ਮੁੰਬਈ, 6 ਮਾਰਚ

ਆਮਦਨ ਕਰ ਵਿਭਾਗ ਵੱਲੋਂ ਮਾਰੇ ਛਾਪਿਆਂ ‘ਤੇ ਚੁੱਪ ਤੋੜਦਿਆਂ ਅੱਜ ਅਦਾਕਾਰਾ ਤਾਪਸੀ ਪੰਨੂ ਨੇ ਤਿੰਨ ਟਵੀਟ ਕੀਤੇ ਹਨ। ਤਾਪਸੀ ਤੇ ਨਿਰਮਾਤਾ-ਨਿਰਦੇਸ਼ਕ ਅਨੁਰਾਗ ਕਸ਼ਿਅਪ ਨੇ ਫ਼ਿਲਮ ‘ਦੋਬਾਰਾ’ ਦੀ ਸ਼ੂਟਿੰਗ ਮੁੜ ਸ਼ੁਰੂ ਕੀਤੀ ਹੈ। ਇਸੇ ਦੌਰਾਨ ਕਸ਼ਿਪ ਨੇ ਵੀ ਛਾਪਿਆਂ ਤੋਂ ਬਾਅਦ ਪਹਿਲੀ ਵਾਰ ਕੋਈ ਪ੍ਰਤੀਕਿਰਿਆ ਦਿੱਤੀ ਹੈ। ਇੰਸਟਾਗ੍ਰਾਮ ਉਤੇ ਫ਼ਿਲਮਸਾਜ਼ ਨੇ ਲਿਖਿਆ ‘ਸਾਰੇ ਨਫ਼ਰਤ ਕਰਨ ਵਾਲਿਆਂ ਨੂੰ ਸਾਡਾ ਪਿਆਰ।’ ਅਨੁਰਾਗ ਨੇ ਪੋਸਟ ਵਿਚ ਫ਼ਿਲਮ ਦੇ ਸੈੱਟ ਦੀ ਫੋਟੋ ਸਾਂਝੀ ਕੀਤੀ ਤੇ ਹੌਸਲੇ ਬੁਲੰਦ ਹੋਣ ਦਾ ਸੰਕੇਤ ਦਿੱਤਾ। ਕਸ਼ਿਅਪ ਨੇ ਹਾਲਾਂਕਿ ਛਾਪਿਆਂ ਬਾਰੇ ਸਿੱਧੇ ਤੌਰ ‘ਤੇ ਕੁਝ ਨਹੀਂ ਲਿਖਿਆ। ਜਦਕਿ ਤਾਪਸੀ ਵੱਲੋਂ ਕੀਤੇ ਗਏ ਟਵੀਟ ਪੈਰਿਸ ਵਿਚ ਅਭਿਨੇਤਰੀ ਵੱਲੋਂ ਖ਼ਰੀਦੇ ਕਥਿਤ ‘ਇਕ ਬੰਗਲੇ’, ਪੰਜ ਕਰੋੜ ਰੁਪਏ ਦੀ ‘ਰਸੀਦ’ ਅਤੇ ‘2013 ਦੇ ਇਕ ਛਾਪੇ’ ਨਾਲ ਜੁੜੇ ਹੋਏ ਸਨ। ਜ਼ਿਕਰਯੋਗ ਹੈ ਕਿ 3 ਮਾਰਚ ਨੂੰ ਆਮਦਨ ਕਰ ਵਿਭਾਗ ਨੇ ਪੰਨੂ ਤੇ ਫ਼ਿਲਮਸਾਜ਼ ਅਨੁਰਾਗ ਕਸ਼ਿਅਪ ਦੇ ਦਫ਼ਤਰਾਂ ਤੇ ਰਿਹਾਇਸ਼ ਉਤੇ ਛਾਪੇ ਮਾਰੇ ਸਨ। ਅਨੁਰਾਗ ਦੇ ਭਾਈਵਾਲਾਂ ਦੇ ਟਿਕਾਣਿਆਂ ਉਤੇ ਵੀ ਛਾਪੇ ਮਾਰੇ ਗਏ ਸਨ ਜੋ ਕਿ ਫ਼ਿਲਮ ਨਿਰਮਾਣ ਕੰਪਨੀ ‘ਫੈਂਟਮ ਫਿਲਮਜ਼’ ‘ਚ ਨਿਰਮਾਤਾ-ਨਿਰਦੇਸ਼ਕ ਦੇ ਨਾਲ ਜੁੜੇ ਹੋਏ ਸਨ। ਪੰਨੂ ਨੇ ਟਵੀਟ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਉਤੇ ਵੀ ਨਿਸ਼ਾਨਾ ਸੇਧਿਆ। ਸੀਤਾਰਾਮਨ ਨੇ 2013 ਵਿਚ ਅਦਾਕਾਰਾ ਉਤੇ ਪਏ ਇਕ ਛਾਪੇ ਦਾ ਜ਼ਿਕਰ ਕੀਤਾ ਸੀ ਤੇ ਕਿਹਾ ਸੀ ਕਿ ਉਸ ਵੇਲੇ ਤਾਂ ਐਨਾ ਰੌਲਾ-ਰੱਪਾ ਨਹੀਂ ਪਾਇਆ ਗਿਆ ਜਿਸ ਤਰ੍ਹਾਂ ਹੁਣ ਛਾਪੇ ਮਾਰਨ ਉਤੇ ਪੈ ਰਿਹਾ ਹੈ। ਤਾਪਸੀ ਨੇ ਪਹਿਲੇ ਟਵੀਟ ਵਿਚ ਲਿਖਿਆ ‘ਤਿੰਨ ਦਿਨ ਤਿੰਨ ਚੀਜ਼ਾਂ ਲਈ ਜ਼ੋਰਦਾਰ ਛਾਪੇ, ਪਹਿਲੀ ਚੀਜ਼- ਪੈਰਿਸ ਸਥਿਤ ਮੇਰੇ ਬੰਗਲੇ ਦੀਆਂ ਚਾਬੀਆਂ ਲੱਭਣ ਲਈ, ਵੈਸੇ ਵੀ ਗਰਮੀਆਂ ਦੀਆਂ ਛੁੱਟੀਆਂ ਆ ਰਹੀਆਂ ਹਨ।’ ਦੂਜਾ ਟਵੀਟ ਤਾਪਸੀ ਨੇ ਰਸੀਦ ਬਾਰੇ ਕੀਤਾ ਤੇ ਤੀਜਾ 2013 ਦੇ ਛਾਪੇ ਬਾਰੇ ਕਰਦਿਆਂ ਲਿਖਿਆ ‘2013 ਦੇ ਛਾਪੇ ਬਾਰੇ ਵੀ ਮੇਰੀਆਂ ਕੁਝ ਯਾਦਾਂ ਹਨ ਜਿਸ ਦਾ ਜ਼ਿਕਰ ਮਾਣਯੋਗ ਵਿੱਤ ਮੰਤਰੀ ਨੇ ਵੀ ਕੀਤਾ ਹੈ ਅਤੇ ਲੱਗਦਾ ਹੈ ਕਿ ਹੁਣ ਮੈਂ ਸਸਤੀ ਵੀ ਨਹੀਂ ਰਹੀ।’ ਇਨ੍ਹਾਂ ਟਵੀਟਾਂ ਤੋਂ ਬਾਅਦ ਅਭਿਨੇਤਰੀ ਕੰਗਨਾ ਰਣੌਤ ਨੇ ਤਾਪਸੀ ਬਾਰੇ ਟਵੀਟ ਕਰਦਿਆਂ ਵਿਅੰਗ ਕੀਤਾ ਕਿ ਉਹ (ਤਾਪਸੀ) ਹਮੇਸ਼ਾ ‘ਸਸਤੀ’ ਹੀ ਰਹੇਗੀ। ਜ਼ਿਕਰਯੋਗ ਹੈ ਕਿ ਕੰਗਨਾ ਦੀ ਭੈਣ ਰੰਗੋਲੀ ਨੇ ਕਾਫ਼ੀ ਦੇਰ ਪਹਿਲਾਂ ਕਿਹਾ ਸੀ ਕਿ ਤਾਪਸੀ ‘ਸਸਤੀ ਅਦਾਕਾਰਾ’ ਹੈ। ਰੰਗੋਲੀ ਦੀ ਇਸ ਟਿੱਪਣੀ ਦਾ ਹੀ ਜਵਾਬ ਦਿੰਦਿਆਂ ਤਾਪਸੀ ਨੇ ਅੱਜ ਆਪਣੇ ਟਵੀਟ ਵਿਚ ਲਿਖਿਆ ‘ਕਿਉਂਕਿ ਹੁਣ ਛਾਪੇ ਇਕ ਬੰਗਲੇ ਜੋ ਕਿ ਉਸ ਕੋਲ ਹੈ ਹੀ ਨਹੀਂ ਤੇ ਪੰਜ ਕਰੋੜ ਦੀ ਰਸੀਦ ਲਈ ਮਾਰੇ ਗਏ ਹਨ, ਇਸ ਦਾ ਮਤਲਬ ਹੈ ਕਿ ਉਹ ਹੁਣ ਪਹਿਲਾਂ ਵਾਂਗ ਸਸਤੀ ਨਹੀਂ ਰਹੀ।’ ਦੱਸਣਯੋਗ ਹੈ ਕਿ ਅਨੁਰਾਗ ਤੇ ਤਾਪਸੀ ਕਈ ਵਿਸ਼ਿਆਂ ਉਤੇ ਆਪਣੀ ਰਾਇ ਖੁੱਲ੍ਹ ਕੇ ਪ੍ਰਗਟਾਉਂਦੇ ਰਹੇ ਹਨ। ਆਈਟੀ ਦੇ ਛਾਪੇ ‘ਫੈਂਟਮ ਫਿਲਮਜ਼’ ਵੱਲੋਂ ਕਥਿਤ ਟੈਕਸ ਚੋਰੀ ਕੀਤੇ ਜਾਣ ਨਾਲ ਜੁੜੇ ਹੋਏ ਸਨ। ਰਿਲਾਇੰਸ ਐਂਟਰਟੇਨਮੈਂਟ ਦੇ ਸੀਈਓ ਸ਼ਿਭਾਸ਼ੀਸ਼ ਸਰਕਾਰ ਤੇ ਮੈਨੇਜਮੈਂਟ ਕੰਪਨੀਆਂ ‘ਕਵਾਨ’ ਅਤੇ ‘ਐਕਸੀਡ’ ਦੇ ਅਧਿਕਾਰੀ ਵੀ ਛਾਪਿਆਂ ਦੇ ਘੇਰੇ ਵਿਚ ਸਨ। ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਨੇ ਕਿਹਾ ਸੀ ਕਿ ਅਭਿਨੇਤਰੀ ਵੱਲੋਂ ਪੰਜ ਕਰੋੜ ਰੁਪਏ ਲਏ ਜਾਣ ਦੇ ਸਬੂਤ ਵਜੋਂ ਰਸੀਦਾਂ ਮੌਜੂਦ ਹਨ ਤੇ ਜਾਂਚ ਜਾਰੀ ਹੈ। ਕੇਂਦਰੀ ਬੋਰਡ ਨੇ ਦਾਅਵਾ ਕੀਤਾ ਸੀ ਕਿ ਫ਼ਿਲਮ ਕੰਪਨੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਲੈਣ-ਦੇਣ ਵਿਚ ਹੇਰ-ਫੇਰ ਹੋਇਆ ਹੈ। ਤਾਪਸੀ ਤੇ ਅਨੁਰਾਗ ‘ਮਨਮਰਜ਼ੀਆਂ'(2018) ਤੋਂ ਬਾਅਦ ਹੁਣ ਆਪਣੀ ਦੂਜੀ ਫ਼ਿਲਮ ‘ਦੋਬਾਰਾ’ ਦੀ ਸ਼ੂਟਿੰਗ ਕਰ ਰਹੇ ਹਨ।

-ਪੀਟੀਆਈ

News Source link