ਸੇਂਟ ਲੂਈਸ, 5 ਅਪਰੈਲ

ਅਮਰੀਕਾ ਦੇ ਸੇਂਟ ਲੂਈਸ ਦੇ ‘ਸਿਟੀ ਜਸਟਿਸ ਸੈਂਟਰ’ ਵਿੱਚ ਕੈਦੀਆਂ ਨੇ ਐਤਵਾਰ ਨੂੰ ਜੇਲ੍ਹ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਅੱਗ ਲਗਾ ਦਿੱਤੀ। ਉਨ੍ਹਾਂ ਨੇ ਜੇਲ੍ਹ ‘ਚ ਮਲਬਾ ਖਿਲਾਰਦਿਆਂ ਦੰਗਾ ਵੀ ਕੀਤਾ।

ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ‘ਸਿਟੀ ਜਸਟਿਸ ਸੈਂਟਰ’ ਵਿੱਚ ਐਤਵਾਰ ਰਾਤ 9 ਵਜੇ ਦੰਗਾ ਸ਼ੁਰੂ ਹੋਇਆ। ਕੈਦੀ ਟੁੱਟੀਆਂ ਹੋਈਆਂ ਖਿੜਕੀਆਂ ਵਿੱਚੋਂ ਸਾਮਾਨ ਬਾਹਰ ਸੁੱਟਦੇ ਅਤੇ ਅੱਗ ਲਗਾਉਂਦੇ ਹੋਏ ਦਿਖਾਈ ਦਿੱਤੇ। ਫਾਇਰ ਬ੍ਰਿਗੇਡ ਦੇ ਅਮਲੇ ਨੇ ਪਾਈਪ ਦੀ ਵਰਤੋਂ ਨਾਲ ਅੱਗ ਬੁਝਾਈ।

ਰਿਪੋਰਟਾਂ ਮੁਤਾਬਕ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਮੁਲਾਜ਼ਮ ਸਥਿਤੀ ‘ਤੇ ਕਾਬੂ ਪਾਉਣ ਲਈ ਮੌਕੇ ‘ਤੇ ਪਹੁੰਚੇ। ਕੈਦੀਆਂ ਵੱਲੋਂ ਤੋੜੀਆਂ ਗਈਆਂ ਖਿੜਕੀਆਂ ਦੇ ਮਲਬੇ ਨੂੰ ਰਾਤ ਲੱਗਪਗ 10.30 ਵਜੇ ਪਿੱਛੇ ਹਟਾਇਆ ਗਿਆ। ਇਸੇ ਦੌਰਾਨ ਕਰੀਬ 11 ਵਜੇ ਕੈਦੀਆਂ ਨੇ ਦੂਜੇ ਪਾਸੇ ਤੋਂ ਖਿੜਕੀਆਂ ਤੋੜ ਕੇ ਅੰਦਰੋਂ ਚੀਜ਼ਾਂ ਬਾਹਰ ਸੁੱਟਣੀਆਂ ਸ਼ੁਰੂੂ ਕਰ ਦਿੱਤੀਆਂ। ਇਸ ਤੋਂ ਕਰੀਬ ਅੱਧਾ ਘੰਟਾ ਬਾਅਦ ਕੈਦੀਆਂ ਨੂੰ ਉੱਥੋਂ ਹਟਾਇਆ ਗਿਆ। ਘਟਨਾ ਦੌਰਾਨ ਹਾਲੇ ਤੱਕ ਕਿਸੇ ਦੇ ਵੀ ਜ਼ਖ਼ਮੀ ਹੋਣ ਖ਼ਬਰ ਨਹੀਂ ਮਿਲੀ। ਇਸ ਦੰਗੇ ਦੌਰਾਨ ਕੁਝ ਕੈਦੀ ਆਪਣੇ ਖ਼ਿਲਾਫ਼ ਅਦਾਲਤ ‘ਚ ਲਟਕੇ ਮਾਮਲਿਆਂ ਦੀ ਸੁਣਵਾਈ ਦੀ ਮੰਗ ਕਰ ਰਹੇ ਸਨ ਜਿਨ੍ਹਾਂ ਦੀ ਸੁਣਵਾਈ ਕਰੋਨਾਵਾਇਰਸ ਕਰਕੇ ਨਹੀਂ ਹੋ ਰਹੀ।

ਅਧਿਕਾਰੀਆਂ ਨੇ ਦੱਸਿਆ ਕਿ ਕੈਦੀ ਜੇਲ੍ਹ ਦੇ ਅੰਦਰੂਨੀ ਹਾਲਾਤ ਨੂੰ ਲੈ ਕੇ ਨਾਰਾਜ਼ ਅਤੇ ਕਰੋਨਾ ਕਾਰਨ ਉਪਜੀ ਸਥਿਤੀ ਤੋਂ ਵੀ ਚਿੰਤਤ ਹਨ। ਜੇਲ੍ਹ ਨਾਲ ਜੁੜੇ ਮਾਮਲਿਆਂ ਦਾ ਨਿਬੇੜਾ ਕਰਨ ਲਈ ਇੱਕ ਟਾਸਕ ਫੋਰਸ ਕਾਇਮ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 6 ਫਰਵਰੀ ਨੂੰ ਵੀ ਹੋਏ ਦੰਗੇ ‘ਚ ਸ਼ਾਮਲ ਲੱਗਪਗ 100 ਕੈਦੀਆਂ ਅਤੇ ਇੱਕ ਅਧਿਕਾਰੀ ਨੂੰ ਹਸਪਤਾਲ ਲਿਜਾਣਾ ਪਿਆ ਸੀ। -ਏਪੀ

News Source link