ਮਾਲੇ, 21 ਫਰਵਰੀ

ਭਾਰਤ ਨੇ ਮਾਲਦੀਵ ਨਾਲ ਪੰਜ ਕਰੋੜ ਡਾਲਰ ਦੇ ਰੱਖਿਆ ਕਰਜ਼ਾ ਸਮਝੌਤੇ ‘ਤੇ ਦਸਤਖ਼ਤ ਕੀਤੇ ਹਨ ਜਿਸ ਨਾਲ ਮਾਲਦੀਵ ‘ਚ ਸਮੁੰਦਰੀ ਖ਼ਿੱਤੇ ‘ਚ ਸਹੂਲਤਾਂ ਵਧਾਈਆਂ ਜਾਣਗੀਆਂ। ਉਧਰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦੇਸ਼ ਦੇ ਚੋਟੀ ਦੇ ਆਗੂਆਂ ਨਾਲ ਗੱਲਬਾਤ ਕਰਕੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਵਧਾਏ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ ਮਾਲਦੀਵ ਦਾ ਭਰੋਸੇਮੰਦ ਸੁਰੱਖਿਆ ਭਾਈਵਾਲ ਰਹੇਗਾ। ਸਮਝੌਤੇ ‘ਤੇ ਦਸਤਖ਼ਤਾਂ ਤੋਂ ਪਹਿਲਾਂ ਜੈਸ਼ੰਕਰ ਨੇ ਮਾਲਦੀਵ ਦੇ ਰੱਖਿਆ ਮੰਤਰੀ ਮਾਰੀਆ ਦੀਦੀ, ਵਿੱਤ ਮੰਤਰੀ ਇਬਰਾਹਿਮ ਅਮੀਰ, ਆਰਥਿਕ ਵਿਕਾਸ ਮੰਤਰੀ ਫਯਾਜ਼ ਇਸਮਾਈਲ ਅਤੇ ਕੌਮੀ ਯੋਜਨਾ, ਸ਼ਹਿਰੀ ਮਕਾਨ ਉਸਾਰੀ ਅਤੇ ਬੁਨਿਆਦੀ ਢਾਂਚੇ ਬਾਰੇ ਮੰਤਰੀ ਮੁਹੰਮਦ ਅਸਲਮ ਨਾਲ ਗੱਲਬਾਤ ਕੀਤੀ। ਇਸ ਦੌਰਾਨ ਫਾਹੀ ਧਿਰੀਉਲਹਨ ਕਾਰਪੋਰੇਸ਼ਨ ਅਤੇ ਐਕਜ਼ਿਮ ਬੈਂਕ ਵਿਚਕਾਰ ਵੀ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਜਿਸ ਤਹਿਤ ਐਕਜ਼ਿਮ ਬੈਂਕ ਹੁਲਹੁਮਾਲੇ ‘ਚ 2 ਹਜ਼ਾਰ ਘਰਾਂ ਦੀ ਉਸਾਰੀ ‘ਚ ਸਹਾਇਤਾ ਦੇਵੇਗਾ।

ਜੈਸ਼ੰਕਰ ਅਤੇ ਦੀਦੀ ਨੇ ਸਿਫਾਵਾਰੂ ‘ਚ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਕੋਸਟ ਗਾਰਡ ਹਾਰਬਰ ਵਿਕਸਤ ਕਰਨ ਦੇ ਸਮਝੌਤੇ ‘ਤੇ ਦਸਤਖ਼ਤ ਵੀ ਕੀਤੇ।

ਵਿਦੇਸ਼ ਮੰਤਰੀ ਨੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲੀਹ ਨਾਲ ਮੁਲਾਕਾਤ ਕਰਕੇ ਕੋਵਿਡ-19 ਮਹਾਮਾਰੀ ਦੌਰਾਨ ਅਤੇ ਬਾਅਦ ‘ਚ ਮੁਲਕ ਨੂੰ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ। -ਪੀਟੀਆਈ

News Source link