ਮੁੱਖ ਅੰਸ਼

  • ਐੱਨਸੀਪੀ ਸੁਪਰੀਮੋ ਵੱਲੋਂ ਪੁਲੀਸ ਫੋਰਸ ‘ਚ ਸਚਿਨ ਵਾਜ਼ੇ ਦੀ ਬਹਾਲੀ ਪਿੱਛੇ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦਾ ਕੋਈ ਹੱਥ ਨਾ ਹੋਣ ਦਾ ਦਾਅਵਾ

ਮੁੰਬਈ, 21 ਮਾਰਚ

ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਵੱਲੋਂ ਮਹਾਰਾਸ਼ਟਰ ਦੇ ਗ਼੍ਰਹਿ ਮੰਤਰੀ ਅਨਿਲ ਦੇਸ਼ਮੁੱਖ ‘ਤੇ ਲਾਏ ਦੋਸ਼ ਗੰਭੀਰ ਹਨ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕਰਨੀ ਬਣਦੀ ਹੈ। ਚੇਤੇ ਰਹੇ ਕਿ ਸਿੰਘ ਨੇ ਲੰਘੇ ਦਿਨ ਮੁੱਖ ਮੰਤਰੀ ਊਧਵ ਠਾਕਰੇ ਨੂੰ ਅੱਠ ਸਫ਼ਿਆਂ ਦਾ ਪੱਤਰ ਲਿਖ ਕੇ ਦਾਅਵਾ ਕੀਤਾ ਸੀ ਕਿ ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਚਾਹੁੰਦੇ ਹਨ ਕਿ ਪੁਲੀਸ ਅਧਿਕਾਰੀ ਬਾਰ ਤੇ ਹੋਟਲਾਂ ਤੋਂ ਮਹੀਨਾਵਾਰ 100 ਕਰੋੜ ਰੁਪਏ ਇਕੱਤਰ ਕਰਨ। ਐੱਨਸੀਪੀ ਮੁਖੀ ਨੇ ਦਿੱਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਊਧਵ ਠਾਕਰੇ ਜਲਦੀ ਹੀ ਇਸ ਸਬੰਧੀ ਤੇ ਦੇਸ਼ਮੁੱਖ ਖ਼ਿਲਾਫ਼ ਕਾਰਵਾਈ ਬਾਰੇ ਫੈਸਲਾ ਲੈਣਗੇ। ਪਵਾਰ ਨੇ ਸਾਫ਼ ਕਰ ਦਿੱਤਾ ਕਿ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੀ ਪਿਛਲੇ ਸਾਲ ਪੁਲੀਸ ਫੋਰਸ ‘ਚ ਬਹਾਲੀ ਪਿੱਛੇ ਮੁੱਖ ਮੰਤਰੀ ਜਾਂ ਸੂਬੇ ਦੇ ਗ੍ਰਹਿ ਮੰਤਰੀ ਦਾ ਕੋਈ ਹੱਥ ਨਹੀਂ ਸੀ। ਐੱਨਸੀਪੀ ਮੁਖੀ ਨੇ ਕਿਹਾ ਕਿ ਉਨ੍ਹਾਂ ਪਰਮਬੀਰ ਸਿੰਘ ਵੱਲੋਂ ਲਿਖੇ ਪੱਤਰ ਬਾਰੇ ਠਾਕਰੇ ਨਾਲ ਗੱਲਬਾਤ ਕੀਤੀ ਸੀ। ਪਵਾਰ ਨੇ ਕਿਹਾ, ‘ਮੈਂ ਊਧਵ ਠਾਕਰੇ ਨੂੰ ਸੁਝਾਅ ਦਿੱਤਾ ਹੈ ਕਿ ਉਹ ਪਰਮਬੀਰ ਸਿੰਘ ਦੇ ਦਾਅਵਿਆਂ ‘ਤੇ ਨਜ਼ਰਸਾਨੀ ਲਈ ਸਾਬਕਾ ਆਈਪੀਐੱਸ ਅਧਿਕਾਰੀ ਜੂਲੀਓ ਰਿਬੇਰੋ ਦੀ ਮਦਦ ਲੈਣ।’ ਪਵਾਰ ਨੇ ਕਿਹਾ ਕਿ ਸਿੰਘ ਨੇ ਉਪਰੋਕਤ ਦੋਸ਼ 17 ਮਾਰਚ ਨੂੰ ਹੋਮ ਗਾਰਡ ਵਿੱਚ ਆਪਣੀ ਟਰਾਂਸਫਰ ਮਗਰੋਂ ਲਗਾਏ ਹਨ। ਐੱਨਸੀਪੀ ਸੁਪਰੀਮੋ ਨੇ ਕਿਹਾ ਕਿ ਸਿੰਘ ਦੇ ਇਨ੍ਹਾਂ ਦੋਸ਼ਾਂ ਕਰ ਕੇ ਮਹਾਰਾਸ਼ਟਰ ਦੀ ਗੱਠਜੋੜ ਸਰਕਾਰ ‘ਤੇ ਕੋਈ ਅਸਰ ਨਹੀਂ ਪਏਗਾ। ਕਾਬਿਲੇਗੌਰ ਹੈ ਕਿ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਪਰਮਬੀਰ ਸਿੰਘ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੇ ਅੱਠ ਸਫ਼ਿਆਂ ਦੇ ਪੱਤਰ ਵਿੱਚ ਦਾਅਵਾ ਕੀਤਾ ਸੀ ਕਿ ਗ੍ਰਹਿ ਮੰਤਰੀ ਦੇਸ਼ਮੁੱਖ ਪੁਲੀਸ ਅਧਿਕਾਰੀਆਂ ਨੂੰ ਆਪਣੀ ਅਧਿਕਾਰਤ ਰਿਹਾਇਸ਼ ‘ਤੇ ਸੱਦ ਕੇ ਬਾਰ, ਰੈਸਟੋਰੈਂਟਾਂ ਤੇ ਹੋਰਨਾਂ ਥਾਵਾਂ ਤੋਂ ‘ਉਗਰਾਹੀ ਕਰਨ ਲਈ ਟੀਚੇ’ ਨਿਰਧਾਰਿਤ ਕਰਦਾ ਸੀ। ਇਸ ਦੌਰਾਨ ਮਹਾਰਾਸ਼ਟਰ ਅਤਿਵਾਦ ਵਿਰੋਧੀ ਸਕੁਐਡ (ਏਟੀਐੱਸ) ਨੇ ਕਾਰੋਬਾਰੀ ਮਨਸੁਖ ਹੀਰੇਨ ਦੇ ਕਥਿਤ ਕਤਲ ਮਾਮਲੇ ਵਿੱਚ ਪੁਲੀਸ ਮੁਲਾਜ਼ਮ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਮੁਲਜ਼ਮਾਂ ਦੀ ਪਛਾਣ ਪੁਲੀਸ ਮੁਲਾਜ਼ਮ ਵਿਨਾਇਕ ਸ਼ਿੰਦੇ ਤੇ ਬੁਕੀ ਨਰੇਸ਼ ਧਾਰੇ ਵਜੋਂ ਹੋਈ ਹੈ। ਸ਼ਿੰਦੇ, ਲਖਨ ਭੱਈਆ ਫਰਜ਼ੀ ਮੁਕਾਬਲਾ ਕੇਸ ਵਿੱਚ ਦੋਸ਼ੀ ਹੈ ਤੇ ਅਜੇ ਪਿਛਲੇ ਸਾਲ ਫਰਲੋ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਕਾਰੋਬਾਰੀ ਹਿਰੇਨ ਦੀ ਲਾਸ਼ ਗੋਦੀ ਨੇੜਿਓਂ ਮਿਲੀ ਸੀ। ਇਸ ਦੌਰਾਨ ਮਹਾਰਾਸ਼ਟਰ ਕਾਂਗਰਸ ਦੇ ਬੁਲਾਰੇ ਸਚਿਨ ਸਾਵੰਤ ਨੇ ਕਿਹਾ ਕਿ ਭਾਜਪਾ, ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੀ ਸਰਕਾਰ ਨੂੰ ਅਸਥਿਰ ਕਰਨ ਲਈ ਪੂਰਾ ਟਿੱਲ ਲਾ ਰਹੀ ਹੈ ਤੇ ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਕੇਂਦਰੀ ਏਜੰਸੀਆਂ ਦੇ ਦਬਾਅ ਅਧੀਨ ਹੋ ਸਕਦੇ ਹਨ। ਸਿਆਸੀ ਹਲਕਿਆਂ ਵਿੱਚ ਅਨਿਲ ਦੇਸ਼ਮੁੱਖ ਦੀ ਥਾਂ ਜਲਦੀ ਹੀ ਮਹਾਰਾਸ਼ਟਰ ਦਾ ਨਵਾਂ ਗ੍ਰਹਿ ਮੰਤਰੀ ਲਾਉਣ ਦੀਆਂ ਅਫ਼ਵਾਹਾਂ ਦਰਮਿਆਨ ਸੂਬੇ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ, ਐੱਨਸੀਪੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਜੈਯੰਤ ਪਾਟਿਲ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਅੱਜ ਦਿੱਲੀ ਵਿੱਚ ਐੱਨਸੀਪੀ ਮੁਖੀ ਸ਼ਰਦ ਪਵਾਰ ਨਾਲ ਮੁਲਾਕਾਤ ਕੀਤੀ। ਪਵਾਰ ਦੀ ਰਿਹਾਇਸ਼ ‘ਤੇ ਹੋਈ ਗੱਲਬਾਤ ਦੇ ਵੇਰਵਿਆਂ ਬਾਰੇ ਕੁਝ ਪਤਾ ਨਹੀਂ ਲੱਗਿਆ। -ਪੀਟੀਆਈ

