ਨਵੀਂ ਦਿੱਲੀ, 26 ਫਰਵਰੀ

ਭਾਰਤ ਦੇ ਇੱਕ ਮੀਡੀਆ ਘਰਾਣੇ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੌਰਾਨ ਅਪੁਸ਼ਟ ਵੀਡੀਓ ਆਪਣੇ ਚੈਨਲ ‘ਤੇ ਚਲਾ ਕੇ ਸਿੱਖਾਂ ਖ਼ਿਲਾਫ਼ ‘ਹਮਲਾਵਰ ਅਤੇ ਸੰਭਾਵੀ ਘਾਤਕ’ ਹਮਲਾ ਕੀਤਾ ਹੈ। ਦਿੱਲੀ ਹਾਈ ਕੋਰਟ ਵਿੱਚ ਦਾਖ਼ਲ ਹਲਫ਼ਨਾਮੇ ਵਿੱਚ ਮੀਡੀਆ ਘਰਾਣੇ ਨੇ ਦਾਅਵਾ ਕੀਤਾ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਕੋਈ ਵੀ ਗੱਲ ਨਹੀਂ ਆਖੀ ਗਈ। ਦੋ ਜਨਹਿੱਤ ਪਟੀਸ਼ਨਾਂ ਦੇ ਜਵਾਬ ਵਿੱਚ ਇਹ ਦਾਅਵਾ ਕੀਤਾ ਗਿਆ ਸੀ। ਪਟੀਸ਼ਨਾਂ ਵਿੱਚ ਦੋਸ਼ ਲਾਇਆ ਗਿਆ ਸੀ ਕਿ ਮੀਡੀਆ ਘਰਾਣੇ ਨੇ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਅਪੁਸ਼ਟ ਵੀਡੀਓ ਦਾ ਆਪਣੇ ਚੈਨਲ ‘ਤੇ ਪ੍ਰਸਾਰਨ ਕਰ ਕੇ ਸਿੱਖ ਭਾਈਚਾਰੇ ‘ਤੇ ‘ਮਨਘੜਤ, ਹਮਲਾਵਰ ਅਤੇ ਸੰਭਾਵੀ ਘਾਤਕ’ ਹਮਲਾ ਕੀਤਾ ਹੈ। ਪਟੀਸ਼ਨਾਂ ਦੇ ਜਵਾਬ ਵਿੱਚ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਵੀ ਆਪਣਾ ਜਵਾਬ ਦਾਖ਼ਲ ਕਰਦਿਆਂ ਕਿਹਾ ਕਿ ਇਹ ਚੈਨਲ ਮਾਲਕ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਏ ਕਿ ਟੀਵੀ ‘ਤੇ ਨਸ਼ਰ ਪ੍ਰੋਗਰਾਮ ‘ਚ ਕੇਬਲ ਟੈਲੀਵਿਜ਼ਨ ਨੈਟਵਰਕ (ਸੀਟੀਐੱਨ) ਕਾਨੂੰਨ ਤਹਿਤ ਪ੍ਰੋਗਰਾਮ ਕੋਡ ਦੀ ਉਲੰਘਣਾ ਨਹੀਂ ਹੋਈ। ਇਹ ਪਟੀਸ਼ਨਾਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਵਾਸੀ ਮਨਜੀਤ ਸਿੰਘ ਜੀਕੇ ਵੱਲੋਂ ਪਾਈਆਂ ਗਈਆਂ ਸਨ। ਉਨ੍ਹਾਂ ਪਟੀਸ਼ਨਾਂ ਵਿੱਚ ਦਾਅਵਾ ਕੀਤਾ ਸੀ ਕਿ ਇੱਕ ਖ਼ਾਸ ਫ਼ਿਰਕੇ ਖ਼ਿਲਾਫ਼ ਕੂੜ-ਪ੍ਰਚਾਰ ਅਜਿਹੇ ਮੌਕੇ ਕਰਨਾ ਖ਼ਤਰਨਾਕ ਹੋ ਸਕਦਾ ਹੈ, ਜਦੋਂ ਲੋਕਾਂ ਦੀਆਂ ਭਾਵਨਾਵਾਂ ਬੇਕਾਬੂ ਹਨ। -ਪੀਟੀਆਈ

News Source link