ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 24 ਮਾਰਚ

ਪੰਜਾਬ ਸਟੇਟ ਡੀਅਰ 100 ਮਾਸਿਕ ਲਾਟਰੀ ਨੇ ਕਬਾੜ ਦਾ ਕੰਮ ਕਰਨ ਵਾਲੇ ਪਰਿਵਾਰ ਦੀ ਰਾਤੋ ਰਾਤ ਤਕਦੀਰ ਬਦਲ ਦਿੱਤੀ ਹੈ। ਬਾਘਾਪੁਰਾਣਾ ਦੀ ਰਹਿਣ ਵਾਲੀ ਘਰੇਲੂ ਸੁਆਣੀ ਆਸ਼ਾ ਰਾਣੀ ਨੇ ਇਕ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਮਹੀਨਾਵਾਰ ਲਾਟਰੀ ਦੀ ਖੁਸ਼ਨਸੀਬ ਜੇਤੂ ਆਸ਼ਾ ਨੇ ਅੱਜ ਇਥੇ ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਟਿਕਟ ਅਤੇ ਹੋਰ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ ਹਨ। ਪਹਿਲਾ ਇਨਾਮ ਜਿੱਤਣ ਬਾਅਦ ਬਾਗ਼ੋਬਾਗ ਨਜ਼ਰ ਆ ਰਹੀ ਆਸ਼ਾ ਨੇ ਕਿਹਾ ਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਇਹ ਨਹੀਂ ਸੋਚਿਆ ਸੀ ਕਿ ਉਹ ਇਕ ਦਿਨ ਕਰੋੜਪਤੀ ਬਣ ਜਾਵੇਗੀ। ਉਸ ਨੇ ਅੱਗੇ ਕਿਹਾ ਕਿ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਇਹ ਸੁਪਨਾ ਸਾਕਾਰ ਹੋਣ ਵਾਂਗ ਹੈ। ਉਸਨੇ ਦੱਸਿਆ ਕਿ ਉਸਦੇ ਪਤੀ ਦੀ ਬਾਘਾਪੁਰਾਣਾ ਵਿਖੇ ਕਬਾੜ ਦੀ ਦੁਕਾਨ ਹੈ ਅਤੇ ਉਸ ਦੇ ਦੋਵੇਂ ਬੇਟੇ ਦੁਕਾਨ ਵਿਚ ਕੰਮ ਕਰਦੇ ਹਨ। ਭਵਿੱਖੀ ਯੋਜਨਾ ਬਾਰੇ ਗੱਲ ਕਰਦਿਆਂ ਆਸ਼ਾ ਰਾਣੀ (61) ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਇਨਾਮੀ ਰਾਸ਼ੀ ਨਾਲ ਆਪਣਾ ਨਵਾਂ ਘਰ ਬਣਾਉਣਗੇ ਕਿਉਂਕਿ ਉਨ੍ਹਾਂ ਦਾ ਮੌਜੂਦਾ ਮਕਾਨ ਉਨ੍ਹਾਂ ਦੇ ਵੱਡੇ ਪਰਿਵਾਰ ਲਈ ਬਹੁਤ ਛੋਟਾ ਹੈ ਅਤੇ ਬਾਕੀ ਰਕਮ ਦੀ ਵਰਤੋਂ ਉਨ੍ਹਾਂ ਦੇ ਪਰਿਵਾਰਕ ਕਾਰੋਬਾਰ ਦੇ ਵਿਸਥਾਰ ਲਈ ਕੀਤੀ ਜਾਵੇਗੀ।

News Source link