ਵਿੱਕੀ ਬਟਾਲਾ

ਰੋਮ, 11 ਮਾਰਚ

ਵਿੱਦਿਆ ਇੱਕ ਅਜਿਹਾ ਗਹਿਣਾ ਹੈ, ਜਿਸ ਦੀ ਪ੍ਰਾਪਤੀ ਲਈ ਇਨਸਾਨ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਵਿਦੇਸ਼ਾਂ ‘ਚ ਰਹਿਣ ਵਾਲੇ ਪੰਜਾਬੀਆਂ-ਭਾਰਤੀਆਂ ਲਈ ਇਸ ਗਹਿਣੇ ਦੀ ਵਿਸ਼ੇਸ਼ ਮਹੱਤਵਤਾ ਹੈ। ਇਟਲੀ ਵਿੱਚ ਆਏ ਭਾਰਤੀ ਬੱਚੇ ਵਿੱਦਿਅਕ ਖੇਤਰ ਵਿੱਚ ਜਿਸ ਤਰ੍ਹਾਂ ਮਾਅਰਕੇ ਮਾਰ ਰਹੇ ਉਸ ਨਾਲ ਹੋਰ ਵਿਦੇਸ਼ੀਆਂ ਦੇ ਨਾਲ-ਨਾਲ ਇਤਾਲੀਅਨ ਲੋਕ ਵੀ ਜੀਭ ਦੰਦਾਂ ਹੇਠ ਲੈਣ ਲਈ ਮਜਬੂਰ ਹਨ। ਇਟਲੀ ਦੇ ਸੂਬੇ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੇ ਲਾਤੀਨਾ ਦੀ ਵਸਨੀਕ ਅਤੇ ਪਿਤਾ ਨਛੱਤਰ ਸਿੰਘ ਮਾਨ ਤੇ ਮਾਤਾ ਜਸਪਾਲ ਕੌਰ ਮਾਨ ਦੀ ਲਾਡਲੀ ਧੀ ਪਵਨਦੀਪ ਮਾਨ ਨੇ ਆਪਣੀ ਮੈਡੀਕਲ ਖੇਤਰ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਹਾਸਲ ਕਰ ਲਈ ਹੈ। ਵਿਦਿਆਰਥਣ ਪਵਨਦੀਪ ਮਾਨ ਨੇ ਕਿਹਾ ਕਿ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ, ਕਿਉਂਕਿ ਪਰਮਾਤਮਾ ਦੀ ਕਿਰਪਾ ਸਦਕਾ ਉਸ ਦਾ ਸੁਪਨਾ ਪੂਰਾ ਹੋ ਗਿਆ ਹੈ। ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਪਿੰਡ ਮਾਂਗੇਵਾਲ ਨਾਲ ਸਬੰਧਤ ਪਵਨਦੀਪ ਮਾਨ ਪਰਿਵਾਰ ਸਮੇਤ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਚਿਸਤੇਰਨਾ ਦੇ ਲਾਤੀਨਾ ਵਿੱਚ ਰਹਿ ਰਹੀ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਮੁਕਾਮ ‘ਤੇ ਪਹੁੰਚਾਉਣ ਵਿੱਚ ਉਸ ਦੇ ਮਾਤਾ-ਪਿਤਾ ਤੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ। ਛੱਤਰ ਸਿੰਘ ਮਾਨ ਨੇ ਕਿਹਾ ਕਿ ਅੱਜ ਸਾਡਾ ਸਿਰ ਮਾਣ ਨਾਲ ਉੱਚਾ ਹੋ ਗਿਆ ਅਤੇ ਇਟਲੀ ਤੇ ਭਾਰਤ ਵਸਦੇ ਦੋਸਤਾਂ, ਰਿਸ਼ਤੇਦਾਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

News Source link