ਨਵੀ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਦਫ਼ਤਰਾਂ ‘ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਮੁਤਾਬਕ ਜੇਕਰ ਇੱਕ ਜਾਂ ਦੋ ਕੇਸ ਸਾਹਮਣੇ ਆਉਂਦੇ ਹਨ ਤਾਂ ਸਿਰਫ ਸਬੰਧਤ ਖੇਤਰ ਅਤੇ ਉਸ ਜਗ੍ਹਾ, ਜਿੱਥੇ ਮਰੀਜ਼ ਪਿਛਲੇ 48 ਘੰਟਿਆਂ ‘ਚ ਗਿਆ ਹੋਵੇ, ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਸ਼ਨਿਚਰਵਾਰ ਨੂੰ ਜਾਰੀ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀਐੱਸ) ਅਨੁਸਾਰ ਸੈਨੀਟਾਈਜ਼ ਪ੍ਰਕਿਰਿਆ ਪੂਰੀ ਹੋਣ ਮਗਰੋਂ ਮੁੜ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ। ਮੰਤਰਾਲੇ ਵੱਲੋਂ ਜਾਰੀ ਹਦਾਇਤਾਂ ‘ਚ ਕਿਹਾ ਗਿਆ ਹੈ ਕਿ ਜੇਕਰ ਕੰਮ ਵਾਲੀ ਥਾਂ ‘ਤੇ ਜ਼ਿਆਦਾ ਕੇਸ ਮਿਲਦੇ ਹਨ ਤਾਂ ਕੰਮ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਪੂਰੇ ਬਲਾਕ ਜਾਂ ਇਮਾਰਤ ਨੂੰ ਰੋਗਾਣੂਮੁਕਤ ਕੀਤਾ ਜਾਣਾ ਚਾਹੀਦਾ ਹੈ। ਨਵੀਆਂ ਹਦਾਇਤਾਂ ਮੁਤਾਬਕ ਕੰਨਟੇਨਮੈਂਟ ਜ਼ੋਨਾਂ ਰਹਿ ਰਹੇ ਅਧਿਕਾਰੀਆਂ ਤੇ ਸਟਾਫ ਵੱਲੋਂ ਇਸ ਸਬੰਧੀ ਆਪਣੇ ਨਿਗਰਾਨ ਅਧਿਕਾਰੀ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਕੰਨਟੇਨਮੈਂਟ ਜ਼ੋਨ ਨੂੰ ਡੀਨੋਟੀਫਾਈ ਕੀਤੇ ਜਾਣ ਤਕ ਦਫ਼ਤਰ ਨਹੀਂ ਜਾਣਾ ਚਾਹੀਦਾ। ਅਜਿਹੇ ਸਟਾਫ ਨੂੰ ਘਰ ਤੋਂ ਕੰਮ ਕਰਨ ਦੀ ਆਗਿਆ ਮਿਲਣੀ ਚਾਹੀਦੀ ਹੈ। -ਪੀਟੀਆਈ

News Source link