ਯੈਂਗੌਨ, 4 ਮਾਰਚ

ਮਿਆਂਮਾਰ ਵਿੱਚ ਪਹਿਲੀ ਫ਼ਰਵਰੀ ਨੂੰ ਹੋਏ ਰਾਜ ਪਲਟੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਬੁੱਧਵਾਰ ਨੂੰ ਸੁਰੱਖਿਆ ਬਲਾਂ ਦੇ ਜਵਾਨਾਂ ਵੱਲੋਂ ਗੋਲੀਆਂ ਚਲਾਏ ਜਾਣ ਨਾਲ 38 ਵਿਅਕਤੀ ਮਾਰੇ ਗਏ। ਇਹ ਦਾਅਵਾ ਸੰਯੁਕਤ ਰਾਸ਼ਟਰ ਵੱਲੋਂ ਕੀਤਾ ਗਿਆ ਹੈ। ਬੁੱਧਵਾਰ ਨੂੰ 38 ਵਿਅਕਤੀਆਂ ਦੀ ਮੌਤ ਹੋਣ ਦੇ ਬਾਵਜੂਦ ਅੱਜ ਪ੍ਰਦਰਸ਼ਨਕਾਰੀ ਮੁੜ ਸੜਕਾਂ ‘ਤੇ ਉਤਰੇ ਜਿਨ੍ਹਾਂ ਨੂੰ ਖਦੇੜਨ ਲਈ ਸੁਰੱਖਿਆ ਬਲਾਂ ਨੇ ਫਿਰ ਤੋਂ ਤਾਕਤ ਦਾ ਇਸਤੇਮਾਲ ਕੀਤਾ।

ਸੰਯੁਕਤ ਰਾਸ਼ਟਰ ਦੀ ਇਕ ਅਧਿਕਾਰੀ ਨੇ ਸਵਿਟਜ਼ਰਲੈਂਡ ਤੋਂ ਰਸਮੀ ਗੱਲਬਾਤ ਦੌਰਾਨ ਕਿਹਾ ਕਿ ਬੁੱਧਵਾਰ ਨੂੰ ਮਿਆਂਮਾਰ ਵਿੱਚ 38 ਵਿਅਕਤੀ ਮਾਰੇ ਗਏ। ਇਹ ਅੰਕੜਾ ਇਸ ਸਬੰਧੀ ਮਿਲੀਆਂ ਹੋਰ ਖ਼ਬਰਾਂ ਨਾਲ ਮੇਲ ਖਾਂਦਾ ਹੈ ਪਰ ਦੇਸ਼ ਅੰਦਰ ਇਨ੍ਹਾਂ ਅੰਕੜਿਆਂ ਦੀ ਪੁਸ਼ਟੀ ਕਰਨਾ ਮੁਸ਼ਕਿਲ ਹੈ। ਮਿਆਂਮਾਰ ਲਈ ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਾਜਦੂਤ ਕ੍ਰਿਸਟਿਨ ਸ਼ਰਾਨੇਰ ਬਰਗਨਰ ਨੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿੱਚ ਬੁੱਧਵਾਰ ਨੂੰ ਕਿਹਾ, ”ਪਹਿਲੀ ਫਰਵਰੀ ਨੂੰ ਮਿਆਂਮਾਰ ਵਿੱਚ ਰਾਜ ਪਲਟਾ ਹੋਣ ਤੋਂ ਬਾਅਦ ਬੁੱਧਵਾਰ ਸਭ ਤੋਂ ਵੱਧ ਮੌਤਾਂ ਵਾਲਾ ਦਿਨ ਸੀ ਜਿਸ ਵਿਚ 38 ਲੋਕਾਂ ਦੀ ਮੌਤ ਹੋ ਗਈ। ਰਾਜ ਪਲਟਾ ਹੋਣ ਤੋਂ ਬਾਅਦ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਇਸ ਸਬੰਧੀ ਸ਼ੁੱਕਰਵਾਰ ਨੂੰ ਮੀਟਿੰਗ ਕਰ ਸਕਦੀ ਹੈ। ਇਹ ਜਾਣਕਾਰੀ ਕੌਂਸਲ ਦੇ ਇਕ ਰਾਜਦੂਤ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦਿੱਤੀ। ਬਰਤਾਨੀਆ ਨੇ ਮੀਟਿੰਗ ਕਰਨ ਦੀ ਬੇਨਤੀ ਕੀਤੀ ਸੀ।

ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਰਾਜਦੂਤ ਬਰਗਨਰ ਨੇ ਕਿਹਾ ਕਿ ਮਿਆਂਮਾਰ ਦੇ ਲੋਕਾਂ ਦੇ ਰੋਜ਼ਾਨਾ 2000 ਤੋਂ ਵੱਧ ਸੁਨੇਹੇ ਆ ਰਹੇ ਹਨ ਜੋ ਕੌਮਾਂਤਰੀ ਭਾਈਚਾਰੇ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਰਾਜ ਪਲਟਾ ਕਰਨ ਵਾਲੇ ਜਨਰਲਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਨਵੀਆਂ ਪਾਬੰਦੀਆਂ ਤੋਂ ਨਹੀਂ ਡਰਦੇ ਹਨ ਪਰ ਉਹ ਕਾਫੀ ਹੈਰਾਨ ਹਨ ਕਿ ਐਨਾ ਕੁਝ ਕਰਨ ਦੇ ਬਾਵਜੂਦ ਦੇਸ਼ ਵਿੱਚ ਫ਼ੌਜੀ ਸ਼ਾਸਨ ਬਹਾਲ ਕਰਨ ਦੀ ਉਨ੍ਹਾਂ ਦੀ ਯੋਜਨਾ ਸਫ਼ਲ ਨਹੀਂ ਹੋ ਰਹੀ ਹੈ।

ਇਸੇ ਦੌਰਾਨ ਅੱਜ ਵੀ ਰਾਜ ਪਲਟੇ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀ ਸੜਕਾਂ ‘ਤੇ ਆ ਗਏ। ਯੈਂਗੌਨ ਦੇ ਘੱਟੋ ਘੱਟ ਤਿੰਨ ਖੇਤਰਾਂ ਵਿੱਚ ਨਵੇਂ ਪ੍ਰਦਰਸ਼ਨ ਹੋਏ। ਸੋਸ਼ਲ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਅੱਜ ਵੀ ਪੁਲੀਸ ਨੇ ਭੀੜ ਨੂੰ ਖਦੇੜਨ ਲਈ ਤਾਕਤ ਦਾ ਇਸਤੇਮਾਲ ਕੀਤਾ। ਇਸੇ ਦੌਰਾਨ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇਅ ਵਿੱਚ ਵੀ ਪ੍ਰਦਰਸ਼ਨ ਹੋਏ। ਸਵੇਰੇ ਸ਼ਹਿਰ ਵਿੱਚ ਪੰਜ ਜੰਗੀ ਜਹਾਜ਼ ਉੱਡਦੇ ਦੇਖੇ ਗਏ। ਇੰਜ ਜਾਪਦਾ ਸੀ ਕਿ ਇਹ ਲੋਕਾਂ ਨੂੰ ਡਰਾਉਣ ਲਈ ਆਏ ਸਨ।
-ਏਪੀ

ਮਿਆਂਮਾਰ ਵਿੱਚ ਲੋਕਾਂ ਦੇ ਕਤਲੇਆਮ ਤੋਂ ਅਮਰੀਕਾ ਪ੍ਰੇਸ਼ਾਨ

ਵਾਸ਼ਿੰਗਟਨ: ਅਮਰੀਕਾ ਨੇ ਅੱਜ ਕਿਹਾ ਕਿ ਮਿਆਂਮਾਰ ਵਿੱਚ ਮੁੜ ਨਾਗਰਿਕ ਪ੍ਰਬੰਧ ਲਾਗੂ ਕਰਵਾਉਣ ਲਈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਉੱਥੋਂ ਦੇ ਲੋਕਾਂ ਖ਼ਿਲਾਫ਼ ਕੀਤੀ ਗਈ ਭਿਆਨਕ ਹਿੰਸਾ ਨੂੰ ਦੇਖ ਕੇ ਉਹ ਹੈਰਾਨ ਤੇ ਪ੍ਰੇਸ਼ਾਨ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੈੱਡ ਪ੍ਰਾਈਸ ਨੇ ਮਿਆਂਮਾਰ ਦਾ ਪੁਰਾਣਾ ਨਾਮ ਇਸਤੇਮਾਲ ਕਰਦਿਆਂ ਕਿਹਾ, ”ਹੈਰਾਨ ਕਰ ਦੇਣ ਵਾਲੀਆਂ ਖ਼ਬਰਾਂ ਤੇ ਤਸਵੀਰਾਂ ਸਾਹਮਣੇ ਆਉਣੀਆਂ ਜਾਰੀ ਹਨ। ਲੋਕਾਂ ਵੱਲੋਂ ਚੁਣੀ ਸਰਕਾਰ ਦਾ ਰਾਜ ਬਹਾਲ ਕਰਨ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਲੋਕਾਂ ਖ਼ਿਲਾਫ਼ ਕੀਤੀ ਜਾ ਰਹੀ ਭਿਆਨਕ ਹਿੰਸਾ ਦੇਖ ਕੇ ਅਸੀਂ ਹੈਰਾਨ ਤੇ ਪ੍ਰੇਸ਼ਾਨ ਹਾਂ। ਅਸੀਂ ਸਾਰੇ ਦੇਸ਼ਾਂ ਨੂੰ ਇਕ ਸੁਰ ਵਿਚ ਇਸ ਬੇਰਹਿਮ ਹਿੰਸਾ ਖ਼ਿਲਾਫ਼ ਬੋਲਣ ਦਾ ਹੋਕਾ ਦਿੰਦੇ ਹਾਂ।”
-ਪੀਟੀਆਈ

News Source link