ਵਾਸ਼ਿੰਗਟਨ, 16 ਫਰਵਰੀ

ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੈਲੋਸੀ ਨੇ ਕਿਹਾ ਹੈ ਕਿ ਕੈਪੀਟਲ ਹਿੱਲ ‘ਤੇ ਹੋਈ ਹਿੰਸਾ ਦੀ ਜਾਂਚ ਲਈ 9/11 ਵਰਗਾ ਆਜ਼ਾਦਾਨਾ ਕਮਿਸ਼ਨ ਕਾਇਮ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਹਮਾਇਤੀਆਂ ਨੇ ਕੈਪੀਟਲ ਹਿੱਲ ‘ਤੇ ਹੰਗਾਮਾ ਕੀਤਾ ਸੀ। ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨੇਟ ਵੱਲੋਂ ਟਰੰਪ ਨੂੰ ਦੋਸ਼ ਮੁਕਤ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਪੈਲੋਸੀ ਨੇ ਕਿਹਾ ਕਿ ਹਿੰਸਾ ਕਿਵੇਂ ਹੋਈ, ਇਸ ਦੀ ਤਹਿ ਤੱਕ ਜਾਣ ਦੀ ਲੋੜ ਹੈ। ਪ੍ਰਤੀਨਿਧੀ ਸਭਾ ਦੇ ਆਪਣੇ ਸਹਿਯੋਗੀਆਂ ਨੂੰ ਲਿਖੇ ਪੱਤਰ ਵਿਚ ਪੈਲੋਸੀ ਨੇ ਕਿਹਾ ਕਿ ਆਪਣੀ ਸੁਰੱਖਿਆ ਯਕੀਨੀ ਬਣਾਉਣ ਲਈ ਸਦਨ ਨੂੰ ਕਮਿਸ਼ਨ ਕਾਇਮ ਕਰਨਾ ਚਾਹੀਦਾ ਹੈ। ਕੁਝ ਹੋਰ ਕਾਨੂੰਨਸਾਜ਼ਾਂ ਨੇ ਵੀ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ ਜਿਨ੍ਹਾਂ ਵਿਚ ਰਿਪਬਲਿਕਨ ਵੀ ਸ਼ਾਮਲ ਹਨ। ਡੈਮੋਕਰੈਟ ਪੈਲੋਸੀ ਨੇ ਲਿਖਿਆ ਕਿ ਸਦਨ ਦੀ ਸੁਰੱਖਿਆ ਖਾਤਰ ਅਜਿਹਾ ਕੀਤਾ ਜਾਣਾ ਜ਼ਰੂਰੀ ਹੈ। ਅਮਰੀਕਾ ਵਿਚ ਰਾਸ਼ਟਰਪਤੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਦੋ ਮਹਾਨ ਅਮਰੀਕੀ ਰਾਸ਼ਟਰਪਤੀਆਂ- ਜੌਰਜ ਵਾਸ਼ਿੰਗਟਨ ਤੇ ਅਬਰਾਹਮ ਲਿੰਕਨ ਨੂੰ ਯਾਦ ਕੀਤਾ ਜਾ ਰਿਹਾ ਹੈ। ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਵੀ ਪੈਲੋਸੀ ਦੀ ਟਵੀਟ ਕਰ ਕੇ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਹਿੰਸਾ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਕਾਲੇ ਦਿਨਾਂ ਵਿਚੋਂ ਇਕ ਸੀ। ਇਸ ਦੀ ਵਿਸਥਾਰ ਨਾਲ ਜਾਂਚ ਹੋਣੀ ਚਾਹੀਦੀ ਹੈ।
-ਪੀਟੀਆਈ

News Source link