ਨਵੀਂ ਦਿੱਲੀ, 11 ਫਰਵਰੀ

ਅਦਾਕਾਰਾ ਮਾਹੀ ਗਿੱਲ ਨੂੰ ਲੱਗਦਾ ਹੈ ਕਿ ਫਿਲਮ ਸਨਅਤ ਵਿੱਚ ਉਸ ਦੀ ਜ਼ਿਆਦਾ ਮੰਗ ਨਹੀਂ ਹੈ ਤੇ ਹਿੱਟ ਫਿਲਮਾਂ ਦੇਣ ਦਾ ਦਬਾਅ ਵੱਡੇ ਅਦਾਕਾਰਾਂ ਨੂੰ ਹੀ ਵਧੇਰੇ ਡਰਾਉਂਦਾ ਹੈ। ਮਾਹੀ ਗਿੱਲ ਨੇ ਕਿਹਾ, ‘ਮੈਂ ਇਹ ਆਪਣੇ ਬਾਰੇ ਕਹਿ ਰਹੀ ਹਾਂ ਕਿ ਫਿਲਮ ਸਨਅਤ ‘ਚ ਮੇਰੀ ਇੰਨੀ ਮੰਗ ਨਹੀਂ ਹੈ ਕਿ ਮੈਂ ਆਪਣੇ ਦਮ ‘ਤੇ ਕੋਈ ਫਿਲਮ ਚਲਾ ਸਕਾਂ।’ ਉਸ ਨੇ ਕਿਹਾ, ‘ਵੱਡੇ ਅਦਾਕਾਰਾਂ ਨੂੰ ਅਜਿਹਾ ਡਰ ਸਤਾਉਂਦਾ ਹੈ। ਆਪਣੇ ਦਮ ‘ਤੇ ਫਿਲਮ ਹਿੱਟ ਕਰਨ ਦਾ ਡਰ ਵੱਡੇ ਅਦਾਕਾਰਾਂ ਨੂੰ ਹੁੰਦਾ ਹੈ।’ ਮਾਹੀ ਉਨ੍ਹਾਂ ਕਲਾਕਾਰਾਂ ‘ਚ ਆਪਣੀ ਥਾਂ ਬਣਾ ਕੇ ਰੱਖਣਾ ਚਾਹੁੰਦੀ ਹੈ, ਜਿਨ੍ਹਾਂ ਲਈ ਬਾਕਸ ਆਫ਼ਿਸ ਦੇ ਦਬਾਅ ਨਾਲੋਂ ਉਨ੍ਹਾਂ ਦਾ ਪ੍ਰਦਰਸ਼ਨ ਵਧੇਰੇ ਮਾਅਨੇ ਰੱਖਦਾ ਹੈ। ਉਸ ਨੇ ਕਿਹਾ, ‘ਜੇ ਤੁਹਾਡੀ ਫਿਲਮ ਵਧੇਰੇ ਨਹੀਂ ਚੱਲਦੀ ਪਰ ਅਦਾਕਾਰ ਵਜੋਂ ਤੁਹਾਡਾ ਕੰਮ ਸਰਾਹਿਆ ਜਾਂਦਾ ਹੈ ਤਾਂ ਤੁਹਾਨੂੰ ਕੰਮ ਮਿਲਦਾ ਰਹਿੰਦਾ ਹੈ।’ ਦੱਸਣਯੋਗ ਹੈ ਕਿ ਮਾਹੀ ਗਿੱਲ ਨੇ 2003 ਵਿੱਚ ‘ਹਵਾਏਂ’ ਫਿਲਮ ਨਾਲ ਬੌਲੀਵੁੱਡ ‘ਚ ਕਦਮ ਰੱਖਿਆ ਸੀ ਪਰ 2009 ‘ਚ ਰਿਲੀਜ਼ ਹੋਈ ਅਨੁਰਾਗ ਕਸ਼ਿਅਪ ਦੀ ਫਿਲਮ ‘ਦੇਵ ਡੀ’ ਵਿੱਚ ਨਿਭਾਈ ਪਾਰੋ ਦੀ ਭੂਮਿਕਾ ਨੇ ਉਸ ਨੂੰ ਪਛਾਣ ਦਿਵਾਈ ਸੀ। ਇਸ ਤੋਂ ਇਲਾਵਾ ‘ਸਾਹਿਬ, ਬੀਵੀ ਔਰ ਗੈਂਗਸਟਰ’, ‘ਸਾਹਿਬ, ਬੀਵੀ ਔਰ ਗੈਂਗਸਟਰ ਰਿਟਰਨਜ਼’ ਅਤੇ ‘ਗੁਲਾਲ’ ਵਿੱਚ ਵੀ ਉਸ ਦਾ ਕੰਮ ਸਰਾਹਿਆ ਗਿਆ। ਆਖ਼ਰੀ ਵਾਰ ‘ਦੁਰਗਾਮਤੀ’ ਫਿਲਮ ‘ਚ ਦਿਖਾਈ ਦੇਣ ਵਾਲੀ ਮਾਹੀ ਜਲਦ ਹੀ ਮਹੇਸ਼ ਮਾਂਜਰੇਕਰ ਦੀ ਵੈੱਬ ਸੀਰੀਜ਼ ‘1962: ਦਿ ਵਾਰ ਇਨ ਦਿ ਹਿੱਲਜ਼’ ਵਿੱਚ ਦਿਖਾਈ ਦੇਵੇਗੀ।
-ਆਈਏਐੱਨਐੱਸ

News Source link