੱਖਿਆ ਬਲਾਂ ਵੱਲੋਂ ਉਸ ਨੂੰ ਆਤਮਸਮਰਪਣ ਕਰਵਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਆਈਜੀਪੀ ਵਿਜੈ ਕੁਮਾਰ ਨੇ ਦੱਸਿਆ, ‘ਮਾਪਿਆਂ ਵੱਲੋਂ ਵੀ ਉਸ ਨੂੰ ਅਪੀਲਾਂ ਕੀਤੀਆਂ ਗਈਆਂ ਪਰ ਬਾਕੀ ਦਹਿਸ਼ਤਗਰਦਾਂ ਨੇ ਉਸ ਨੂੰ ਆਤਮਸਮਰਪਣ ਨਾ ਕਰਨ ਦਿੱਤਾ।’ ਮਾਰੇ ਗਏ ਦੋ ਦਹਿਸ਼ਤਗਰਦਾਂ ਦੀ ਪਛਾਣ ਆਸਿਫ਼ ਅਹਿਮਦ ਗਨੀ ਅਤੇ ਫ਼ੈਸਲ ਗੁਲਜ਼ਾਰ ਗਨੀ, ਦੋਵੇਂ ਵਾਸੀ ਚਿੱਤਰਗਾਮ ਕਲਾਂ ਵਜੋਂ ਹੋਈ ਹੈ ਜਦਕਿ ਤੀਜੇ ਦੀ ਪਛਾਣ ਹਾਲੇ ਨਹੀਂ ਹੋ ਸਕੀ। ਪੁਲੀਸ ਮੁਤਾਬਕ ਫ਼ੈਸਲ ਨਾਬਾਲਗ ਸੀ ਅਤੇ ਥੋੜ੍ਹਾ ਸਮਾਂ ਪਹਿਲਾਂ ਹੀ ਦਹਿਸ਼ਤਗਰਦਾਂ ‘ਚ ਸ਼ਾਮਲ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਉਕਤ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ

ਦਹਿਸ਼ਤਗਰਦਾਂ ਵੱਲੋਂ ਵਿਅਕਤੀ ਦੀ ਹੱਤਿਆ

ਸ੍ਰੀਨਗਰ: ਜੰਮੂੁ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ‘ਚ ਅੱਜ ਦਹਿਸ਼ਤਗਰਦਾਂ ਨੇ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਹਿਸ਼ਤਗਰਦਾਂ ਵੱਲੋਂ ਕੇਂਦਰੀ ਕਸ਼ਮੀਰ ਜ਼ਿਲ੍ਹੇ ਦੇ ਮਾਗਮ ਇਲਾਕੇ ਅਧੀਨ ਪੈਂਦੇ ਬੁੱਚੀਪੋਰਾ ‘ਚ ਨਾਸਿਰ ਖ਼ਾਨ ਨੂੰ ਉਸ ਦੀ ਰਿਹਾਇਸ਼ ਨੇੜੇ ਗੋਲੀ ਮਾਰੀ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਨਾਸਿਰ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਪੁਲੀਸ ਮੁਤਾਬਕ ਇਲਾਕੇ ਨੂੰ ਘੇਰਾ ਪਾ ਕੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ

News Source link