ਐੱਸ ਐੱਸ ਸੱਤੀ

ਮਸਤੂਆਣਾ ਸਾਹਿਬ, 20 ਫਰਵਰੀ

ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਪੰਜਾਬ ਵੱਲੋਂ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਦੀ ਨਿਗਰਾਨੀ ਹੇਠ ਦੋ ਰੋਜ਼ਾ ਸੂਬਾ ਪੱਧਰੀ 41ਵੀਂ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ ਸੰਤ ਅਤਰ ਸਿੰਘ ਯਾਦਗਾਰੀ ਸਟੇਡੀਅਮ ਵਿੱਚ ਬੜੇ ਉਤਸ਼ਾਹ ਨਾਲ ਆਰੰਭ ਹੋਈ। ਇਸ ਮੀਟ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚੋਂ 300 ਦੇ ਕਰੀਬ 35 ਸਾਲ ਤੋਂ 85 ਸਾਲ ਤੱਕ ਦੇ ਖਿਡਾਰੀਆਂ (ਪੁਰਸ਼ ਅਤੇ ਔਰਤਾਂ) ਨੇ ਭਾਗ ਲਿਆ। ਇਸ ਮੀਟ ਦਾ ਉਦਘਾਟਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਨੇ ਖਿਡਾਰੀਆਂ ਤੋਂ ਮਾਰਚ ਪਾਰਟ ਦੌਰਾਨ ਸਲਾਮੀ ਲੈਣ ਉਪਰੰਤ ਝੰਡਾ ਲਹਿਰਾ ਕੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਟਰੱਸਟ ਦੇ ਮੈਂਬਰ ਦਲਜੀਤ ਸਿੰਘ ਐੱਸਪੀ, ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਪ੍ਰਿੰਸੀਪਲ ਮਨਜੀਤ ਸਿੰਘ ਫਗਵਾੜਾ, ਪ੍ਰੀਤਮ ਸਿੰਘ ਮੁਹਾਲੀ ਨੇ ਸ਼ਿਰਕਤ ਕੀਤੀ। ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਪੂਨੀਆਂ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਅੱਜ ਪਹਿਲੇ ਦਿਨ ਵੱਖ-ਵੱਖ ਉਮਰ ਦੇ ਮੁਕਾਬਲਿਆਂ ਦੌਰਾਨ ਪੁਰਸ਼ਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ 85 ਸਾਲਾ ਮੰਗਰੂ ਰਾਮ, 80 ਸਾਲਾ ਗੁਰਭਜਨ ਸਿੰਘ, 75 ਸਾਲਾ ਮੁਖਤਿਆਰ ਸਿੰਘ, 70 ਸਾਲਾ ਸੁਖਦੇਵ ਸਿੰਘ, 65 ਸਾਲਾ ਜੋਗਿੰਦਰਪਾਲ ਸਿੰਘ, 60 ਸਾਲਾ ਹਰਨੇਕ ਸਿੰਘ, 55 ਸਾਲਾ ਬਲਵਿੰਦਰ ਸਿੰਘ, 50 ਸਾਲਾ ਗੁਰਭਜਨ ਸਿੰਘ, 45 ਸਾਲਾ ਅਵਤਾਰ ਸਿੰਘ, 40 ਸੰਤੋਖ ਰਾਮ ਅਤੇ 35 ਸਾਲਾ ਸ਼ਰਨਜੀਤ ਸਿੰਘ ਨੇ ਪਹਿਲਾ-ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਔਰਤਾਂ ਦੇ 800 ਮੀਟਰ ਦੌੜ ਮੁਕਾਬਲੇ ਵਿੱਚ 60 ਸਾਲਾ ਦਵਿੰਦਰ ਕੌਰ, 50 ਸਾਲਾ ਸ਼ਿੰਦਰਪਾਲ ਕੌਰ, 45 ਸਾਲਾ ਸਰੋਜ ਰਾਣੀ, 40 ਸਾਲਾ ਮਨਜਿੰਦਰ ਕੌਰ, 35 ਸਾਲਾ ਰਿਸ਼ੂ ਬਾਂਸਲ ਨੇ ਪਹਿਲਾ-ਪਹਿਲਾ ਸਥਾਨ ਪ੍ਰਾਪਤ ਕੀਤਾ।

News Source link