ਮਨਾਲੀ: ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ਮਨਾਲੀ ਵਿੱਚ ਕੈਫੇ ਅਤੇ ਰੈਸਤਰਾਂ ਖੋਲ੍ਹ ਕੇ ਖਾਣ-ਪੀਣ ਦਾ ਕਾਰੋਬਾਰ ਸ਼ੁਰੂ ਕਰਨ ਜਾ ਰਹੀ ਹੈ। ਅੱਜ ਉਸ ਨੇ ਉਸ ਜਗ੍ਹਾ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ, ਜਿੱਥੇ ਉਸ ਦਾ ਕੈਫੇ ਸਥਾਪਤ ਕੀਤਾ ਜਾਵੇਗਾ। ਕੰਗਨਾ ਨੇ ਇਸ ਨੂੰ ਆਪਣਾ ਸੁਫ਼ਨਾ ਦੱਸਦਿਆਂ ਕਿਹਾ ਕਿ ਉਹ ਸਿਨੇਮਾ ਤੋਂ ਇਲਾਵਾ ਖਾਣੇ ਦਾ ਵੀ ਸ਼ੌਕ ਰੱਖਦੀ ਹੈ। ਉਸ ਨੇ ਟਵੀਟ ਵਿੱਚ ਲਿਖਿਆ, ”ਮੇਰੇ ਸੁਫਨੇ, ਮੇਰੇ ਨਵੇਂ ਉੱਦਮ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ, ਜੋ ਸਾਨੂੰ ਹੋਰ ਨੇੜੇ ਲਿਆਵੇਗਾ। ਫਿਲਮਾਂ ਤੋਂ ਇਲਾਵਾ ਭੋਜਨ ਮੇਰਾ ਦੂਸਰਾ ਜਨੂੰਨ ਹੈ। ਖਾਣ-ਪੀਣ ਦੇ ਕਾਰੋਬਾਰ ਵਿੱਚ ਛੋਟਾ ਜਿਹਾ ਕਦਮ ਰੱਖਦਿਆਂ ਮਨਾਲੀ ਵਿੱਚ ਆਪਣਾ ਪਹਿਲਾ ਕੈਫੇ ਅਤੇ ਰੈਸਤਰਾਂ ਬਣਾ ਰਹੀ ਹਾਂ। ਸ਼ਾਨਦਾਰ ਕੰਮ ਕਰਨ ਲਈ ਮੇਰੀ ਟੀਮ ਦਾ ਧੰਨਵਾਦ।” ਹਾਲ ਹੀ ਵਿੱਚ ਕੰਗਨਾ ਨੇ ਸੋਸ਼ਲ ਮੀਡੀਆ ਜ਼ਰੀਏ ਆਪਣੇ ਇਸ ਨਵੇਂ ਉੱਦਮ ਬਾਰੇ ਇਸ਼ਾਰਾ ਕੀਤਾ ਸੀ ਪਰ ਇਸ ਬਾਰੇ ਉਸ ਨੇ ਜ਼ਿਆਦਾ ਵੇਰਵੇ ਨਹੀਂ ਦਿੱਤੇ ਸਨ। ਆਪਣੀ ਅਗਲੀ ਫਿਲਮ ‘ਧਾਕੜ’ ਦੀ ਭੋਪਾਲ ਵਿੱਚ ਸ਼ੂਟਿੰਗ ਕਰਨ ਮਗਰੋਂ ਐਤਵਾਰ ਨੂੰ ਟਵੀਟ ਕਰ ਕੇ ਉਸ ਨੇ ਇਸ ਬਾਰੇ ਇਸ਼ਾਰਾ ਕੀਤਾ ਸੀ। ਉਸ ਨੇ ਲਿਖਿਆ ਸੀ, ”ਸ਼ਡਿਊਲ ਪੂਰਾ ਹੋਇਆ… ਸਭ ਤੋਂ ਸ਼ਾਨਦਾਰ ਲੋਕ ਚੀਫ ਰਾਜ਼ੀ ਅਤੇ ਮੇਰੇ ਪਿਆਰੇ ਦੋਸਤ ਸੋਹੇਲ ਦਾ ਧੰਨਵਾਦ। ਕਮਾਲ ਦੀ ਟੀਮ, ਮੈਂ ਆਪਣੀ ਜ਼ਿੰਦਗੀ ਦਾ ਬਿਹਤਰੀਨ ਸਮਾਂ ਗੁਜ਼ਾਰਿਆ। ‘ਧਾਕੜ’ ਬਹੁਤ ਹੀ ਸ਼ਾਨਦਾਰ ਹੋਣ ਜਾ ਰਹੀ ਹੈ। ਹੁਣ ਦੂਸਰੇ ਮਿਸ਼ਨ ‘ਤੇ ਜਾ ਰਹੀ ਹਾਂ। ਜਲਦੀ ਹੀ ਕੁੱਝ ਨਵਾਂ ਕੀਤਾ ਜਾ ਰਿਹਾ ਹੈ।” -ਆਈਏਐੱਨਐੱਸ

News Source link