ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 28 ਫਰਵਰੀ

ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ‘ਚ ਚੱਲ ਰਹੇ ਅੰਦੋਲਨ ਨੂੰ ਹੋਰ ਭਖਾਉਣ ਲਈ ਕਿਸਾਨ ਯੂਨੀਅਨਾਂ ਵੱਲੋਂ ਥਾਂ-ਥਾਂ ਮਹਾਪੰਚਾਇਤਾਂ ਕਰਕੇ ਕਿਸਾਨਾਂ ਦੀ ਲਾਮਬੰਦੀ ਜਾਰੀ ਹੈ। ਇਸੇ ਸਿਲਸਿਲੇ ਤਹਿਤ ਪੰਜਾਬੀ ਵਸੋਂ ਵਾਲੇ ‘ਤਰਾਈ’ ਇਲਾਕੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਥਾਨਕ ਕਿਸਾਨ ਯੂਨੀਅਨਾਂ ਦੇ ਸਹਿਯੋਗ ਨਾਲ ਰੁਦਰਪੁਰ (ਸ਼ਹੀਦ ਊਧਮ ਸਿੰਘ ਨਗਰ, ਉੱਤਰਾਖੰਡ) ਦੇ ਕਿਸਾਨ ਮੈਦਾਨ ਵਿੱਚ 1 ਮਾਰਚ ਨੂੰ ਮਹਾਪੰਚਾਇਤ ਬੁਲਾਈ ਗਈ ਹੈ।

ਗਾਜ਼ੀਪੁਰ ਮੋਰਚੇ ‘ਤੇ ਪ੍ਰਬੰਧ ਸਾਂਭ ਰਹੇ ਕਿਸਾਨ ਆਗੂ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਮਹਾਪੰਚਾਇਤ ਵਿੱਚ ਲੱਗਪਗ ਇੱਕ ਲੱਖ ਕਿਸਾਨਾਂ ਦਾ ਇਕੱਠ ਹੋਣ ਦੀ ਉਮੀਦ ਹੈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ, ਬੀਕੇਯੂ ਦੇ ਆਗੂ ਰਾਕੇਸ਼ ਟਿਕੈਤ, ਹਰਿਆਣਾ ਦੇੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ, ਜਗਤਾਰ ਸਿੰਘ ਬਾਜਵਾ, ਤੇਜਿੰਦਰ ਸਿੰਘ ਵਿਰਕ ਤੋਂ ਇਲਾਵਾ ਰੁਦਰਪੁਰ ਦੇ ਕਿਸਾਨ ਆਗੂ ਗੁਰਸੇਵਕ ਸਿੰਘ ਅਤੇ ਗੁਰੀ ਰੰਧਾਵਾ ਆਦਿ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ।

ਮਹਾਪੰਚਾਇਤ ਦੀਆਂ ਤਿਆਰੀਆਂ ਵਿੱਚ ਲੱਗੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ ਸਿਆਸੀ ਆਗੂਆਂ ਨੂੰ ਇਸ ਮਹਾਪੰਚਾਇਤ ਤੋਂ ਦੂਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਜੋ ਉਬਾਲ ਹੈ ਉਸ ਦਾ ਅਸਰ ਉੱਤਰ ਪ੍ਰਦੇਸ਼ ਦੇ ਹੋਰ ਜ਼ਿਲ੍ਹਿਆਂ ਵਿੱਚ ਪਹੁੰਚ ਚੁੱਕਾ ਹੈ। ਮੱਧ ਉੱਤਰ ਪ੍ਰਦੇਸ਼ ਤੇ ਪੂਰਬੀ ਉੱਤਰ ਪ੍ਰਦੇਸ਼ ਵਿੱਚ ਕਿਸਾਨ ਲਾਮਬੰਦ ਹੋਣ ਲੱਗੇ ਹਨ।

News Source link