ਨਵੀਂ ਦਿੱਲੀ, 22 ਮਾਰਚ

ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਬੂਹਾ ਖੜਕਾਉਂਦਿਆਂ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੀ ਸੀਬੀਆਈ ਤੋਂ ਨਿਰਪੱਖ ਜਾਂਚ ਕਰਾਉਣ ਦੀ ਬੇਨਤੀ ਕੀਤੀ। ਉਹ 1988 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਨੇ ਮੁੰਬਈ ਪੁਲੀਸ ਕਮਿਸ਼ਨਰ ਦੇ ਅਹੁਦੇ ਤੋਂ ਉਨ੍ਹਾਂ ਦੇ ਤਬਾਦਲੇ ਨੂੰ, ਗੈਰਕਾਨੂੰਨੀ ਹੋਣ ਦਾ ਦੋਸ਼ ਲਗਾਉਂਦਿਆਂ ਇਨ੍ਹਾਂ ਹੁਕਮਾਂ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੇ ਅੰਤਰਿਮ ਰਾਹਤ ਵਜੋਂ ਆਪਣੇ ਤਬਾਦਲੇ ‘ਤੇ ਰੋਕ ਲਗਾਉਣ ਅਤੇ ਸੂਬਾ ਸਰਕਾਰ, ਕੇਂਦਰ ਅਤੇ ਸੀਬੀਆਈ ਨੂੰ ਦੇਸ਼ਮੁਖ ਦੇ ਘਰ ਦੀ ਸੀਸੀਟੀਵੀ ਫੁਟੇਜ ਤੁਰਤ ਕਬਜ਼ੇ ਵਿੱਚ ਲੈਣ ਦਾ ਹੁਕਮ ਦੇਣ ਦੀ ਵੀ ਬੇਨਤੀ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਹੈ, ” ਦੇਸ਼ਮੁੱਖ ਨੇ ਆਪਣੇ ਘਰ ‘ਤੇ ਫਰਵਰੀ 2021 ਨੂੰ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਅਪਰਾਧ ਖੁਫੀਆ ਇਕਾਈ ਦੇ ਸਚਿਨ ਵਾਜੇ ਅਤੇ ਸਮਾਜ ਸੇਵਾ ਸ਼ਾਖਾ ਦੇ ਏਸੀਪੀ ਸੰਜੇ ਪਾਟਿਲ ਸਮੇਤ ਹੋਰਨਾਂ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਰ ਮਹੀਨੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਟੀਚਾ ਦਿੱਤਾ ਸੀ। ਨਾਲ ਹੀ ਉਨ੍ਹਾਂ ਨੇ ਵੱਖ ਵੱਖ ਅਦਾਰਿਆਂ ਅਤੇ ਹੋਰਨਾਂ ਸਰੋਤਾਂ ਰਾਹੀਂ ਪੈਸੇ ਇਕੱਠੇ ਕਰਨ ਦਾ ਨਿਰਦੇਸ਼ ਦਿੱਤਾ ਸੀ।” ਉਨ੍ਹਾਂ ਕਿਹਾ, ”ਅਨਿਲ ਦੇਸ਼ਮੁਖ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ਮੁਖ ਵੱਖ ਵੱਖ ਜਾਂਚਾਂ ਵਿੱਚ ਦਖਲਅੰਦਾਜ਼ੀ ਕਰ ਰਹੇ ਸਨ ਅਤੇ ਪੁਲੀਸ ਅਧਿਕਾਰੀਆਂ ਨੂੰ ਆਪਹੁਦਰੇ ਢੰਗ ਨਾਲ ਇਕ ਖਾਸ ਤਰੀਕੇ ਨਾਲ ਜਾਂਚ ਕਰਨ ਦਾ ਨਿਰਦੇਸ਼ ਦੇ ਰਹੇ ਸਨ। ਦੇਸ਼ਮੁਖ ਦੀ ਇਸ ਤਰ੍ਹਾਂ ਦੀ ਕਾਰਵਾਈ ਗ੍ਰਹਿਮੰਤਰੀ ਦੇ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਹੈ।” ਉਨ੍ਹਾਂ ਦੇਸ਼ਮੁਖ ਦੇ ਇਸ ਰਵੱਈਏ ਦਾ ਖੁਲਾਸਾ ਕਰਨ ‘ਤੇ ਬਦਲੇ ਦੀ ਕਾਰਵਾਈ ਤਹਿਤ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਤੋਂ ਸੁਰੱਖਿਆ ਲਈ ਉੱਚ ਅਦਾਲਤ ਤੋਂ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ।-ਏਜੰਸੀ

News Source link