ਹਰਦੇਵ ਚੌਹਾਨ

ਸਾਡੇ ਵੇਲੇ ਬੜੇ ਭਲੇ ਹੁੰਦੇ ਸਨ। ਸੱਚੀ! ਉਦੋਂ ਮਿੱਟੀ ਲਿੱਪੇ ਕੱਚੇ ਘਰਾਂ ਵਿਚ ਹੀ ਸਾਰਾ ਸਮਾਜ ਸਿਮਟਿਆ ਹੁੰਦਾ ਸੀ। ਛੋਟਾ ਜਿਹਾ ਗਲੀ, ਗੁਆਂਢ ਮਿਲ-ਜੁਲ ਕੇ ਇਕ ਦੂਸਰੇ ਦੀਆਂ ਸਾਰੀਆਂ ਲੋੜਾਂ-ਥੋੜ੍ਹਾਂ ਦੀ ਪੂਰਤੀ ਕਰਦਾ ਸੀ। ਛੇ, ਸੱਤ ਦਹਾਕੇ ਪਹਿਲਾਂ ਸਾਡੇ ਆਲੇ ਭੋਲੇ ਪੁਰਾਤਨ ਪਿੰਡ ਤੇ ਕਸਬੇ ਅਜੋਕੇ ਗਲੋਬ ਪਿੰਡ ਨਾਲੋਂ ਬੜੇ ਭਿੰਨ ਤੇ ਸਿੱਧੇ ਸਾਦੇ ਹੁੰਦੇ ਸਨ। ਉਦੋਂ ਲੋਕਾਂ ਦਾ ਆਚਾਰ-ਵਿਚਾਰ, ਰਹਿਣੀ-ਬਹਿਣੀ ਤੇ ਵਰਤੋਂ-ਵਿਹਾਰ ਬੜਾ ਸਿੱਧਾ, ਸਾਦਾ ਅਤੇ ਸੁਆਰਥ ਰਹਿਤ ਹੁੰਦਾ ਸੀ।

ਕਿਸਾਨ ਵਾਹੀ-ਖੇਤੀ ਕਰਦੇ। ਲੁਹਾਰ ਹਲ, ਪੰਜਾਲੀਆਂ ਤੇ ਕਹੀਆਂ-ਬਾਟੇ ਬਣਾਉਂਦੇ। ਰਾਜੇ ਨਾਈ ਗੱਭਰੂ ਹੋਏ ਬੱਚਿਆਂ ਦੇ ਵਿਆਹ ਸੰਯੋਗ ਬਣਾ ਆਉਂਦੇ। ਤਰਖਾਣ ਦਾਜ, ਵਰੀ ਲਈ ਪਲੰਘ-ਪੀਹੜੇ ਤੇ ਸੰਦੂਕੜੀਆਂ ਬਣਾ ਦਿੰਦੇ। ਜੁਲਾਹੇ ਦੀ ਖੱਡੀ ਕੱਪੜਾ ਬੁਣਦੀ। ਤੇਲੀਆਂ ਦੇ ਕੋਹਲੂ ਸਰੋਂ-ਤੋਰੀਏ ਤੇ ਵੜੇਂਵਿਆਂ ਦਾ ਤੇਲ ਕੱਢਦੇ। ਦਾਦੀਆਂ, ਨਾਨੀਆਂ ਸੇਵੀਆਂ ਵੱਟਦੀਆਂ, ਸਾਗ ਤੇ ਨਰਮਾ ਚੁਗਦੀਆਂ, ਸੂਤ ਕੱਤਦੀਆਂ ਤੇ ਨਾਲੇ, ਦਰੀਆਂ ਤੇ ਖੇਸ ਬੁਣਦੀਆਂ। ਆਪਣੇ ਬੱਚੜਿਆਂ ਲਈ ਗੁੱਡੀਆਂ, ਪਟੋਲੇ, ਬਿੰਨੂ ਤੇ ਗੇਂਦੀਆਂ ਬਣਾਉਂਦੀਆਂ। ਉਦੋਂ ਪਿੰਡ, ਗਰਾਂ ਹੀ ਸਾਰੀਆਂ ਲੋਕ-ਲੋੜਾਂ ਦੀ ਪੂਰਤੀ ਵਿਚ ਸਹਾਈ ਹੁੰਦੇ ਸਨ।

