ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 26 ਫ਼ਰਵਰੀ

ਇਕੇ ਆਜ਼ਾਦ ਸੰਘਰਸ਼ ਕਮੇਟੀ ਨੇ ਕਿਸਾਨੀ ਅੰਦੋਲਨ ਉੱਪਰ ਕੀਤੀ ਟਿੱਪਣੀ ਵਿਰੁਧ ਭਾਜਪਾ ਆਗੂ ਰਜੀਵ ਕੁਮਾਰ ਮਾਣਾ ਦੇ ਘਰ ਦਾ ਘਿਰਾਓ ਕਰਦਿਆਂ ਉਨ੍ਹਾਂ ਦੇ ਘਰ ਬਾਹਰ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਆਗੂ ਦਿਲਬਾਗ ਸਿੰਘ ਅਤੇ ਜਮਹੂਰੀ ਕਿਸਾਨ ਸਭਾ ਦੀ ਆਗੂ ਗੁਰਮੇਜ ਸਿੰਘ ਤਿੰਮੋਵਾਲ ਨੇ ਦੱਸਿਆ ਰਾਜੀਵ ਕੁਮਾਰ ਮਾਣਾ ਵੱਲੋਂ ਕਿਸਾਨੀ ਅੰਦੋਲਨ ਖ਼ਿਲਾਫ਼ ਟਿੱਪਣੀ ਕੀਤੀ ਗਈ ਸੀ, ਜਿਸ ਕਾਰਨ ਅੱਜ ਉਸ ਦੇ ਘਰ ਦਾ ਘਿਰਾਓ ਕੀਤਾ ਗਿਆ ਹੈ। ਉਨ੍ਹਾਂ ਕਿਹਾ ਰਾਜੀਵ ਕੁਮਾਰ ਮਾਣਾ ਨੇ ਪਹਿਲਾਂ ਵੀ ਕਿਸਾਨੀ ਅੰਦੋਲਨ ਖ਼ਿਲਾਫ਼ ਵਿਵਾਦਿਤ ਬਿਆਨ ਦਿੱਤਾ ਸੀ। ਆਗੂਆਂ ਨੇ ਭਾਜਪਾ ਨੇਤਾ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਉਹ ਆਪਣੇ ਵਿਵਾਦਤ ਬਿਆਨਾਂ ਤੋਂ ਬਾਜ਼ ਨਹੀਂ ਆਏ ਤਾਂ ਕਿਸਾਨਾਂ ਨੂੰ ਮਾਣਾ ਦੇ ਘਰ ਦੇ ਨਾਲ-ਨਾਲ ਉਨ੍ਹਾਂ ਦੀਆਂ ਦੁਕਾਨਾਂ ਦਾ ਘਿਰਾਓ ਕਰਨਾ ਪਵੇਗਾ। ਭਾਜਪਾ ਨੇਤਾ ਰਾਜੀਵ ਕੁਮਾਰ ਮਾਣਾ ਨੇ ਕਿਹਾ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਫ਼ਾਇਦੇ ਲਈ ਬਣਾਏ ਗਏ ਹਨ। ਇਹ ਕਾਨੂੰਨ ਵਿਚੋਲਗੀ ਸਿਸਟਮ ਨੂੰ ਖਤਮ ਕਰਨ ਲਈ ਹਨ। ਇਸ ਮੌਕੇ ਦਿਲਬਾਗ ਸਿੰਘ ਰਾਜੇਵਾਲ, ਸੇਠ ਪਰਮਜੀਤ ਸਿੰਘ ਨਿਜਰਪੁਰਾ, ਮੇਘ ਸਿੰਘ, ਸੂਬਾ ਸਿੰਘ, ਕੁਲਬੀਰ ਸਿੰਘ ਮਿਹਰਬਾਨਪੁਰਾ, ਹਰਪਵਨ ਸਿੰਘ, ਬੀਬੀ ਗੁਰਨਾਮ ਕੌਰ, ਕਲਵੰਤ ਕੌਰ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ।

News Source link