ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 28 ਫਰਵਰੀ

ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਡਟੇ ਹੋਏ ਕਿਸਾਨਾਂ ਦਾ ਉਤਸ਼ਾਹ ਬਰਕਰਾਰ ਹੈ। ਕਿਸਾਨ ਨੇਤਾਵਾਂ ਨੇ ਇੱਕ ਵਾਰ ਫਿਰ ਸਟੇਜ ਤੋਂ ਐਲਾਨ ਕੀਤਾ ਹੈ ਕਿ ਉਹ ਪਿੱਛੇ ਨਹੀਂ ਹਟਣਗੇ। ਸਰਕਾਰ ਗੱਲਬਾਤ ਲਈ ਕੋਈ ਸਮਾਂ ਲੈ ਸਕਦੀ ਹੈ ਪਰ ਉਹ ਆਪਣੇ ਅਧਿਕਾਰ ਲੈਣ ਤੋਂ ਬਾਅਦ ਹੀ ਵਾਪਸ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ ਹੈ, ਬਲਕਿ ਗਰੀਬ, ਮਜ਼ਦੂਰ, ਵਕੀਲ ਤੇ ਕਲਾਕਾਰ ਵੀ ਕਿਸਾਨਾਂ ਦੇ ਨਾਲ ਹਨ।

ਅੱਜ ਟੀਵੀ ਕਲਾਕਾਰ ਕਾਜਲ ਨਿਸ਼ਾਦ ਕਿਸਾਨਾਂ ਦੀ ਹਮਾਇਤ ਵਿੱਚ ਮੁੰਬਈ ਤੋਂ ਇੱਥੇ ਪਹੁੰਚੀ। ਉਨ੍ਹਾਂ ਮੰਚ ਤੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦਾ ਸਬਰ ਦਾ ਇਮਤਿਹਾਨ ਨਾ ਲਓ। ਨਿਸ਼ਾਦ ਨੇ ਕਿਹਾ ਕਿ ਕੁਝ ਚੈਨਲ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਵਿਚ ਲੱਗੇ ਹੋਏ ਹਨ ਪਰ ਕਿਸਾਨੀ ਲਹਿਰ ਕਮਜ਼ੋਰ ਨਹੀਂ ਹੋ ਰਹੀ। ਇਹ ਕਈ ਵਾਰ ਸਿੱਧ ਹੋ ਚੁੱਕਾ ਹੈ ਤੇ ਕਿਸਾਨ ਇਸ ਨੂੰ ਹੋਰ ਵੀ ਮਜ਼ਬੂਤ ਸਾਬਤ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਹੈ ਤੇ ਅੱਜ ਤੱਕ ਸਰਕਾਰ ਇਹ ਨਹੀਂ ਦੱਸ ਸਕੀ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੀ ਹੈ ਜਿਸ ਨੂੰ ਲਾਗੂ ਕਰਨਾ ਇੰਨਾ ਮਹੱਤਵਪੂਰਨ ਹੋ ਗਿਆ ਹੈ।

ਮੁੱਖ ਸਟੇਜ ਤੋਂ ਨਿਸ਼ਾਦ ਤੇ ਹੋਰ ਕਲਾਕਾਰਾਂ ਨੇ ਸਨੀ ਦਿਓਲ ‘ਤੇ ਵਿਅੰਗ ਕਸਦਿਆਂ ਕਿਹਾ ਕਿ ਕੁਝ ਲੋਕ ਸਿਰਫ ਪਾਕਿਸਤਾਨ ‘ਚ ਜਾ ਕੇ ਹੈਂਡਪੰਪ ਪੁੱਟਣ ਦੀ ਅਦਾਕਾਰੀ ਕਰਕੇ ਪ੍ਰਸ਼ੰਸਾ ਬਟੋਰਦੇ ਹਨ ਤੇ ਅਸਲ ‘ਚ ਉਹ ‘ਜਾਅਲੀ’ ਹੀਰੋ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਜੇ ਦੇਵਗਨ, ਅਕਸ਼ੈ ਕੁਮਾਰ ਤੇ ਅਮਿਤਾਭ ਬੱਚਨ ਜਾਅਲੀ ਹੀਰੋ ਸਾਬਤ ਹੋਏ ਹਨ। ਇਹ ਲੋਕ ਪਿਛਲੀਆਂ ਸਰਕਾਰਾਂ ਸਮੇਂ ਮਹਿੰਗਾਈ ਬਾਰੇ ਬੋਲਦੇ ਸਨ ਪਰ ਹੁਣ ਚੁੱਪ ਵੱਟੀ ਬੈਠੇ ਹਨ।

News Source link