ਯਾਦ ਆਉਂਦਾ ਹੈ ਕਿ ਪਿੰਡ ਦਾ ਸੱਤੂ ਤਖਾਣ ਤੁਰਨਯੋਗ ਬੱਚਿਆਂ ਲਈ ਲੱਕੜੀ ਦੇ ਗਡੀਰੇ ਬਣਾਉਂਦਾ ਹੁੰਦਾ ਸੀ। ਬੱਚੇ ਬਾ-ਬੀ-ਬੂ ਕਰਦੇ ਗਡੀਰੇ ਨੂੰ ਏਧਰ-ਓਧਰ ਘਸੀਟਦੇ ਰਹਿੰਦੇ ਤੇ ਦਿਨਾਂ ਵਿਚ ਹੀ ਤੁਰਨਾ-ਫਿਰਨਾ ਸਿੱਖ ਜਾਂਦੇ। ਲੱਕੜ ਦਾ ਟੱਲੀ ਵਾਲਾ ਰੇਹੜਾ ਵੀ ਖੇਡਣ ਦਾ ਵਧੀਆ ਸਾਧਨ ਹੁੰਦਾ ਸੀ। ਕੱਚੇ-ਪੱਕੇ ਪਹਿਆਂ ‘ਤੇ ਰੇਹੜਾ ਭਜਾਉਂਦੇ ਹੋਏ ਬੱਚੇ ਸਰੀਰਿਕ ਵਰਜ਼ਿਸ ਵੀ ਕਰ ਲੈਂਦੇ ਤੇ ਉਨ੍ਹਾਂ ਦਾ ਖੇਡ-ਮੋਹ ਵੀ ਪੂਰਾ ਹੋ ਜਾਂਦਾ ਸੀ।

ਦਾਦੀ ਮਾਂ ਦੇ ਖਿਡੌਣੇ ਵੀ ਕਮਾਲ ਦੀ ਸ਼ੈਅ ਹੁੰਦੇ ਸਨ। ਪੁਰਾਣੇ ਕਿਸੇ ਕੱਪੜੇ ਵਿਚ ਰੂੰ ਭਰ ਕੇ ਬਣਾਈ ਹੋਈ ਗੁੱਡੀ, ਬਟਨਾਂ ਦੀਆਂ ਅੱਖਾਂ, ਕਾਲੇ ਰੰਗ ਦੀ ਸੂਤੜੀ ਦੇ ਵਾਲ ਤੇ ਜ਼ਰੀ ਦੇ ਪਟੋਲੇ ਪਹਿਨ ਕੇ ਰਾਣੀ-ਮਹਾਰਾਣੀ ਬਣ ਜਾਂਦੀ ਸੀ। ਇਹ ਗੁੱਡੀ ਬਾਲੜੀਆਂ ਦੀ ਜਿੰਦ-ਜਾਨ ਹੁੰਦੀ ਤੇ ਉਨ੍ਹਾਂ ਨੂੰ ਮਾਂ-ਜਾਈ ਕੋਈ ਧੀ, ਭੈਣ ਲੱਗਣੀ। ਨਾਲ ਦੀ ਪੱਤੀ ਵਿਚ ਕੋਈ ਹੋਰ ਨਾਨੀ ਮਾਂ ਆਪਣੀਆਂ ਕੁੜੀਆਂ ਦੇ ਖੇਡਣ ਲਈ ਸ਼ਮਲੇ ਵਾਲਾ ‘ਗੁੱਡਾ’ ਬਣਾ ਦਿੰਦੀ। ਤੁਰਦੀ-ਤੁਰਦੀ ਇਹ ਗੱਲ ਜਦੋਂ ‘ਗੁੱਡੀ’ ਵਾਲੀ ਕੁੜੀ ਦੇ ਘਰ ਅੱਪੜਨੀ ਤਾਂ ਉਸ ਦੀਆਂ ਸਹੇਲੀਆਂ ਨੇ ਵਿਆਹ ਸਬੰਧ ਬਣਾਉਣ ਲਈ ਝੱਟ-ਪਟ ਕਿਸੇ ਕੁੜੀ ਨੂੰ ਨੈਣ ਬਣਾ ਕੇ ਗੁੱਡੇ ਵਾਲੇ ਘਰ ਤੋਰ ਦੇਣਾ।

