ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 13 ਫਰਵਰੀ

ਬੀਐੱਸਐੱਫ ਦੇ ਜਵਾਨਾਂ ਨੇ ਤਰਨ ਤਾਰਨ ਦੇ ਖਾਲੜਾ ਸੈਕਟਰ ਤੇ ਫਿਰੋਜ਼ਪੁਰ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਕੁੱਲ ਮਿਲਾ ਕੇ 96 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਸੁਰੱਖਿਆ ਬਲਾਂ ਨੇ ਖਾਲੜਾ ਸੈਕਟਰ ਵਿੱਚ ਇਕ ਨਸ਼ਾ ਤਸਕਰ ਨੂੰ ਵੀ ਢੇਰ ਕਰ ਦਿੱਤਾ ਜਦੋਂਕਿ ਪਾਕਿਸਾਨੀ ਸਿੰਮ, ਕਾਰਤੂਸ ਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਬੀਐੱਸਐੱਫ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।

ਭਿੱਖੀਵਿੰਡ(ਨਰਿੰਦਰ ਸਿੰਘ): ਇਥੇ ਖਾਲੜਾ ਸੈਕਟਰ ਵਿੱਚ ਅੱਜ ਵੱਡੇ ਤੜਕੇ ਭਾਰਤ-ਪਾਕਿ ਸਰਹੱਦ ‘ਤੇ ਬੀਐੱਸਐੱਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੁਰਜੀ ਨੰਬਰ 130/2 ਕੋਲ ਦੋ ਵਿਅਕਤੀਆਂ ਦੀ ਨਕਲੋ- ਹਰਕਤ ਦੇਖ ਕੇ ਫਾਇਰਿੰਗ ਕੀਤੀ। ਤਲਾਸ਼ੀ ਮੁਹਿੰਮ ਦੌਰਾਨ ਬੀਐੱਸਐਫ਼ ਜਵਾਨਾਂ ਨੇ ਕੰਡਿਆਲੀ ਤਾਰ ਦੇ ਨਜ਼ਦੀਕ 12 ਫੁੱਟ ਪਾਈਪ ਦਾ ਆਰ-ਪਾਰ ਹੋਇਆ ਟੋਟਾ ਤੇ ਪਾਕਿਸਤਾਨ ਵਲੋਂ ਭਾਰਤ ਵੱਲ ਸੁੱਟੀ ਗਈ ਹੈਰੋਇਨ ਦੇ 14 ਪੈਕੇਟ ਬਰਾਮਦ ਕੀਤੇ। ਇਸ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ‘ਚ ਕੀਮਤ 70 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ 3 ਪਾਕਿਸਤਾਨੀ ਸਿੰਮਾਂ, 4 ਕਾਰਤੂਸ, ਇੱਕ ਮੈਗਜ਼ੀਨ ਤੇ 2 ਮੋਬਾਈਲ ਫੋਨ ਵੀ ਬਰਾਮਦ ਹੋਏ ਹਨ। ਤਲਾਸ਼ੀ ਦੌਰਾਨ ਇੱਕ ਪਾਕਿਸਤਾਨੀ ਤਸਕਰ ਦੀ ਲਾਸ਼ ਵੀ ਬਰਾਮਦ ਹੋਈ। ਬੀਐੱਸਐਫ਼ ਜਵਾਨਾਂ ਨੇ ਲਾਸ਼ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਦਿੱਤੀ ਹੈ। ਤਰਨ ਤਾਰਨ ਦੇ ਐੱਸਐੱਸਪੀ ਧਰੁਮਨ ਐੱਚ. ਨਿੰਬਲੇ ਨੇ ਦੱਸਿਆ ਕਿ ਹੈਰੋਇਨ ਬਰਾਮਦਗੀ ਨੂੰ ਲੈ ਕੇ ਥਾਣਾ ਖਾਲੜਾ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਫ਼ਿਰੋਜ਼ਪੁਰ(ਸੰਜੀਵ ਹਾਂਡਾ): ਫ਼ਿਰੋਜ਼ਪੁਰ ਸੈਕਟਰ ਵਿੱਚ ਪਾਕਿਸਤਾਨ ਨਾਲ ਲਗਦੀ ਸਰਹੱਦ ‘ਤੇ ਤਾਇਨਾਤ ਬੀਐਸਐਫ਼ ਦੀ 136 ਬਟਾਲੀਅਨ ਦੇ ਜਵਾਨਾਂ ਨੇ ਚੈਕਿੰਗ ਦੌਰਾਨ ਪੰਜ ਕਿਲੋ ਡੇਢ ਸੌ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 26 ਕਰੋੜ ਰੁਪਏ ਦੱਸੀ ਜਾਂਦੀ ਹੈ। ਬੀਐੱਸਐੱਫ਼ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਸਰਹੱਦ ‘ਤੇ ਗਸ਼ਤ ਕਰਦਿਆਂ ਜਵਾਨਾਂ ਨੇ ਸ਼ੱਕੀ ਵਿਅਕਤੀਆਂ ਨੂੰ ਲਲਕਾਰਾ ਮਾਰਿਆ ਤੇ ਕੁਝ ਫਾਇਰ ਵੀ ਕੀਤੇ। ਮਸ਼ਕੂਕ ਹਾਲਾਂਕਿ ਧੁੰਦ ਦੀ ਆੜ ਵਿੱਚ ਪਾਕਿਸਤਾਨ ਵੱਲ ਨੂੰ ਫ਼ਰਾਰ ਹੋ ਗਏ। ਦਿਨ ਵੇਲੇ ਜਵਾਨਾਂ ਨੇ ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਉਥੋਂ ਤਿੰਨ ਪੈਕੇਟ ਹੈਰੋਇਨ ਬਰਾਮਦ ਹੋਏ। ਬੀਐਸਐਫ਼ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਦੀ ਸੂਚਨਾ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ।

