ਯੈਂਗੋਨ, 27 ਮਾਰਚ

ਮਿਆਂਮਾਰ ‘ਚ ਫੌਜ ਵੱਲੋਂ ਜਿੱਥੇ ਅੱਜ ਆਪਣਾ ਸਾਲਾਨਾ ਹਥਿਆਰਬੰਦ ਸੈਨਾ ਦਿਵਸ ਮਨਾਇਆ ਜਾ ਰਿਹਾ ਹੈ ਉੱਥੇ ਹੀ ਫੌਜੀਆਂ ਤੇ ਪੁਲੀਸ ਵੱਲੋਂ ਚਲਾਈ ਗਈ ਗੋਲੀ ਨਾਲ ਦਰਜਨਾਂ ਮੁਜ਼ਾਹਰਾਕਾਰੀ ਹਲਾਕ ਹੋ ਗਏ। ਆਜ਼ਾਦਾਨਾ ਢੰਗ ਨਾਲ ਖੋਜ ਕਰ ਰਹੇ ਇੱਕ ਵਿਅਕਤੀ ਨੇ ਦਾਅਵਾ ਕੀਤਾ ਕਿ ਅੱਜ ਸੁਰੱਖਿਆ ਬਲਾਂ ਵੱਲੋਂ ਚਲਾਈ ਗਈ ਗੋਲੀ ਨਾਲ 100 ਤੋਂ ਵੱਧ ਜਣਿਆਂ ਦੀ ਮੌਤ ਹੋਈ ਹੈ। ਹਾਲਾਂਕਿ ਇਨ੍ਹਾਂ ਮੌਤਾਂ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਉੱਧਰ ਮਿਆਂਮਾਰ ‘ਚ ਜੁੰਟਾ ਮੁਖੀ ਨੇ ਅੱਜ ਹਥਿਆਰਬੰਦ ਸੈਨਾ ਦਿਵਸ ਮੌਕੇ ਆਂਗ ਸਾਂ ਸੂ ਕੀ ਦੀ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਅਹੁਦੇ ਤੋਂ ਹਟਾ ਕੇ ਫੌਜ ਵੱਲੋਂ ਰਾਜ ਪਲਟਾ ਕੀਤੇ ਜਾਣ ਨੂੰ ਸਹੀ ਠਹਿਰਾਇਆ ਜਦਕਿ ਸੈਨਾ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਮੁਜ਼ਾਹਰਾਕਾਰੀਆਂ ਨੇ ਛੁੱਟੀ ਵਾਲੇ ਦਿਨ ਹੋਰ ਵੀ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤੇ ਗਏ। ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨੇ ਰਾਜ ਪਲਟੇ ਖ਼ਿਲਾਫ਼ ਦੇਸ਼ ਭਰ ‘ਚ ਹੋ ਰਹੇ ਰੋਸ ਮੁਜ਼ਾਹਰਿਆਂ ਦਾ ਜ਼ਿਕਰ ਨਹੀਂ ਕੀਤਾ ਪਰ ਉਨ੍ਹਾਂ ਦੇਸ਼ ਦੀ ਰਾਜਧਾਨੀ ਨੇਪੀਤਾ ਦੇ ਪਰੇਡ ਮੈਦਾਨ ‘ਚ ਹਜ਼ਾਰਾਂ ਜਵਾਨਾਂ ਸਾਹਮਣੇ ਦਿੱਤੇ ਭਾਸ਼ਣ ‘ਚ ‘ਸੂਬੇ ਦੀ ਸ਼ਾਂਤੀ ਤੇ ਸਮਾਜਿਕ ਸੁਰੱਖਿਆ ਲਈ ਨੁਕਸਾਨਦੇਹ ਹੋ ਸਕਣ ਵਾਲੇ ਅਤਿਵਾਦ’ ਦਾ ਜ਼ਿਕਰ ਕੀਤਾ ਅਤੇ ਇਸ ਨੂੰ ਸਵੀਕਾਰ ਨਾ ਕਰਨਯੋਗ ਕਦਮ ਕਰਾਰ ਦਿੱਤਾ। ਇਸੇ ਵਿਚਾਲੇ ਮਿਆਂਮਾਰ ‘ਚ ਪ੍ਰਦਰਸ਼ਨਕਾਰੀਆਂ ਨੇ ਇੱਕ ਫਰਵਰੀ ਨੂੰ ਹੋਏ ਰਾਜ ਪਲਟੇ ਖ਼ਿਲਾਫ਼ ਸਰਕਾਰੀ ਛੁੱਟੀ ਵਾਲੇ ਦਿਨ ਮੁੜ ਤੋਂ ਰੋਸ ਮੁਜ਼ਾਹਰੇ ਕੀਤੇ। ਕਈ ਥਾਵਾਂ ‘ਤੇ ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਤਾਕਤ ਦੀ ਵਰਤੋਂ ਕੀਤੀ। ਸੋਸ਼ਲ ਮੀਡੀਆ ‘ਤੇ ਨਸ਼ਰ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਅੱਜ ਸਵੇਰੇ ਕਈ ਮੁਜ਼ਾਹਰਾਕਾਰੀਆਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਕਾਰਨ ਕਈ ਜਣਿਆਂ ਦੀ ਮੌਤ ਹੋ ਗਈ ਹਾਲਾਂਕਿ ਇਸ ਰਿਪੋਰਟ ਦੀ ਤੁਰੰਤ ਪੁਸ਼ਟੀ ਨਹੀਂ ਹੋਈ। ਮਿਆਂਮਾਰ ‘ਚ ਲੋਕਾਂ ਦੀ ਮੌਤ ਤੇ ਗ੍ਰਿਫ਼ਤਾਰੀਆਂ ਸਬੰਧੀ ਅੰਕੜੇ ਇਕੱਠੇ ਕਰਨ ਵਾਲੀ ਸੰਸਥਾ ਅਸਿਸਟੈਂਟ ਐਸੋਸੀਏਸ਼ਨ ਫਾਰ ਪੋਲਿਟੀਕਲ ਪ੍ਰਿਜ਼ਨਰਜ਼ ਨੇ ਦੱਸਿਆ ਕਿ ਮੁਲਕ ‘ਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ਮਾਰੇ ਜਾਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 328 ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਉਹ ਗਿਣਤੀ ਹੈ ਜਿਸ ਦੀ ਪੁਸ਼ਟੀ ਹੋਈ ਹੈ ਜਦਕਿ ਅਸਲੀ ਗਿਣਤੀ ਇਸ ਤੋਂ ਕਿਤੇ ਵੱਧ ਹੈ। -ਏਪੀ

News Source link