ਹਰਜੀਤ ਸਿੰਘ

ਜ਼ੀਰਕਪੁਰ, 17 ਫਰਵਰੀ

ਨਗਰ ਕੌਂਸਲ ਚੋਣਾਂ ਦੌਰਾਨ ਕਾਂਗਰਸ ਪਾਰਟੀ ਹਲਕਾ ਵਿਧਾਇਕ ਐਨਕੇ ਸ਼ਰਮਾ ਦਾ 20 ਸਾਲ ਪੁਰਾਣਾ ਗੜ੍ਹ ਤੋੜਨ ਵਿੱਚ ਕਾਮਯਾਬ ਹੋ ਗਈ। ਸ਼ਹਿਰ ਦੇ ਕੁੱਲ 31 ਵਾਰਡਾਂ ਵਿੱਚੋਂ ਕਾਂਗਰਸ ਨੂੰ 23 ਅਤੇ ਅਕਾਲੀ ਦਲ ਨੂੰ ਅੱਠ ਸੀਟਾਂ ਹਾਸਲ ਹੋਈਆਂ ਹਨ। ਆਮ ਆਦਮੀ ਪਾਰਟੀ ਅਤੇ ਭਾਜਪਾ ਸ਼ਹਿਰ ਵਿੱਚ ਆਪਣਾ ਖਾਤਾ ਵੀ ਖੋਲ੍ਹਣ ਵਿੱਚ ਨਾਕਾਮ ਰਹੀਆਂ। ਜ਼ਿਆਦਾਤਰ ਸੀਟਾਂ ‘ਤੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਉਮੀਦਵਾਰ ਆਪਣੀ ਜਮਾਨਤਾਂ ਵੀ ਨਹੀਂ ਬਚਾ ਸਕੇ। ਹਲਕਾ ਵਿਧਾਇਕ ਐੱਨਕੇ ਸ਼ਰਮਾ ਦੇ ਦੋਵੇਂ ਛੋਟੇ ਭਰਾ ਯਾਦਵਿੰਦਰ ਸ਼ਰਮਾ ਅਤੇ ਧਰਮਿੰਦਰ ਸ਼ਰਮਾ ਵੱਖ ਵੱਖ ਵਾਰਡਾਂ ਤੋਂ ਚੋਣ ਜਿੱਤਣ ਵਿੱਚ ਕਾਮਯਾਬ ਰਹੇ। ਇਸੇ ਤਰ੍ਹਾਂ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦਾ ਲੜਕਾ ਉਦੈਵੀਰ ਸਿੰਘ ਢਿੱਲੋਂ ਵੀ ਚੋਣ ਜਿੱਤਣ ਵਿੱਚ ਕਾਮਯਾਬ ਰਿਹਾ। ਅਕਾਲੀ ਦਲ ਤੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਕੁਲਵਿੰਦਰ ਸਿੰਘ ਸੋਹੀ ਨੂੰ 516 ਵੋਟਾਂ ਦੀ ਵੱਡੀ ਹਾਰ ਮਿਲੀ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਦੀ ਸੁਨੀਤਾ ਜੈਨ ਨੂੰ ਵੱਡੀ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਅਕਾਲੀ ਦਲ ਦੇ ਕੌਂਸਲ ਦੇ ਸਾਬਕਾ ਪ੍ਰਧਾਨ ਨਛੱਤਰ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਜਦ ਦੀ ਸਾਲ 2001 ਵਿੱਚ ਜ਼ੀਰਕਪੁਰ ਕੌਂਸਲ ਬਣੀ ਹੈ ਉਸ ਵੇਲੇ ਤੋਂ ਹੀ ਇਥੇ ਅਕਾਲੀ ਦਲ ਅਤੇ ਭਾਜਪਾ ਦਾ ਸੱਤਾ ‘ਤੇ ਕਬਜ਼ਾ ਰਿਹਾ ਹੈ।

ਲੋਹਗੜ੍ਹ ਖੇਤਰ ਨੇ ਬਚਾਈ ਹਲਕਾ ਵਿਧਾਇਕ ਦੀ ਇੱਜ਼ਤ

ਹਲਕਾ ਵਿਧਾਇਕ ਐੱਨਕੇ ਸ਼ਰਮਾ ਦੇ ਜ਼ੀਰਕਪੁਰ ਦੇ ਵੱਖ ਵੱਖ ਖੇਤਰਾਂ ਵਿੱਚ ਨਮੋਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਸਿਰਫ਼ ਉਨ੍ਹਾਂ ਦੇ ਜੱਦੀ ਲੋਹਗੜ੍ਹ ਖੇਤਰ ਨੇ ਉਨ੍ਹਾਂ ਦੀ ਇੱਜ਼ਤ ਬਚਾਈ। ਲੋਹਗੜ੍ਹ ਦੇ ਕੁੱਲ ਛੇਂ ਵਾਰਡਾਂ ਵਿੱਚ ਸ੍ਰੀ ਸ਼ਰਮਾ ਦੇ ਪੰਜ ਉਮੀਦਵਾਰ ਜੇਤੂ ਰਹੇ ਜਿਨ੍ਹਾਂ ਵਿੱਚ ਉਨ੍ਹਾਂ ਦੇ ਦੋਵੇਂ ਭਰਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਬਲਟਾਣਾ ਖੇਤਰ ਵਿੱਚ ਸ੍ਰੀ ਸ਼ਰਮਾ ਦਾ ਇਕ ਉਮੀਦਵਾਰ, ਢਕੋਲੀ ਵਿੱਚ ਇਕ ਅਤੇ ਪੀਰਮੁਛੱਲਾ ਵਿੱਚ ਇਕ ਉਮੀਦਵਾਰ ਹੀ ਜਿੱਤ ਹਾਸਲ ਕਰ ਸਕਿਆ ਜਦਕਿ ਬਾਕੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਭਬਾਤ ਖੇਤਰ ਵਿੱਚ ਸ੍ਰੀ ਸ਼ਰਮਾ ਦਾ ਇਕ ਵੀ ਉਮੀਦਵਾਰ ਨਹੀਂ ਜਿੱਤ ਸਕਿਆ।

News Source link