ਸਰਹੱਦ ਤੋਂ ਭਾਰਤੀ ਨਾਗਰਿਕ ਕਾਬੂ਼

ਅਟਾਰੀ (ਪੱਤਰ ਪ੍ਰੇਰਕ): ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 88ਵੀਂ ਬਟਾਲੀਅਨ ਵੱਲੋਂ ਗੈਰਕਾਨੂੰਨੀ ਢੰਗ ਨਾਲ ਕੰਡਿਆਲੀ ਤਾਰ ਨੇੜੇ ਪੁੱਜੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਭਾਰਤੀ ਨਾਗਰਿਕ ਦੀ ਪਛਾਣ ਵਿਸ਼ਾਲ ਕੁਮਾਰ (25) ਪੁੱਤਰ ਨਰਿੰਦਰਾ ਸਾਹਨੀ ਵਾਸੀ ਬਿਹਾਰ ਵਜੋਂ ਹੋਈ ਹੈ। ਉਸ ਦੇ ਕਬਜ਼ੇ ਵਿੱਚੋਂ ਕੋਈ ਵੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਇਸ ਦੌਰਾਨ ਪਾਕਿਸਤਾਨ ਰਸਤੇ ਅਫਗਾਨਿਸਤਾਨ ਨਾਲ ਚੱਲ ਰਹੇ ਵਪਾਰ ਤਹਿਤ ਅੱਜ ਸੰਗਠਿਤ ਚੈੱਕ ਪੋਸਟ ਅਟਾਰੀ ਵਿਚ ਕਸਟਮ ਵਿਭਾਗ ਵੱਲੋਂ ਜਾਂਚ ਦੌਰਾਨ 10 ਦੇ ਕਰੀਬ ਖਾਲੀ ਰੌਂਦ ਬਰਾਮਦ ਕੀਤੇ ਗਏ। ਇਕਰਮ ਏਜਾਤ ਲਿਮਟਿਡ ਕੰਧਾਰ (ਅਫਗਾਨਿਸਤਾਨ) ਵੱਲੋਂ ਅੰਮ੍ਰਿਤਸਰ ਦੀ ਓਮਨੀ ਤਾਰਾ ਕੰਪਨੀ ਨੂੰ ਭੇਜੀ ਖੇਪ ਆਈਸੀਪੀ ਅਟਾਰੀ ਪੁੱਜੀ ਜਿਸ ਵਿੱਚ ਹੋਰ ਸਾਮਾਨ ਨਾਲ ਖਾਲੀ ਰੌਂਦ ਬਰਾਮਦ ਹੋਏ।

News Source link