ਰਾਜਿੰਦਰ ਸਿੰਘ ਮਰਾਹੜ

ਭਗਤਾ ਭਾਈ, 3 ਮਾਰਚ

ਪਿੰਡ ਕੋਠਾ ਗੁਰੂ ਵਿੱਚ ਇੱਕ ਕਿਸਾਨ ਦੀ ਖੇਤੀ ਮੋਟਰ ਦਾ ਕੁਨੈਕਸ਼ਨ ਕੱਟਣ ਆਏ ਐੱਸਡੀਓ ਸਮੇਤ ਅੱਧੀ ਦਰਜਨ ਬਿਜਲੀ ਮੁਲਾਜ਼ਮਾਂ ਦਾ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ। ਰੋਹ ਵਿੱਚ ਆਏ ਕਿਸਾਨਾਂ ਨੇ ਬਿਜਲੀ ਮੁਲਾਜ਼ਮਾਂ ਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਸੁਖਜੀਤ ਸਿੰਘ ਕੋਠਾਗੁਰੂ ਅਤੇ ਜਸਪਾਲ ਸਿੰਘ ਪਾਲਾ ਨੇ ਦੋਸ਼ ਲਾਇਆ ਕਿ ਪਾਵਰਕੌਮ ਦੇ ਕੁਝ ਮੁਲਾਜ਼ਮਾਂ ਨੇ ਪਿੰਡ ਕੋਠਾ ਗੁਰੂ ਦੇ ਕਿਸਾਨ ਰਣਧੀਰ ਸਿੰਘ ਨੂੰ ਕਥਿਤ ਰਿਸ਼ਵਤ ਲੈ ਕੇ ਮੋਟਰ ਦਾ ਕੁਨੈਕਸ਼ਨ ਦੇ ਦਿੱਤਾ ਸੀ, ਜੋ ਕਿ ਪਿਛਲੇ ਕਰੀਬ ਦੋ ਸਾਲ ਤੋਂ ਚਲਦਾ ਆ ਰਿਹਾ ਹੈ। ਅੱਜ ਦੁਪਹਿਰ ਵੇਲੇ ਬਿਜਲੀ ਮੁਲਾਜ਼ਮਾਂ ਨੇ ਕੁਨੈਕਸ਼ਨ ਕੱਟ ਦਿੱਤਾ। ਇਸ ਦਾ ਪਤਾ ਲੱਗਣ ‘ਤੇ ਜਥੇਬੰਦੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨਾਂ ਤੇ ਔਰਤਾਂ ਨੇ ਮੌਕੇ ‘ਤੇ ਕੁਨੈਕਸ਼ਨ ਕੱਟਣ ਆਏ ਐੱਸਡੀਓ ਭਗਤਾ ਤੇ ਬਾਕੀ ਬਿਜਲੀ ਮੁਲਾਜ਼ਮਾਂ ਦਾ ਘਿਰਾਓ ਕਰ ਲਿਆ। ਉਧਰ ਐੱਸਡੀਓ ਭਗਤਾ ਭਾਈ ਬੇਅੰਤ ਸਿੰਘ ਨੇ ਕਿਸਾਨ ਵੱਲੋਂ ਵਿਭਾਗ ‘ਤੇ ਰਿਸ਼ਵਤ ਲੈਣ ਸਬੰਧੀ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਇਹ ਕੁਨੈਕਸ਼ਨ ਜਾਅਲੀ ਚੱਲ ਰਿਹਾ ਸੀ। ਵਿਭਾਗ ਨੇ ਪੜਤਾਲ ਉਪਰੰਤ ਕੁਨੈਕਸ਼ਨ ਕੱਟਣ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ।

News Source link