ਲੰਡਨ, 19 ਫਰਵਰੀ

ਵਿੱਤੀ ਸ਼ਕਤੀਆਂ ਵਾਲੇ ਸੱਤ ਦੇਸ਼ਾਂ (ਜੀ-7) ਦੇ ਨੇਤਾਵਾਂ ਨੇ ਅੱਜ ਸਾਲ 2021 ਦੀ ਪਹਿਲੀ ਮੀਟਿੰਗ ‘ਚ ਅਹਿਦ ਕੀਤਾ ਉਹ ਦੁਨੀਆਂ ਦੇ ਸਭ ਤੋਂ ਗਰੀਬ ਮੁਲਕਾਂ ਨਾਲ ਕਰੋਨਾ ਵੈਕਸੀਨ ਸਾਂਝੀ ਕਰਨਗੇ। ਪਰ ਉਨ੍ਹਾਂ ਇਹ ਤਫ਼ਸੀਲ ਨਹੀਂ ਦਿੱਤੀ ਕਿ ਇਹ ਕੰਮ ਕਦੋਂ ਪੂਰਾ ਹੋਵੇਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਜੋ ਕਿ ਇਸ ਸਾਲ ਜੀ-7 ਸਮੂਹ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਹਨ, ਨੇ ਫਰਾਂਸ, ਜਰਮਨੀ, ਇਟਲੀ, ਕੈਨੇਡਾ, ਜਾਪਾਨ ਅਤੇ ਅਮਰੀਕਾ ਦੇ ਨੇਤਾਵਾਂ ਨਾਲ ਵਰਚੁਅਲ ਢੰਗ ਰਾਹੀਂ ਮੀਟਿੰਗ ਦੌਰਾਨ ਆਲਮੀ ਚੁਣੌਤੀਆਂ, ਜਿਨ੍ਹਾਂ ਵਿੱਚ ਕਰੋਨਾ ਮਹਾਮਾਰੀ ਮੁੱਖ ਹੈ, ਬਾਰੇ ਚਰਚਾ ਕੀਤੀ। ਜ਼ਿਕਰਯੋਗ ਹੈ ਕਿ ਅਮੀਰ ਦੇਸ਼ਾਂ ਕੋਲ ਕਥਿਤ ਤੌਰ ‘ਤੇ ਵਾਇਰਸ ਖ਼ਿਲਾਫ਼ ਕਰੋਨਾ ਵੈਕਸੀਨ ਦੀਆਂ ਲੱਖਾਂ ਖੁਰਾਕਾਂ ਹਨ, ਜਦਕਿ ਵਿਕਾਸਸ਼ੀਲ ਦੇਸ਼ਾਂ ਕੋਲ ਕੁਝ ਕੁ ਜਾਂ ਬਿਲਕੁਲ ਨਹੀਂ ਹਨ। ਸ੍ਰੀ ਜੌਹਨਸਨ ਨੇ ਵਾਅਦਾ ਕੀਤਾ ਕਿ ਉਹ ਯੂਐੱਨ ਸਮਰਥਿਤ ਟੀਕਾ ‘ਕੋਵੈਕਸ’ ਨੂੰ ਵਿਸ਼ਵ ਦੇ ਸਭ ਤੋਂ ਵਾਂਝੇ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਬਰਤਾਨੀਆ ਸਰਕਾਰ ਨੇ ਕਿਹਾ ਕਿ ਉਹ ਜੀ-7 ਦੇ ਹੋਰ ਦੇਸ਼ਾਂ ਨੂੰ ਵੀ ਅਜਿਹਾ ਕਰਨ ਲਈ ਆਖੇਗੀ। ਉਨ੍ਹਾਂ ਬੀਬੀਸੀ ਨੂੰ ਕਿਹਾ, ‘ਅਸੀਂ ਹਾਲੇ ਇਹ ਦੱਸਣ ਦੇ ਯੋਗ ਨਹੀਂ ਹਾਂ ਕਿ ਇਸ ਲਈ ਕਿੰਨਾ ਸਮਾਂ ਲੱਗੇਗਾ ਅਤੇ ਇਸ ਦੀ ਗਿਣਤੀ ਕਿੰਨੀ ਹੋਵੇਗੀ।’ -ਏਪੀ

News Source link