ਠਾਕੁਰਨਗਰ (ਪੱਛਮੀ ਬੰਗਾਲ), 25 ਫਰਵਰੀ

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੇ ਵੀਰਵਾਰ ਕਿਹਾ ਕਿ ਭਾਜਪਾ ਵੱਲੋਂ ਬੰਗਾਲ ਦੀ ਸੱਤਾਧਾਰੀ ਪਾਰਟੀ ਨੂੰ ‘ਜੈ ਬਾਂਗਲਾ’ (ਜੈ ਬੰਗਾਲ) ਕਹਿਣ ‘ਤੇ ਬੰਗਲਦੇਸ਼ ਪੱਖੀ ਕਿਵੇਂ ਕਿਹਾ ਜਾ ਸਕਦਾ ਹੈ ਜਦਕਿ ਉਸ (ਭਾਜਪਾ) ਦਾ ਆਪਣਾ ਨਾਅਰਾ ‘ਸੋਨਾਰ ਬਾਂਗਲਾ’ (ਸੁਨਹਿਰੀ ਬੰਗਾਲ) ਹੈ, ਜੋ ਕਿ ਬੰਗਲਾਦੇਸ਼ ਦੇ ਕੌਮੀ ਤਰਾਨੇ ਦਾ ਹਿੱਸਾ ਹੈ। ਬੈਨਰਜੀ ਨੇ ਇਹ ਵੀ ਕਥਿਤ ਦੋਸ਼ ਲਾਇਆ ਕਿ ਉਸ ਨੂੰ ਠਾਕੁਰਨਗਰ ਦੇ ਮਟੂਆ ‘ਚ ਆਉਣ ਤੋਂ ਰੋਕਣ ਲਈ ਹੈਲੀਪੈਡ ‘ਤੇ ਪਾਣੀ ਵੀ ਪਾ ਦਿੱਤਾ ਗਿਆ ਸੀ। ਠਾਕੁਰਨਗਰ ‘ਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਟੀਐੱਮਸੀ ਦੇ ਯੂਥ ਵਿੰਗ ਦੇ ਪ੍ਰਧਾਨ ਅਭਿਸ਼ੇਕ ਨੇ ਕਿਹਾ, ‘ਉਹ (ਭਾਜਪਾ) ਸਾਨੂੰ ਜੈ ਬਾਂਗਲਾ ਦਾ ਨਾਅਰਾ ਲਾਉਣ ‘ਤੇ ਬੰਗਲਾਦੇਸ਼ੀ ਕਹਿ ਰਹੀ ਹੈ। ਪਰ ਉਹ ਆਪਣੇ ਨਾਅਰੇ ‘ਸੋਨਾਰ ਬਾਂਗਲਾ’ ਬਾਰੇ ਕੀ ਕਹਿਣਗੇ ਜੋ ਕਿ ਬੰਗਲਾਦੇਸ਼ ਦੇ ਕੌਮੀ ਤਰਾਨੇ ਦਾ ਹਿੱਸਾ ਹੈ।’ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬੰਗਾਲ ਵਿੱਚ ਮੀਟਿੰਗਾਂ ਕਰ ਰਹੇ ਭਾਜਪਾ ਨੇਤਾਵਾਂ ਕੇਂਦਰੀ ਮੰਤਰੀ ਅਮਿਤ ਸ਼ਾਹ ਅਤੇ ਜੇ.ਪੀ. ਨੱਢਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ‘ਮੈਂ ਇਸ ਮਿੱਟੀ ਦਾ ਪੁੱਤਰ ਹਾਂ, ਤੁਹਾਡੇ ਵਾਂਗ ਬਾਹਰ ਵਾਲਾ ਨਹੀਂ। ਬੰਗਲਾ ਦੇ ਵੋਟਰ ਤੁਹਾਨੂੰ ਨਕਾਰ ਦੇਣਗੇ।’ -ਪੀਟੀਆਈ

News Source link