ਕੋਲਕਾਤਾ, 19 ਫਰਵਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਹਿੰਮਤ, ਦੇਸ਼ਭਗਤੀ ਤੇ ਸਮਰਪਣ ਦੀ ਵਿਰਾਸਤ ਨੂੰ ਭੁਲਾਉਣ ਦੇ ਕਈ ਯਤਨ ਕੀਤੇ ਗਏ ਸਨ ਪਰ ਉਨ੍ਹਾਂ ਦੀ ਦੇਸ਼ ਦੀ ਸਮਰਪਿਤ ਹੋ ਕੇ ਕੀਤੀ ਸੇਵਾ ਅਮਰ ਰਹੇਗੀ ਤੇ ਭਵਿੱਖੀ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਸ਼ਾਹ ਨੇ ਬੰਗਾਲੀ ਕ੍ਰਾਂਤੀਕਾਰੀਆਂ ਨੂੰ ਸਮਰਪਿਤ ‘ਸ਼ੌਰਿਆਂਜਲੀ ਪ੍ਰੋਗਰਾਮ’ ਦਾ ਉਦਘਾਟਨ ਕਰਦਿਆਂ ਨੌਜਵਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਜ਼ਾਦੀ ਘੁਲਾਟੀਆਂ ਦੀਆਂ ਜ਼ਿੰਦਗੀਆਂ ਤੇ ਸੰਘਰਸ਼ ਤੋਂ ਪ੍ਰੇਰਣਾ ਲੈਂਦੇ ਰਹਿਣ। ਕੌਮੀ ਲਾਇਬਰੇਰੀ ਵਿਚ ਸ਼ਾਹ ਨੇ ਬੋਸ ਵੱਲੋਂ ਆਈਸੀਐੱਸ ਪ੍ਰੀਖਿਆ ਪਾਸ ਕਰਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਹਾਨ ਯੋਧੇ ਬੋਸ ਨੇ ਨੌਕਰੀ ਛੱਡ ਦਿੱਤੀ ਤੇ ਆਜ਼ਾਦੀ ਲਈ ਸੰਘਰਸ਼ ਕਰਨ ‘ਚ ਜੁਟ ਗਏ। ਗ੍ਰਹਿ ਮੰਤਰੀ ਨੇ ਕਿਹਾ ਕਿ ਬੋਸ ਨੇ ਮੁਲਕ ਨੂੰ ਤਰਜੀਹ ਦਿੱਤੀ ਤੇ ਦੇਸ਼ਵਾਸੀਆਂ ਨੂੰ ਮਜ਼ਬੂਤ ਸੁਨੇਹਾ ਦਿੱਤਾ। ਸ਼ਾਹ ਨੇ ਕਿਹਾ ਕਿ ਬੋਸ ਐਨੇ ਹਰਮਨਪਿਆਰੇ ਸਨ ਕਿ ਦੋ ਵਾਰ ਕਾਂਗਰਸ ਪ੍ਰਧਾਨ ਬਣੇ, ਇਕ ਵਾਰ ਤਾਂ ਉਨ੍ਹਾਂ ਮਹਾਤਮਾ ਗਾਂਧੀ ਦੇ ਉਮੀਦਵਾਰ ਨੂੰ ਹਰਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਲੋਕ ਨੇਤਾਜੀ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਹਨ। ਸ਼ਾਹ ਨੇ ਕਿਹਾ ਕਿ ਬੋਸ ਨੇ ਇੰਡੀਅਨ ਨੈਸ਼ਨਲ ਆਰਮੀ ਦਾ ਮੁੱਢ ਵੀ ਬੰਗਾਲ ਤੋਂ ਹੀ ਬੰਨ੍ਹਿਆ ਸੀ। ਗ੍ਰਹਿ ਮੰਤਰੀ ਨੇ ਕਿਹਾ ਕਿ ਇਤਿਹਾਸ ਜਾਣਨ ਵਾਲੀ ਨੌਜਵਾਨ ਪੀੜ੍ਹੀ ਹੀ ਮਜ਼ਬੂਤ ਦੇਸ਼ ਦਾ ਨਿਰਮਾਣ ਕਰ ਸਕਦੀ ਹੈ। -ਪੀਟੀਆਈ

News Source link