ਮਹਿੰਦਰ ਸਿੰਘ ਰੱਤੀਆਂ

ਮੋਗਾ, 24 ਫਰਵਰੀ

ਇਥੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਆਗੂਆਂ ਦੀ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਵਿੱਚ ਕਾਰਗੁਜ਼ਾਰੀ ਲਈ ਸੱਦੀ ਸਮੀਖਿਆ ਮੀਟਿੰਗ ਮੌਕੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਹਾਰੇ ਆਗੂਆਂ ਨੇ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਸ਼ਰਮਨਾਕ ਹਾਰ ਲਈ ਜ਼ਿੰਮੇਦਾਰ ਠਹਿਰਾਉਂਦਿਆਂ ਗੱਦਾਰ ਅਤੇ ਅਕਾਲੀ ਦਲ ਦੇ ਹਮਾਇਤੀ ਤੱਕ ਆਖ ਦਿੱਤਾ।ਇਥੇ ਹੋਟਲ ਵਿਖੇ ਮੀਟਿੰਗ ਦੌਰਾਨ ਦੋ ਆਗੂਆਂ ਦੀ ਆਪਸ ਵਿੱਚ ਬਹਿਬਾਜ਼ੀ ਬਾਅਦ ਤਿੱਖੀ ਝੜਪ ਹੋਈ। ਪਾਰਟੀ ਨੇਤਾਵਾਂ ਵਿਚਕਾਰ ਤੂ-ਤੂ, ਮੈਂ-ਮੈਂ ਦਾ ਗ਼ਲਬਾ ਰਿਹਾ ਅਤੇ ਕਈ ਵਾਰ ਹੰਗਾਮੇ ਹੋਏ ਤੇ ਪਾਰਟੀ ਆਗੂ ਆਪਸ ਵਿਚ ਝਗੜਦੇ ਰਹੇ। ਚੋਣ ਹਾਰੇ ਉਮੀਦਵਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਵਿੱਚ ਉਤਾਰ ਕੇ ਪਾਰਟੀ ਆਗੂ ਗਾਇਬ ਹੋ ਗਏ ਤੇ ਉਨ੍ਹਾਂ ਦੀ ਕੋਈ ਮਾਲੀ ਮਦਦ ਵੀ ਨਾ ਕੀਤੀ। ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਦੇ ਰੋਹ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਭਾਜਪਾ ਇਥੇ ਸਿਰਫ਼ ਨਗਰ ਨਿਗਮ ‘ਚ ਇੱਕ ਸੀਟ ਜਿੱਤ ਸਕੀ ਅਤੇ 27 ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਵਿੱਚੋਂ ਕਈ ਉਮੀਦਵਾਰਾਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਗਈਆਂ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਨੇ ਕਿਹਾ ਕਿ ਸ਼ਹਿਰੀ ਚੋਣਾਂ ਦੀ ਸਮੀਖਿਆ ਕੀਤੀ ਗਈ ਅਤੇ ਮਿਸ਼ਨ 2022 ਲਈ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼ਹਿਰੀ ਚੋਣਾਂ ਵਿੱਚ ਉਮੀਦਵਾਰਾਂ ਨੇ ਪਾਰਟੀ ਆਗੂਆਂ ਉੱਤੇ ਵਿਰੋਧੀ ਪਾਰਟੀਆਂ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਜੇਤੂ ਜਲੂਸ ‘ਚ ਸ਼ਾਮਲ ਹੋਣ ਦੇ ਗੰਭੀਰ ਦੋਸ਼ਾਂ ਬਾਰੇ ਰਿਪੋਰਟ ਹਾਈਕਮਾਂਡ ਨੂੰ ਭੇਜਣਗੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਸ਼ਰਮਾ, ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਲੀਨਾ ਗੋਇਲ, ਸਾਬਕਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ, ਐਡਵੋਕੇਟ ਸੁਨੀਲ ਗਰਗ, ਰਾਕੇਸ਼ ਭੱਲਾ, ਬੋਹੜ ਸਿੰਘ, ਦੇਵਪ੍ਰੀਆ ਤਿਆਗੀ ਮੌਜੂਦ ਸਨ।

News Source link