ਫੇਰ ਕੀ ਹੋਣਾ ? ਜੋ, ਜੋ ਵਿਆਹ ਦੇ ਰੀਤੀ, ਰਿਵਾਜ ਵੱਡਿਆਂ ਲਈ ਨਿਭਾਏ ਜਾਂਦੇ, ਉਹੋ ਕੁਝ ‘ਗੁੱਡੇ-ਗੁੱਡੀ’ ਦੇ ਵਿਆਹ ਲਈ ਕੀਤਾ ਜਾਂਦਾ। ਨਿੱਕੀਆਂ, ਨਿੱਕੀਆਂ ਕੁੜੀਆਂ ਖੇਡ-ਖੇਡ ਵਿਚ ਹੀ ਗੁੱਡੇ ਨੂੰ ਸ਼ਗਨ ਪਾਉਣ ਜਾਂਦੀਆਂ। ਗੁੱਡੀ ਨੂੰ ਚੁੰਨੀ ਚੜ੍ਹਨੀ। ਗੁੱਡੀ, ਗੁੱਡਾ ਮਾਈਏਂ ਪੈਂਦੇ। ਵਿਆਹ ‘ਤੇ ਨਾਨਕੀ ਸ਼ੱਕ ਆਉਣਾ। ਦਾਦਕੇ ਤੇ ਨਾਨਕੇ ਮੇਲ ਨੇ ਗੱਜ ਵੱਜ ਕੇ ਵਿਆਹ ਵਾਲੇ ਘਰ ਪੁੱਜਣਾ। ਜਾਗੋ ਕੱਢਣੀ… ਮੁਹੱਲੇ ਦੇ ਬੱਚਿਆਂ ਨੇ ਰਲ, ਮਿਲ ਕੇ ਟੱਲੀਆਂ-ਪਟੋਲਿਆਂ ਦੇ ਬਣਾਏ ਗੁੱਡੇ ਨੂੰ ਆਪਣੇ ਖਿਡੌਣੇ ਘੋੜੇ ‘ਤੇ ਬੈਠਾ ‘ਗੁੱਡੀ’ ਵਾਲਿਆਂ ਦੇ ਘਰ ਢੁਕ ਜਾਣਾ। ਲਾਵਾਂ, ਫੇਰੇ ਤੇ ਵਿਆਹ ਦੀਆਂ ਲੈਣ, ਦੇਣ ਵਾਲੀਆਂ ਰਸਮਾਂ ਪੂਰੀਆਂ ਕਰਨੀਆਂ। ਰੋਂਦੀਆਂ, ਕੁਰਲਾਉਂਦੀਆਂ ਕੁੜੀਆਂ ਆਪਣੇ ਹੱਥੀਂ ਸ਼ਿੰਗਾਰੀ ਆਪਣੀ ਲਾਡਲੀ ਗੁੱਡੀ ਨੂੰ ਲਾੜੇ ਗੁੱਡੇ ਨਾਲ ਤੋਰਦੀਆਂ। ਇਵੇਂ ਬਚਪਨ ਦੇ ਸ਼ੁਰੂ ਦੇ ਦਿਨਾਂ ਵਿਚ ਹੀ ਖੇਡਾਂ ਖੇਡਦੇ ਕੁੜੀਆਂ, ਮੁੰਡੇ ਛੋਟੀ ਉਮਰੇ ਹੀ ਸਮਾਜਿਕ ਕਾਰ-ਵਿਹਾਰ, ਰੀਤੀ ਰਿਵਾਜ ਅਤੇ ਆਪਣੇ ਭਵਿੱਖ ਦੇ ਫਰਜ਼, ਅਧਿਕਾਰ ਚੰਗੀ ਤਰ੍ਹਾਂ ਸਿੱਖ ਲੈਂਦੇ।

ਸਾਡੀ ਗਲੀ ਵਿਚ ਹੱਥੀਂ ਬਣੇ ਟੱਕ, ਟੱਕ ਕਰਨ ਵਾਲੇ ਲੱਕੜ ਅਤੇ ਮਿੱਟੀ ਦੇ ਕਸੋਰੇ ਵਾਲੇ ਰੇਹੜੇ, ਸੁਰਾਂ ਕੱਢਣ ਵਾਲੀਆਂ ਮਿੱਟੀ ਦੀਆਂ ਸਾਰੰਗੀਆਂ ਤੇ ਡੁੱਗਡੁੱਗੀਆਂ ਵੀ ਵਿਕਣੀਆਂ ਆਉਣੀਆਂ। ਬਾਹਰੋਂ ਵਣਜਾਰੇ ਦੀ ਆਵਾਜ਼ ਸੁਣ ਘਰ ਅੰਦਰ ਅਸੀਂ ਖਿਡੌਣੇ ਖ਼ਰੀਦਣ ਲਈ ਚੀਕ-ਚਿਹਾੜਾ ਪਾ ਦੇਣਾ। ਜਦੋਂ ਖਿਡੌਣੇ ਮਿਲ ਜਾਣੇ ਤਾਂ ਅਸੀਂ ਕੁਝ ਪਲ ਖੇਡ, ਮੱਲ ਕੇ ਦੂਜੇ ਆਹਰੀਂ ਲੱਗ ਜਾਣਾ।

