ਇਸਲਾਮਾਬਾਦ, 3 ਅਪਰੈਲ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਤੋਂ ਕਪਾਹ ਤੇ ਖੰਡ ਦੀ ਦਰਾਮਦ ਦੇ ਮੁੱਦੇ ‘ਤੇ ਆਪਣੀ ਕੈਬਨਿਟ ਦੇ ਅਹਿਮ ਮੈਂਬਰਾਂ ਨਾਲ ਵਿਚਾਰ ਚਰਚਾ ਤੋਂ ਬਾਅਦ ਫ਼ੈਸਲਾ ਕੀਤਾ ਹੈ ਕਿ ਮੌਜੂਦਾ ਹਾਲਾਤ ‘ਚ ਗੁਆਂਢੀ ਮੁਲਕ ਨਾਲ ਕਿਸੇ ਵੀ ਤਰ੍ਹਾਂ ਦਾ ਕਾਰੋਬਾਰ ਅੱਗੇ ਨਹੀਂ ਵਧਾਇਆ ਜਾ ਸਕਦਾ।

ਮੀਡੀਆ ‘ਚ ਅੱਜ ਇਸ ਸਬੰਧੀ ਆਈਆਂ ਖ਼ਬਰਾਂ ‘ਚ ਇਸ ਬਾਰੇ ਦੱਸਿਆ ਗਿਆ ਹੈ। ‘ਡਾਅਨ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਬੀਤੇ ਦਿਨ ਵਿਚਾਰ ਚਰਚਾ ਤੋਂ ਬਾਅਦ ਵਣਜ ਮੰਤਰਾਲੇ ਅਤੇ ਆਪਣੀ ਵਿੱਤੀ ਟੀਮ ਨੂੰ ਬਦਲਵੇਂ ਸਸਤੇ ਸਰੋਤ ਤੇ ਜ਼ਰੂਰੀ ਵਸਤਾਂ ਦੀ ਦਰਾਮਦ ਕਰਕੇ ਸਬੰਧਤ ਸੈਕਟਰ, ਕੱਪੜਾ ਤੇ ਖੰਡ ਉਦਯੋਗ ਨੂੰ ਮਦਦ ਲਈ ਫੌਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਖ਼ਬਰ ਅਨੁਸਾਰ ਵਿੱਤੀ ਤਾਲਮੇਲ ਕਮੇਟੀ (ਈਸੀਸੀ) ਦੇ ਸਾਹਮਣੇ ਕਈ ਤਜਵੀਜ਼ਾਂ ਪੇਸ਼ ਕੀਤੀਆਂ ਗਈਆਂ ਹਨ ਜੋ ਆਰਥਿਕ ਤੇ ਕਾਰੋਬਾਰੀ ਨਜ਼ਰੀਏ ਤੋਂ ਇਨ੍ਹਾਂ ਸੁਝਾਵਾਂ ‘ਤੇ ਵਿਚਾਰ ਕਰਦੀ ਹੈ। ਈਸੀਸੀ ਨਾਲ ਵਿਚਾਰ ਚਰਚਾ ਤੋਂ ਬਾਅਦ ਇਸ ਫ਼ੈਸਲੇ ਨੂੰ ਮਨਜ਼ੂਰੀ ਦੇਣ ਮਗਰੋਂ ਆਖਰੀ ਪ੍ਰਵਾਨਗੀ ਲਈ ਕੈਬਨਿਟ ‘ਚ ਪੇਸ਼ ਕੀਤਾ ਗਿਆ ਹੈ। ਇਸ ਬਾਰੇ ਭਾਰਤ ਨੇ ਕਿਹਾ ਕਿ ਉਹ ਅਤਿਵਾਦ, ਦੁਸ਼ਮਣੀ ਤੇ ਹਿੰਸਾ ਮੁਕਤ ਮਾਹੌਲ ‘ਚ ਪਾਕਿਸਤਾਨ ਨਾਲ ਸਬੰਧ ਸੁਖਾਵੇਂ ਕਰਨ ਦਾ ਇੱਛੁਕ ਹੈ ਅਤੇ ਇਹ ਪਾਕਿਸਤਾਨ ‘ਤੇ ਹੈ ਕਿ ਉਹ ਸੁਖਾਵਾਂ ਮਾਹੌਲ ਬਣਾਏ। -ਪੀਟੀਆਈ

News Source link