ਸੱਚ ਦਾ ਪਤਾ ਲਾਉਣ ਲਈ ਕੇਂਦਰ ਸਰਕਾਰ ਮਦਦ ਕਰੇ: ਰਾਜ ਠਾਕਰੇ

ਮਹਾਰਾਸ਼ਟਰ ਨਵਨਿਰਮਾਣ ਸੇੇਨਾ ਦੇ ਮੁਖੀ ਰਾਜ ਠਾਕਰੇ ਨੇ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਦੇ ਬਾਹਰ ਵਾਹਨ ਵਿੱਚ ਮਿਲੀ ਧਮਾਕਾਖੇਜ਼ ਸਮੱਗਰੀ ਪਿਛਲਾ ਅਸਲ ਸੱਚ ਸਾਹਮਣੇ ਲਿਆਉਣ ਲਈ ਕੇਂਦਰ ਦਾ ਦਖ਼ਲ ਮੰਗਿਆ ਹੈ। ਠਾਕਰੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਕੁਝ ਬੁਨਿਆਦੀ ਨੁਕਤਿਆਂ ‘ਤੇ ਰੌਸ਼ਨੀ ਪਾਉਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ, ਕੇਸ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਤੇ ਮੁਅੱਤਲਸ਼ੁਦਾ ਪੁਲੀਸ ਅਧਿਕਾਰੀ ਸਚਿਨ ਵਜ਼ੇ ਦੁਆਲੇ ਹੀ ਨਹੀਂ ਘੁੰਮਦਾ ਹੈ। ਪੁਲੀਸ ਵੱਲੋਂ ਧਮਾਕਾਖੇਜ਼ ਸਮੱਗਰੀ ਰੱਖੀ ਜਾਣੀ ਜਾਂ ਫਿਰ ਅਜਿਹਾ ਕਰਨ ਲਈ ਕਹਿਣਾ ਕੋਈ ਛੋਟੀ ਗੱਲ ਨਹੀਂ ਹੈ।’ -ਪੀਟੀਆਈ

ਮੈਂ ਇਸ ਮਸਲੇ ‘ਚ ਨਹੀਂ ਪੈਣਾ ਚਾਹੁੰਦਾ: ਰਿਬੇਰੋ

ਮੁੁੰਬਈ: ਮੁੰਬਈ, ਗੁਜਰਾਤ ਤੇ ਪੰਜਾਬ ਪੁਲੀਸ ‘ਚ ਉੱਚ ਅਹੁਦਿਆਂ ‘ਤੇ ਕੰਮ ਕਰਨ ਵਾਲੇ ਸਾਬਕਾ ਪੁਲੀਸ ਅਧਿਕਾਰੀ ਜੂਲੀਓ ਰਿਬੇਰੋ ਨੇ ਅੱਜ ਕਿਹਾ ਕਿ ਜੇ ਉਨ੍ਹਾਂ ਨੂੰ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ‘ਤੇ ਲੱਗੇ ਭ੍ਰਿਸ਼ਟਚਾਰ ਦੇ ਦੋਸ਼ਾਂ ਦੀ ਜਾਂਚ ਲਈ ਪੇਸ਼ਕਸ਼ ਵੀ ਹੁੰਦੀ ਹੈ ਤਾਂ ਉਹ ਇਸ ਨੂੰ ਸਵੀਕਾਰ ਨਹੀਂ ਕਰਨਗੇ। ਇਕ ਟੀਵੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਰਿਬੇਰੋ ਨੇ ਕਿਹਾ, ‘ਮੈਂ ਇਸ ਮਸਲੇ ‘ਚ ਪੈਣਾ ਨਹੀਂ ਚਾਹੁੰਦਾ। ਮੈਨੂੰ ਨਹੀਂ ਪਤਾ ਕਿ ਇਹ ਸਭ ਕਿੱਧਰ ਨੂੰ ਜਾਵੇਗਾ। ਬਿਹਤਰ ਹੋਵੇਗਾ ਕਿ ਸਿਆਸਤਦਾਨ ਖ਼ੁਦ ਇਸ ਮਸਲੇ ਨੂੰ ਸੁਲਝਾ ਲੈਣ।’ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਦੇਸ਼ਮੁੱਖ ਖ਼ਿਲਾਫ਼ ਦੋਸ਼ਾਂ ਦੀ ਜਾਂਚ ਲਈ ਰਿਬੇਰੋ ਦਾ ਨਾਂ ਸੁਝਾਇਆ ਸੀ। -ਏਜੰਸੀ

News Source link