ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਾਰਚ

ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਨੇ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਤਹਿਤ ਮੋਦੀ ਸਰਕਾਰ ਕਾਰਪੋਰੇਟਾਂ ਦੇ ਹੱਕ ‘ਚ ਆਰਥਿਕ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਤਹਿਤ ਹੀ ਬਰਨਾਲਾ ਜ਼ਿਲ੍ਹੇ ‘ਚ ਉਨ੍ਹਾਂ ਦੀ ਤੇ ਪਿੰਡ ਛੰਨਾ ਦੇ ਕਿਸਾਨਾਂ ਸਮੇਤ ਗੁਆਂਢੀ ਪਿੰਡਾਂ ਧੌਲੇ ਤੇ ਸੰਘੇੜੇ ਦੇ ਕਿਸਾਨਾਂ ਦੀ ਸੈਂਕੜੇ ਏਕੜ ਜ਼ਮੀਨ ਨਿੱਜੀ ਕੰਪਨੀ ਨੇ ਸਰਕਾਰ ਨਾਲ ਮਿਲ ਕੇ ਹਥਿਆਈ ਗਈ ਸੀ ਤੇ 2008 ‘ਚ ਜ਼ਿਲ੍ਹਾ ਮਾਨਸਾ ਦੇ ਪਿੰਡ ਗੋਬਿੰਦਪੁਰਾ ਦੀ ਜ਼ਮੀਨ ਐਕੁਆਇਰ ਕੀਤੀ ਗਈ ਪਰ ਇਨ੍ਹਾਂ ਜ਼ਮੀਨਾਂ ਉੱਤੇ ਅਜੇ ਤੱਕ ਵੀ ਦੱਸੇ ਗਏ ਪ੍ਰਾਜੈਕਟ ਨਹੀਂ ਲਾਏ ਗਏ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਵਿਕਾਸ ਦੇ ਨਾਂ ਹੇਠ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਦਾ ਅਸਲ ਮਕਸਦ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਮੁਨਾਫਿਆਂ ਦੀ ਗਾਰੰਟੀ ਕਰਨਾ ਹੈ। ਉਨ੍ਹਾਂ ਕਿਸਾਨ ਅੰਦੋਲਨ ਦੇ ਹਮਾਇਤੀ ਫ਼ਿਲਮੀ ਕਲਾਕਾਰਾਂ ਤਾਪਸੀ ਪੰਨੂ ਤੇ ਅਨੁਰਾਗ ਕਸ਼ਯਪ ਦੇ ਘਰ ਆਮਦਨ ਕਰ ਵਿਭਾਗ ਦੇ ਛਾਪਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਘੋਲ ਨੂੰ ਦਬਾਉਣ ਲਈ ਨੀਵੀਂ ਪੱਧਰ ਦੇ ਹੱਥਕੰਡੇ ਅਪਣਾ ਰਹੀ ਹੈ।

ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਮਜ਼ਦੂਰ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਕਿਸਾਨ ਮਜ਼ਦੂਰ ਕਰਜ਼ੇ ਤੇ ਗ਼ਰੀਬੀ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਮੋਦੀ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀ ਬਾਂਹ ਫੜਨ ਦੀ ਥਾਂ ਖੇਤੀ ਕਿੱਤੇ ਨੂੰ ਹੀ ਤਬਾਹ ਕਰਨ ‘ਤੇ ਤੁਲੀ ਹੋਈ ਹੈ। ਉਨ੍ਹਾਂ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 6 ਮਾਰਚ ਨੂੰ ਕੇਐੱਮਪੀ ਰੋਡ ਜਾਮ ਕੀਤਾ ਜਾਵੇਗਾ। ਸਰਬਜੀਤ ਚੀਮਾ ਨੇ ਗੀਤਾਂ ਰਾਹੀਂ ਲੋਕਾਂ ‘ਚ ਜੋਸ਼ ਭਰਿਆ।

News Source link