ਉਦੋਂ ਹਰੀਆਂ, ਲਾਲ ਚਿੜੀਆਂ ਵਿਕਣੀਆਂ ਆਉਂਦੀਆਂ। ਵਣਜਾਰੇ ਦੇ ਬਾਂਸ ‘ਤੇ ਰੰਗੀਨ ਛਤਰੀ ਵਾਂਗ ਮੋਮ ਦੀਆਂ ਚਿੜੀਆਂ ਲਮਕਣੀਆਂ। ਉਹ ਵਣਜਾਰੇ ਮੂੰਹ ਵਿਚ ਪਾਈ ਸੀਟੀ ਵਜਾ-ਵਜਾ ਕੇ ਗੁਣਗੁਣਾਉਂਦੇ:

ਇਹ ਚਿੜੀਆਂ ਰੰਗ-ਬਿਰੰਗੀਆਂ

ਕੁਝ ਖਾਂਦੀਆਂ ਨਾ, ਪੀਂਦੀਆਂ

ਝਾਈ ਨਾਲ ਕੰਮ ਕਰਾਉਂਦੀਆਂ

ਮੁੰਨੀ ਨੂੰ ਵਰਚਾਉਂਦੀਆਂ

ਭਾਪੇ ਦਾ ਬਿਸਤਰ ਵਿਛਾਉਂਦੀਆਂ

ਕਾਕੇ ਨੂੰ ਲੋਰੀ ਸੁਣਾਉਂਦੀਆਂ…

ਸੱਚ-ਮੁੱਚ, ਉਦੋਂ ਧਾਗੇ ਨਾਲ ਲਮਕਦੀਆਂ ਹੋਈਆਂ ਰੰਗੀਨ ਪੂਛਾਂ ਵਾਲੀਆਂ ਚਿੜੀਆਂ ਗੱਲਾਂ ਕਰਦੀਆਂ ਪ੍ਰਤੀਤ ਹੁੰਦੀਆਂ ਸਨ। ਅਸੀਂ ਧਾਗੇ ਵਾਲੀਆਂ ਚਿੜੀਆਂ ਨੂੰ ਹੇਠਾਂ-ਉੱਤੇ ਕਰਦੇ ਪੰਖੇਰੂਆਂ ਨਾਲ ਕਲਪਨਾ ਉਡਾਰੀਆਂ ਮਾਰਦੇ, ਆਪ ਹੀ ਚਿੜੀਆਂ ਕੋਲੋਂ ਪ੍ਰਸ਼ਨ ਪੁੱਛਦੇ ਤੇ ਆਪ ਹੀ ਉੱਤਰ ਦਿੰਦੇ।

ਬਚਪਨ ਦੇ ਦਿਨਾਂ ਨੂੰ ਉਲਟਾਉਣ-ਪਲਟਾਉਣ ‘ਤੇ ਯਾਦ ਆਉਂਦਾ ਹੈ ਕਿ ਖਾਣ-ਪੀਣ ਤੋਂ ਵਿਹਲੇ ਹੋ ਕੇ ਅਸੀਂ ਖੇਡਣ ਨਿਕਲ ਜਾਂਦੇ। ਗਲੀਆਂ ਵਿਚ ਗਲੋਲਣਾਂ ਨੇ ਮਿੱਟੀ ਦੀਆਂ ਬੁਗਨੀਆਂ, ਬਾਵੇ ਤੇ ਊਠ-ਘੋੜੇ ਵੇਚਣ ਆ ਜਾਣਾ। ਅਸੀਂ ਮੱਕੀ ਜਾਂ ਕਣਕ ਦੇ ਦਾਣਿਆਂ ਵੱਟੇ ਪਸੰਦੀਦਾ ਖਿਡੌਣੇ ਤੇ ਬੁਗਨੀਆਂ ਲੈ ਲੈਣੀਆਂ। ਕਦੀ ਕੋਈ ਰੰਗੀਨ ਪੁਤਲੀਆਂ ਵੇਚਣ ਵਾਲਾ ਆ ਜਾਣਾ। ਅਸਾਂ ਕਾਗਜ਼ੀ ਪੁਤਲੀ ਦੇ ਹੇਠਾਂ ਲੱਗੇ ਹੋਏ ਲੰਮੇ ਤੀਲੇ ਨੂੰ ਘੁਮਾਉਣਾ ਤਾਂ ਪੁਤਲੀ ਨੇ ਆਪਣੀਆਂ ਬਾਹਵਾਂ ਹਿਲਾ, ਹਿਲਾ ਕੇ ਸਾਨੂੰ ਸਲਾਮਾਂ ਕਰਨੀਆਂ।

