ਚੇਨੱਈ, 14 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹਮੇਸ਼ਾ ਸ੍ਰੀਲੰਕਾ ਦੇ ਤਾਮਿਲਾਂ ਦੇ ਭਲਾਈ ਦਾ ਧਿਆਨ ਰੱਖਿਆ ਹੈ ਅਤੇ ਉਨ੍ਹਾਂ ਦੇ ਅਧਿਕਾਰਾਂ ਦਾ ਮੁੱਦਾ ਲਗਾਤਾਰ ਦੋਵਾਂ ਮੁਲਕਾਂ ਦੇ ਆਗੂਆਂ ਵਿਚਾਲੇ ਹੋਈ ਗੱਲਬਾਤ ਦੌਰਾਨ ਚੁੱਕਿਆ ਹੈ।

ਪ੍ਰਧਾਨ ਮੰਤਰੀ ਨੇ ਰੇਲਵੇ ਤੇ ਰੱਖਿਆ ਖੇਤਰਾਂ ‘ਚ ਵੱਖ ਵੱਖ ਸਰਕਾਰੀ ਪ੍ਰਾਜੈਕਟਾਂ ਦੀ ਸ਼ੁਰੂਆਤ ਤੋਂ ਬਾਅਦ ਕਿਹਾ ਕਿ ਭਾਰਤ ਹਮੇਸ਼ਾ ਇਹ ਯਕੀਨੀ ਬਣਾਉਣ ਲਈ ਪ੍ਰਤੀਬੱਧ ਰਿਹਾ ਹੈ ਕਿ ਉੱਥੇ ਤਾਮਿਲ ਬਰਾਬਰੀ, ਨਿਆਂ, ਸ਼ਾਂਤੀ ਅਤੇ ਸਨਮਾਨ ਨਾਲ ਰਹਿਣ। ਉਨ੍ਹਾਂ ਰਿਹਾਇਸ਼ ਤੇ ਸਿਹਤ ਸਬੰਧੀ ਖੇਤਰਾਂ ‘ਚ ਕੇਂਦਰ ਵੱਲੋਂ ਚੁੱਕੇ ਗਏ ਵੱਖ ਵੱਖ ਲੋਕ ਭਲਾਈ ਦੇ ਫ਼ੈਸਲੇ ਯਾਦ ਕੀਤੇ, ਜਿਨ੍ਹਾਂ ਦਾ ਮਕਸਦ ਸ੍ਰੀਲੰਕਾ ਦੇ ਤਾਮਿਲਾਂ ਨੂੰ ਲਾਭ ਪਹੁੰਚਾਉਣਾ ਸੀ। ਉਨ੍ਹਾਂ ਕਿਹਾ ਕਿ ਉੱਤਰੀ ਸ੍ਰੀਲੰਕਾ ‘ਚ ਜਾਫਨਾ (2015 ‘ਚ) ਦਾ ਦੌਰਾ ਕਰਨ ਵਾਲੇ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ। ਉਨ੍ਹਾਂ ਕਿਹਾ, ‘ਸਾਡੀ ਸਰਕਾਰ ਨੇ ਸ੍ਰੀਲੰਕਾ ‘ਚ ਤਾਮਿਲ ਭਰਾਵਾਂ ਤੇ ਭੈਣਾਂ ਦੀ ਭਲਾਈ ਤੇ ਇੱਛਾਵਾਂ ਦਾ ਹਮੇਸ਼ਾ ਧਿਆਨ ਰੱਖਿਆ ਹੈ। ਮੇਰੇ ਲਈ ਇਹ ਸਨਮਾਨ ਦੀ ਗੱਲ ਹੈ ਕਿ ਮੈਂ ਜਾਫਨਾ ਦਾ ਦੌਰਾ ਕਰਨ ਵਾਲਾ ਇਕਲੌਤਾ ਭਾਰਤੀ ਪ੍ਰਧਾਨ ਮੰਤਰੀ ਹਾਂ। ਅਸੀਂ ਵਿਕਾਸ ਕਾਰਜਾਂ ਰਾਹੀਂ ਤਾਮਿਲ ਭਾਈਚਾਰੇ ਦੀ ਭਲਾਈ ਯਕੀਨੀ ਬਣਾ ਰਹੇ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਨੇ ਉੱਤਰ-ਪੂਰਬੀ ਸ੍ਰੀਲੰਕਾ ‘ਚ ਤਾਮਿਲਾਂ ਲਈ 50 ਹਜ਼ਾਰ ਘਰਾਂ ਦਾ ਨਿਰਮਾਣ ਕੀਤਾ ਹੈ ਅਤੇ ਬਾਗਾਨ ਖੇਤਰਾਂ ‘ਚ ਚਾਰ ਹਜ਼ਾਰ ਹੋਰ ਮਕਾਨ ਬਣਾ ਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਜਾਫਨਾ ਸੱਭਿਆਚਾਰਕ ਕੇਂਦਰ ਜਲਦੀ ਖੋਲ੍ਹੇ ਜਾਣ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤਾਮਿਲਾਂ ਦੇ ਅਧਿਕਾਰਾਂ ਦਾ ਮੁੱਦਾ ਹਮੇਸ਼ਾ ਸ੍ਰੀਲੰਕਾ ਦੇ ਆਗੂਆਂ ਨਾਲ ਗੱਲਬਾਤ ਦੌਰਾਨ ਚੁੱਕਿਆ ਹੈ। ਚੇਨੱਈ ‘ਚ ਅੱਜ ਦੇ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਨੇ ਸੂਬੇ ‘ਚ ਅਪਰੈਲ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਦਾ ਮੁੱਢ ਵੀ ਬੰਨ੍ਹ ਦਿੱਤਾ ਹੈ। -ਪੀਟੀਆਈ

News Source link