ਰਵੇਲ ਸਿੰਘ ਭਿੰਡਰ

ਪਟਿਆਲਾ, 3 ਮਾਰਚ

ਪੰਜਾਬੀ ਯੂਨੀਵਰਸਿਟੀ ਦੇ ਡੇਲੀਵੇਜ਼ ਕਰਮਚਾਰੀਆਂ ਨੇ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਅੰਦੋਲਨ ਯੂਨੀਵਰਸਿਟੀ ਪ੍ਰਸ਼ਾਸਨ ਦੇ ਲਿਖਤੀ ਭਰੋਸੇ ਮਗਰੋਂ ਅੱਜ ਵਾਪਸ ਲੈ ਲਿਆ ਹੈ। ਯੂਨੀਵਰਸਿਟੀ ਦੇ ਮੁੱਖ ਗੇਟ ਉਪਰ ਪੱਕੇ ਤੌਰ ‘ਤੇ ਧਰਨਾ ਲਾ ਕੇ ਬੈਠੇ ਕਰਮਚਾਰੀ ਉਥੋਂ ਹਟ ਗਏ ਹਨ ਤੇ ਮਰਨ ਵਰਤ ਵੀ ਖ਼ਤਮ ਕਰ ਦਿੱਤਾ ਹੈ। ਦਿਹਾੜੀਦਾਰ ਮੁਲਾਜ਼ਮਾਂ ਨੇ ਪਿਛਲੇ ਦੋ ਹਫ਼ਤਿਆਂ ਤੋਂ ਮੰਗਾਂ ਲਈ ਸੰਘਰਸ਼ ਤੇਜ਼ ਕੀਤਾ ਹੋਇਆ ਸੀ। ਮੁਲਾਜ਼ਮਾਂ ਵੱਲੋਂ ਯੂਨੀਵਰਸਿਟੀ ਅੰਦਰ ਕਈ ਦਿਨ ਕੂੜਾ ਤੇ ਗੰਦ ਵੀ ਖਿਲਾਰਿਆ ਗਿਆ ਸੀ। ਉਧਰ ਪਿਛਲੇ ਤਿੰਨ ਦਿਨ ਤੋਂ ਡੇਲੀਵੇਜ਼ ‘ਤੇ ਨਿਯੁਕਤ ਸਕਿਉਰਟੀ ਗਾਰਡਾਂ ਵੱਲੋਂ ਮੁੱਖ ਗੇਟ ‘ਤੇ ਮਰਨ ਵਰਤ ਰੱਖਿਆ ਹੋਇਆ ਸੀ। ਮਰਨ ਵਰਤ ‘ਤੇ ਬੈਠੇ ਅਰਵਿੰਦਰ ਸਿੰਘ ਬਾਬਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੇ ਸੰਘਰਸ਼ ਅੱਗੇ ਝੁਕਦਿਆਂ ਤਿੰਨ ਦਿਨ ਦੀ ਸਰਵਿਸ ਬਰੇਕ ਦਾ ਫ਼ੈਸਲਾ ਵਾਪਸ ਲੈ ਲਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਜਿਹੜੀ ਇੱਕ ਦਿਨ ਦੀ ਸਰਵਿਸ ਬਰੇਕ ਪੈ ਰਹੀ ਹੈ, ਉਸਨੂੰ ਬੰਦ ਕਰਨ ਬਾਰੇ ਵੀ ਸੋਚਿਆ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਸੰਘਰਸ਼ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਗੇਟ ਤੋਂ ਮਰਨ ਵਰਤ ਵੀ ਚੁੱਕ ਲਿਆ ਹੈ। ਮਰਨ ਵਰਤ ਖੁਲ੍ਹਵਾਉਣ ਲਈ ਬਾਕਾਇਦਾ ਰਜਿਸਟਰਾਰ ਡਾ. ਦਵਿੰਦਰਜੀਤ ਸਿੰਘ ਸਿੱਧੂ ਤੇ ਡੀਨ ਅਕਾਦਮਿਕ ਮਾਮਲੇ ਡਾ. ਅੰਮ੍ਰਿਤ ਕੌਰ ਮੁੱਖ ਗੇਟ ‘ਤੇ ਪੁੱਜੇ। ਉਨ੍ਹਾਂ ਮਸਲੇ ਦਾ ਲਿਖਤੀ ਭਰੋਸਾ ਦਿੱਤਾ। ਸਫਾਈ ਸੇਵਕ ਤੇ ਸੇਵਾਦਾਰ ਮੁਲਾਜ਼ਮ ਵਿੰਗ ਦੇ ਆਗੂ ਜਤਿੰਦਰ ਕਾਲਾ ਨੇ ਦੱਸਿਆ ਕਿ ਇਸ ਮਗਰੋਂ ਯੂਨੀਵਰਸਿਟੀ ਕੈਂਪਸ ਵਿੱਚ ਖਿਲਾਰੇ ਗਏ ਕੂੜੇ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਗਿਆ ਹੈ।

News Source link