ਨਵੀਂ ਦਿੱਲੀ, 11 ਫਰਵਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਿਆਸੀ ਛੂਤਛਾਤ ਵਿੱਚ ਵਿਸ਼ਵਾਸ ਨਹੀਂ ਰੱਖਦੀ ਹੈ, ਬਲਕਿ ਦੇਸ਼ ਨੂੰ ਚਲਾਉਣ ਵਿਚ ਆਮ ਸਹਿਮਤੀ ਦਾ ਸਨਮਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਭਾਜਪਾ ਆਪਣੇ ਵਿਰੋਧੀਆਂ ਖ਼ਿਲਾਫ਼ ਪੂਰੀ ਤਾਕਤ ਨਾਲ ਲੜਦੀ ਹੈ ਪਰ ਇਸ ਦਾ ਮਤਲਬ ਇਹ ਬਿਲਕੁਲ ਵੀ ਨਹੀਂ ਹੈ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਦਾ ਸਨਮਾਨ ਨਹੀਂ ਕਰਦੀ ਹੈ।

ਪਾਰਟੀ ਦੇ ਵਿਚਾਰਕ ਅਤੇ ਜਨ ਸੰਘ ਦੇ ਪ੍ਰਧਾਨ ਰਹੇ ਦੀਨ ਦਿਆਲ ਉਪਾਧਿਆਏ ਦੀ 53ਵੀਂ ਬਰਸੀ ਸਬੰਧੀ ਇਕ ਸਮਾਰੋਹ ਦੌਰਾਨ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਗਵਾਂ ਪਾਰਟੀ ਹਮੇਸ਼ਾ ‘ਰਾਸ਼ਟਰਨੀਤੀ ਨੂੰ ‘ਰਾਜਨੀਤੀ’ ਤੋਂ ਉੱਪਰ ਰੱਖਦੀ ਹੈ ਅਤੇ ਆਪਣੇ ਸਿਆਸੀ ਵਿਰੋਧੀਆਂ ਦਾ ਵੀ ਸਤਿਕਾਰ ਕਰਦੀ ਹੈ। ਇਸ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਤੇ ਕਾਂਗਰਸੀ ਆਗੂ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਹੈ ਅਤੇ ਅਸਾਮ ਦੇ ਸਾਬਕਾ ਮੁੱਖ ਮੰਤਰੀ ਤਰੁਣ ਗੋਗੋਈ ਤੇ ਨਾਗਾਲੈਂਡ ਦੇ ਸਾਬਕਾ ਮੁੱਖ ਮੰਤਰੀ ਐੱਸ.ਸੀ. ਜਮੀਰ ਨੂੰ ਪਦਮ ਪੁਰਸਕਾਰ ਦਿੱਤੇ ਹਨ ਅਤੇ ਇਹ ਸਾਰੇ ਉਨ੍ਹਾਂ ਦੀ ਪਾਰਟੀ ਜਾਂ ਗੱਠਜੋੜ ਦਾ ਹਿੱਸਾ ਨਹੀਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਸੰਸਦ ਵਿੱਚ ਕਿਹਾ ਸੀ ਕਿ ਇਕ ਸਰਕਾਰ ਬਹੁਮਤ ਨਾਲ ਚੱਲ ਸਕਦੀ ਹੈ ਪਰ ਇਕ ਦੇਸ਼ ਆਮ ਸਹਿਮਤੀ ਨਾਲ ਹੀ ਚੱਲਦਾ ਹੈ। ਉਨ੍ਹਾਂ ਸੁਭਾਸ਼ ਚੰਦਰ ਬੋਸ, ਡਾ. ਬੀ.ਆਰ. ਅੰਬੇਡਕਰ ਤੇ ਸਰਦਾਰ ਵੱਲਭਭਾਈ ਪਟੇਲ ਵਰਗੀਆਂ ਕੌਮੀ ਸ਼ਖ਼ਸੀਅਤਾਂ ਨੂੰ ਮੌਜੂਦਾ ਸਰਕਾਰ ਵੱਲੋਂ ਦਿੱਤੇ ਗਏ ਸਨਮਾਨ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੇਸ਼ ਭਰ ਦੀਆਂ ਭਾਜਪਾ ਇਕਾਈਆਂ ਨੂੰ ਅਪੀਲ ਕੀਤੀ ਕਿ ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ ਇਸ ਕਰ ਕੇ ਉਹ ਸਮਾਜ ਭਲਾਈ ਦੇ 75 ਸੰਕਲਪਾਂ ਨੂੰ ਪੂਰਾ ਕਰਨ ਦਾ ਜ਼ਿੰਮਾ ਚੁੱਕਣ। ਸ੍ਰੀ ਮੋਦੀ ਨੇ ਪਾਰਟੀ ਦੇ ਸੰਸਦ ਮੈਂਬਰਾਂ ਤੇ ਹੋਰ ਆਗੂਆਂ ਨੂੰ ਹਰ ਰੋਜ਼ ਦੀ ਜ਼ਿੰਦਗੀ ਵਿੱਚ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਇਕ ਸੂਚੀ ਬਣਾਉਣ ਅਤੇ ਵਿਦੇਸ਼ੀ ਵਸਤਾਂ ਦੀ ਥਾਂ ਉਨ੍ਹਾਂ ਦੇ ਦੇਸੀ ਬਦਲ ਇਸਤੇਮਾਲ ਕਰਨ ਲਈ ਕਿਹਾ।
-ਪੀਟੀਆਈ

News Source link