ਦਰਸ਼ਨ ਸਿੰਘ ਸੋਢੀ

ਮੁਹਾਲੀ, 22 ਫਰਵਰੀ

ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਖ਼ਿਲਾਫ਼ ‘ਅੰਨਦਾਤਾ’ ਦਾ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ। ਸੋਮਵਾਰ ਨੂੰ ਇਲਾਕੇ ਦੇ ਕਿਸਾਨਾਂ ਨੇ ਧੜੇਬੰਦੀ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿੱਚ ਵਿਸ਼ਾਲ ਟਰੈਕਟਰ ਮਾਰਚ ਕੱਢਿਆ, ਜਿਸ ਦੀ ਅਗਵਾਈ ਗੁਰਜੰਟ ਸਿੰਘ ਕੰਡਾਲਾ ਨੇ ਕੀਤੀ। ਟਰੈਕਟਰ ਮਾਰਚ ਫੇਜ਼-11 ਤੋਂ ਸ਼ੁਰੂ ਹੋਇਆ ਤੇ ਫੇਜ਼-7, ਫੇਜ਼-3/ਫੇਜ਼-5 ਲਾਲ ਬੱਤੀ, ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਮੁਹਾਲੀ ਏਅਰਪੋਰਟ ਸੜਕ, ਪਿੰਡ ਬਾਕਰਪੁਰ, ਨੰਡਿਆਲੀ, ਝਿਊਰਹੇੜ੍ਹੀ, ਕੰਡਾਲਾ, ਧਰਮਗੜ੍ਹ, ਰੁੜਕਾ, ਕੰਬਾਲਾ-ਕੰਬਾਲੀ ਤੋਂ ਹੁੰਦਾ ਹੋਇਆ ਵਾਪਸ ਬੈਸਟੈੱਕ ਮਾਲ ਫੇਜ਼-11 ਦੇ ਬਾਹਰ ਪਹੁੰਚ ਕੇ ਸਮਾਪਤ ਹੋਇਆ। ਟਰੈਕਟਰ ਮਾਰਚ ਵਿੱਚ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ।

ਇਸ ਮੌਕੇ ਗੁਰਜੰਟ ਸਿੰਘ ਕੰਡਾਲਾ, ਗੁਰਜਿੰਦਰ ਸਿੰਘ ਭੁੱਲਰ, ਰੱਜਤ ਕੌਸਲ ਅਤੇ ਹੋਰਨਾਂ ਕਿਸਾਨਾਂ ਨੇ ਇਕਸੁਰ ਵਿੱਚ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸ਼ੁਰੂ ਤੋਂ ਹੀ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖੇਤੀ ਸਬੰਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਜਦੋਂਕਿ ਕਿਸਾਨ ਹੁਣ ਆਰ-ਪਾਰ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨ ਕੀਤੇ ਜਾਣਗੇ। ਉਨ੍ਹਾਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਖੇਤੀ ਕਾਨੂੰਨ ਮੁੱਢੋਂ ਰੱਦ ਕੀਤੇ ਜਾਣ।

ਕੈਪਸ਼ਨ: ਮੁਹਾਲੀ ‘ਚ ਕੱਢੇ ਟਰੈਕਟਰ ਮਾਰਚ ਦੀ ਇਕ ਝਲਕ।

News Source link