ਆਤਿਸ਼ ਗੁਪਤਾ
ਚੰਡੀਗੜ੍ਹ, 25 ਫਰਵਰੀ

ਕਿਸਾਨਾਂ ਦੀ ਹਮਾਇਤ ਵਿੱਚ ਹਰਿਆਣਾ ਦੀ ਖੱਟਰ ਸਰਕਾਰ ਤੋਂ ਸਮਰਥਨ ਵਾਪਸ ਲੈ ਚੁੱਕੇ ਹਲਕਾ ਮਹਿਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਦੇ ਰੋਹਤਕ ਵਿੱਚ ਸੈਕਟਰ-14 ‘ਚ ਸਥਿਤ ਘਰ ਵਿੱਚ ਅੱਜ ਸਵੇੇਰੇ ਆਮਦਨ ਕਰ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਜੋ ਦੇਰ ਸ਼ਾਮ ਤੱਕ ਚੱਲਦਾ ਰਿਹਾ। ਜਾਣਕਾਰੀ ਅਨੁਸਾਰ ਟੀਮ ਨੇ ਕੁੰਡੂ ਦੇ ਗੁਰੂਗ੍ਰਾਮ, ਦਿੱਲੀ ਤੇ ਰੋਹਤਕ ਵਿੱਚ ਸਥਿਤ ਘਰ ਅਤੇ ਦਫ਼ਤਰ ਤੋਂ ਇਲਾਵਾ ਹਿਸਾਰ ਵਿੱਚ ਸਥਿਤ ਸਹੁਰਾ ਘਰ ਸਮੇਤ ਲਗਪਗ 30 ਥਾਵਾਂ ‘ਤੇ ਛਾਪੇ ਮਾਰੇ ਹਨ। ਜਾਣਕਾਰੀ ਅਨੁਸਾਰ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਕੰਸਟਰੱਕਸ਼ਨ ਕੰਪਨੀ ਚਲਾਉਂਦੇ ਹਨ।

ਵਿਧਾਇਕ ਬਲਰਾਜ ਕੁੰਡੂ

ਅਧਿਕਾਰੀਆਂ ਨੇ ਘਰ ਦੀ ਤਲਾਸ਼ੀ ਲੈਂਦਿਆਂ ਆਮਦਨ ਕਰ ਸਬੰਧੀ ਸਾਰੇ ਦਸਤਾਵੇਜ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਦੌਰਾਨ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਨਾ ਕਿਸੇ ਨੂੰ ਘਰ ਜਾਂ ਦਫ਼ਤਰ ਦੇ ਅੰਦਰ ਦਾਖ਼ਲ ਹੋਣ ਦਿੱਤਾ ਗਿਆ ਅਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦੀ ਪ੍ਰਵਾਨਗੀ ਦਿੱਤੀ ਗਈ। ਇਸ ਬਾਰੇ ਵਿਧਾਇਕ ਸ੍ਰੀ ਕੁੰਡੂ ਨਾਲ ਫੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਹਿਲਾਂ ਉਨ੍ਹਾਂ ਫੋਨ ਨਹੀਂ ਚੁੱਕਿਆ ਅਤੇ ਬਾਅਦ ਵਿੱਚ ਇਹ ਬੰਦ ਆ ਰਿਹਾ ਸੀ।

ਦੱਸਣਯੋਗ ਹੈ ਕਿ ਮਹਿਮ ਤੋਂ ਆਜ਼ਾਦ ਵਿਧਾਇਕ ਬਲਰਾਜ ਕੁੰਡੂ ਪਹਿਲੇ ਦਿਨ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ ਜਿਨ੍ਹਾਂ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਮੁਜ਼ਾਹਰੇ ਕੀਤੇ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਚੱਲ ਰਹੇ ਸੰਘਰਸ਼ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋ ਚੁੱਕੇ ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਿੱਤੇ ਜਦਕਿ ਸਿੰਘੂ ਬਾਰਡਰ ‘ਤੇ ਕਿਸਾਨ ਰਸੋਈ ਵੀ ਚਲਾਈ ਜਾ ਰਹੀ ਹੈ। ਉਨ੍ਹਾਂ ਸਾਲ 2020 ਵਿੱਚ ਕਿਸਾਨਾਂ ਦੀ ਹਮਾਇਤ ਕਰਦਿਆਂ ਖੱਟਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਇਸ ਤੋਂ ਪਹਿਲਾਂ ਹਲਕਾ ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਵੀਰ ਸਾਂਗਵਾਨ ਨੇ ਭਾਜਪਾ ਸਰਕਾਰ ਤੋਂ ਸਮਰਥਨ ਵਾਪਸ ਲਿਆ ਹੋਇਆ ਹੈ।

ਛਾਪਿਆਂ ਖ਼ਿਲਾਫ਼ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇ

ਆਜ਼ਾਦ ਉਮੀਦਵਾਰ ਬਲਰਾਜ ਕੁੰਡੂ ਦੇ ਘਰ ਆਮਦਨ ਘਰ ਵਿਭਾਗ ਵੱਲੋਂ ਮਾਰੇ ਗਏ ਛਾਪੇ ਦਾ ਕਿਸਾਨ ਯੂਨੀਅਨਾਂ ਨੇ ਵਿਰੋਧ ਕੀਤਾ। ਉਨ੍ਹਾਂ ਸੂਬੇ ਵਿੱਚ ਕਈ ਥਾਵਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਸਾੜੇ। ਚਰਖੀ ਦਾਦਰੀ ਵਿੱਚ ਮੁਜ਼ਾਹਰਾ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਆਮਦਨ ਕਰ ਵਿਭਾਗ ਤੋਂ ਛਾਪੇ ਮਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਆੜ੍ਹਤੀਆਂ ਦੇ ਘਰਾਂ ‘ਚ ਛਾਪੇ ਮਾਰ ਕੇ ਕਿਸਾਨ ਆਗੂਆਂ ਨੂੰ ਨੋਟਿਸ ਭੇਜੇ ਸਨ, ਪਰ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਣਗੇ।

ਭਾਰਤੀ ਕਿਸਾਨ ਯੂਨੀਅਨ ਨੇ ਛਾਪਿਆਂ ਦੀ ਨਿਖੇਧੀ ਕੀਤੀ

ਆਜ਼ਾਦ ਵਿਧਾਇਕ ਬਲਰਾਜ ਕੁੰਡੂ ਖ਼ਿਲਾਫ਼ ਆਮਦਨ ਕਰ ਵਿਭਾਗ ਦੀ ਟੀਮ ਵੱਲੋਂ ਮਾਰੇ ਗਏ ਛਾਪਿਆਂ ਦੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਨਿਖੇਧੀ ਕੀਤੀ ਹੈ। ਕਿਸਾਨ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਹਮਾਇਤੀਆਂ ਦੀ ਆਵਾਜ਼ ਦਬਾਉਣ ਲਈ ਛਾਪੇ ਮਾਰੇ ਜਾ ਰਹੇ ਹਨ, ਪਰ ਕਿਸਾਨ ਪਿੱਛੇ ਹਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਅਤੇ ਹਰ ਹਰਿਆਣਾ ਵਾਸੀ ਵਿਧਾਇਕ ਕੁੰਡੂ ਦੇ ਨਾਲ ਖੜ੍ਹਾ ਹੈ।

News Source link