ਬੇਜਾਨ ਪੁਤਲੀਆਂ ਆਪਣੀਆਂ ਲੱਤਾਂ-ਬਾਹਵਾਂ ਨੂੰ ਕਿਵੇਂ ਹਿਲਾਉਂਦੀਆਂ ਨੇ? ਜਦੋਂ ਖੇਡ, ਖੇਡ ਕੇ ਸਾਡਾ ਜੀਅ ਭਰ ਜਾਣਾ ਤਾਂ ਅਸੀਂ ਕਾਗਜ਼ੀ ਪੁਤਲੀ ਦੀਆਂ ਲੱਤਾ-ਬਾਹਵਾਂ ਖੋਲ੍ਹ, ਖੋਲ੍ਹ ਵੇਖਣਾ, ਫਿਰ ਅਸੀਂ ਟੁੱਟੀ, ਫੁੱਟੀ ਪੁਤਲੀ ਨੂੰ ਮੁੜ ਜੋੜਨ ਦੀ ਕੋਸ਼ਿਸ਼ ਕਰਨੀ, ਪਰ ਉੱਘੜ-ਦੁੱਘੜ ਜੁੜੀ ਹੋਈ ਪੁਤਲੀ ਨੇ ਦੁਬਾਰਾ ਲੱਤਾਂ, ਬਾਹਵਾਂ ਨਾ ਹਿਲਾਉਣੀਆਂ। ਸ਼ਾਇਦ ਬੇਧਿਆਨੀ ਤੋੜ-ਭੰਨ ਕਰਨ ‘ਤੇ ਉਹ ਸਾਡੇ ਨਾਲ ਰੁੱਸ ਜਾਂਦੀ ਸੀ।

ਹੁਣ ਸਮਝ ਆਈ ਹੈ ਕਿ ਜਦੋਂ ਕੋਈ ਬੱਚਾ ਆਪਣੇ ਹੱਥੋਂ ਕਿਸੇ ਮਹਿੰਗੇ ਖਿਡੌਣੇ ਨੂੰ ਹੇਠਾਂ ਜ਼ਮੀਨ ‘ਤੇ ਸੁੱਟਦਾ ਹੈ ਤਾਂ ਅਸੀਂ ਖਿਡੌਣੇ ਦੀ ਕੀਮਤ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੂੰ ਝਿੜਕਣ ਲੱਗ ਪੈਂਦੇ ਹਾਂ। ਹਕੀਕਤ ਵਿਚ ਉਹ ਆਪਣੇ ਖਿਡੌਣੇ ਨੂੰ ਹੇਠਾਂ ਸੁੱਟ ਕੇ ਤੋੜ ਨਹੀਂ ਰਿਹਾ ਹੁੰਦਾ, ਸਗੋਂ ਉਸ ਵੇਲੇ ਉਹ ਆਪਣੇ ਖਿਡੌਣੇ ਰਾਹੀਂ ਕੁਝ ਨਵਾਂ ਜਾਨਣ ਜਾਂ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ।

ਸਮਾਂ ਇਸ ਕਦਰ ਬਦਲਿਆ ਹੈ ਕਿ ਦਿਓ ਕੱਦ ਮਸ਼ੀਨਾਂ ਤੇ ਕੰਬਾਈਨਾਂ ਪੱਕੀਆਂ ਫ਼ਸਲਾਂ ਨੂੰ ਸਾਂਭਣ ਲੱਗ ਪਈਆਂ ਹਨ। ਹਵਾਈ ਜਹਾਜ਼, ਡਰੋਨ ਤੇ ਹੈਲੀਕਾਪਟਰ ਖੇਤੀਬਾੜੀ ਵਿਚ ਸਹਾਇਤਾ ਕਰਨ ਲੱਗੇ ਹਨ। ਕੰਪਿਊਟਰਾਂ ਨਾਲ ਵਿਆਹ ਸਬੰਧ ਬਣਾਏ ਜਾਣ ਲੱਗੇ ਹਨ। ਸਾਡੇ ਬੱਚੇ ਮੋਬਾਈਲ, ਕੰਪਿਊਟਰ, ਲੈਪਟਾਪ, ਰੀਮੋਟ ਕੰਟਰੋਲਡ ਅਤੇ ਮਾਰ ਧਾੜ ਕਰਨ ਵਾਲੇ ਹਥਿਆਰ ਨੁਮਾ ਖਿਡੌਣਿਆਂ ਨਾਲ ਖੇਡਣ ਲੱਗੇ ਹਨ।

ਸਾਡੇ ਬਾਲ ਗੁੱਡੀਆਂ-ਪਟੋਲਿਆਂ ਨੂੰ ਭੁੱਲ-ਵਿਸਾਰ ਚੁੱਕੇ ਹਨ। ਟੀਵੀ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਹੁਣ ਉਹ ਕਈ ਕਿਸਮਾਂ ਦੇ ਮਸ਼ੀਨੀ ਤੇ ਬਲਾਕ ਖਿਡੌਣੇ ਪਸੰਦ ਕਰਨ ਲੱਗੇ ਹਨ। ਹਵਾ ਗੰਨਾਂ, ਬੰਦੂਕਾਂ ਤੇ ਪਿਸਤੌਲ ਲੈਣ ਦੀ ਜ਼ਿੱਦ ਕਰਦੇ ਹਨ। ਹਵਾ ਗੰਨ ਵਿਚ ਸਿੱਕੇ ਦੇ ਮਾਰੂ ਸ਼ਰਰੇ ਭਰ ਕੇ ਉਹ ਬੇਕਸੂਰ ਚਿੜੀਆਂ, ਕਬੂਤਰਾਂ ਤੇ ਭੋਲੀਆਂ ਘੁੱਗੀਆਂ ਦੇ ਨਿਸ਼ਾਨਾ ਫੁੰਡਦੇ ਹਨ। ਵਿਚਾਰੇ ਪੰਖੇਰੂ ਅਗਲੇ ਹੀ ਪਲ ਫੜਫੜਾਉੁਂਦੇ ਹੋਏ ਹੇਠਾਂ ਜ਼ਮੀਨ ‘ਤੇ ਆ ਢਹਿੰਦੇ ਹਨ। ਲਾਗੇ ਬੈਠੇ ਬੱਚੇ ਦੇ ਮਾਂ-ਬਾਪ ਤਾੜੀ ਮਾਰਦੇ ਹੋਏ ਖੁਸ਼ ਹੁੰਦੇ ਹਨ।

ਭਾਵੇਂ ਇਹ ਖਿਡੌਣੇ ਸਾਡੇ ਬਾਲਾਂ ਨੂੰ ਸਿੱਖਿਆ ਦੇਣ ਵਿਚ ਬੜੇ ਸਹਾਈ ਹੋ ਰਹੇ ਹਨ, ਪਰ ਇਹ ਸਿੱਖਿਆ ਉਨ੍ਹਾਂ ਨੂੰ ਕੁਰਾਹੇ ਪਾ ਰਹੀ ਹੈ। ਹੁਣ ਸਾਡੇ ਬੱਚੇ ਸਵੈ-ਚਾਲਤ ਤੇ ਕੰਪਿਊਟਰ ਖੇਡਾਂ ਖੇਡਦੇ ਹੋਏ ਆਪਣੀ ਸੁੱਧ-ਬੁੱਧ ਭੁੱਲ ਜਾਂਦੇ ਹਨ। ਮਾਪਿਆਂ ਦੇ ਗੋਦ-ਨਿੱਘ ਤੋਂ ਦੂਰ ਦਿਮਾਗ਼ੀ ਥਕਾਵਟ ਨਾਲ ਚੂਰ ਹੋਏ ਬੱਚੇ ਪੜ੍ਹਨਾ, ਪੜ੍ਹਾਉਣਾ ਭੁੱਲ-ਵਿਸਾਰ ਕੇ ਰਾਤ ਪੈਂਦਿਆਂ ਹੀ ਆਪਣੇ ਸੌਣ-ਕਮਰਿਆਂ ‘ਚ ਜਾ ਵੜਦੇ ਹਨ।

ਮਮਤਾ ਵਿਹੂਣੇ ਇਹ ਬਾਲ ਸਮਾਜਿਕ ਤਾਣੇ, ਬਾਣੇ ਨਾਲ ਇਕ-ਮਿਕ ਕਿਵੇਂ ਹੋਣਗੇ? ਸੋਚਦੇ ਹਾਂ ਤਾਂ ਡਰ ਲੱਗਦਾ ਹੈ। ਹੁਣ ਸਾਡੇ ਬੱਚਿਆਂ ਦੇ ਖੇਡਣ ਲਈ ਰਸਾਇਣ ਮਿਲੇ ਪਲਾਸਟਿਕ ਦੇ ਵਚਿੱਤਰ ਤੇ ਹਾਨੀਕਾਰਕ ਖਿਡੌਣੇ ਧੜਾਧੜ ਬਾਜ਼ਾਰ ਵਿਚ ਆ ਰਹੇ ਹਨ। ਸਾਡੇ ਬਾਲਾਂ ਦੀ ਬਦਲੀ ਹੋਈ ਖਿਡੌਣਾ ਬਿਰਤੀ ਉਨ੍ਹਾਂ ਨੂੰ ਡਰਾਕੂਲਾ, ਹੀਰੋ, ਸਪਾਈਡਰ ਮੈਨ ਤੇ ਮਾਈਕਲ ਜੈਕਸਨ ਬਣਾਉਣ ਵਿਚ ਤਾਂ ਸਹਾਈ ਹੋ ਰਹੀ ਹੈ, ਪਰ ਸਾਡੇ ਬੱਚੇ ਮਾਨਵਵਾਦੀ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਤੋਂ ਮੀਲਾਂ ਦੂਰ ਚਲੇ ਜਾ ਰਹੇ ਹਨ।

ਸਾਡੇ ਗਲੋਬ ਪਿੰਡ ਵਿਚ ਸ਼ਾਂਤੀ ਵੀ ਨਹੀਂ ਰਹੀ। ਮਨੁੱਖ, ਮਨੁੱਖ ਨੂੰ ਮਾਰਨ ਦੀਆਂ ਨਿੱਤ ਨਵੀਆਂ ਵਿਉਂਤਾਂ ਬਣਾ ਰਿਹਾ ਹੈ। ਹਕੀਕਤ ਵਿਚ ਜ਼ਹਿਰ ਬੰਬ, ਲੇਜ਼ਰ ਬੰਬ, ਪਰਮਾਣੂ ਬੰਬ ਤੇ ਕੰਪਿਊਟਰਾਈਜ਼ਡ ਮਿਜ਼ਾਈਲਾਂ ਆਦਿ ਨੇ ਬਾਲ-ਬਿਰਤੀ ਨੂੰ ਖੂੰਖਾਰ ਬਣਾਉਣ ਵਿਚ ਬੜਾ ਮਾਰੂ ਹਿੱਸਾ ਪਾਇਆ ਹੈ। ਹੋਰ ਤੇ ਹੋਰ ਬਾਲ ਫ਼ਿਲਮਾਂ ਵੀ ਸਾਡੇ ਬਾਲਾਂ ਲਈ ਢੇਰਾਂ ਦੇ ਢੇਰ ਬੜੀ ਨੁਕਸਾਨਦਾਇਕ ਸਮੱਗਰੀ ਪਰੋਸ ਰਹੀਆਂ ਹਨ। ਉਨ੍ਹਾਂ ਦੇ ਆਪਹੁਦਰੇ ਤੇ ਕੁਰੱਖਤ ਵਰਤਾਰੇ ਤੋਂ ਅਸੀਂ ਕਦਾਚਿਤ ਵੀ ਇਹ ਆਸ ਨਹੀਂ ਕਰ ਸਕਦੇ ਕਿ ਸਾਡੇ ਬੱਚੇ ਵੱਡੇ ਹੋ ਕੇ ਨੇਕ ਦਿਲ ਇਨਸਾਨ ਬਣਨਗੇ।

News Source link