ਨਵੀਂ ਦਿੱਲੀ, 11 ਫਰਵਰੀ

ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਅੱਜ ਕਿਹਾ ਕਿ ਜੇ ਸਰਕਾਰ ਫਸਲਾਂ ਦੀ ਐੱਮਐੱਸਪੀ ‘ਤੇ ਖਰੀਦ ਦੀ ਗਾਰਟੀ ਨੂੰ ਕਾਨੂੰਨਾਂ ਦਾ ਹਿੱਸਾ ਬਣਾਉਂਦੀ ਹੈ ਤਾਂ ਦਿੱਲੀ ਦੀਆਂ ਬਰੂਹਾਂ ‘ਤੇ ਪਿਛਲੇ ਦੋ ਮਹੀਨਿਆਂ ਤੋਂ ਡਟੇ ਕਿਸਾਨ ਆਪਣੇ ਘਰਾਂ ਨੂੰ ਪਰਤ ਜਾਣਗੇ। ਚੇਤੇ ਰਹੇ ਕਿ ਐੱਨਡੀਏ ਵਿੱਚ ਭਾਜਪਾ ਦੇ ਸਭ ਤੋਂ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਸਰਕਾਰ ਤੇ ਗੱਠਜੋੜ ਨੂੰ ਅਲਵਿਦਾ ਆਖ ਦਿੱਤੀ ਸੀ। ਗੁਜਰਾਲ ਨੇ ਬਜਟ ‘ਤੇ ਚੱਲ ਰਹੀ ਚਰਚਾ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਕਿਸਾਨ ਅੱਜ ਸੜਕਾਂ ‘ਤੇ ਹਨ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਮੰਡੀਆਂ ਉਨ੍ਹਾਂ ਕੋਲੋਂ ਖੋਹ ਲਈਆਂ ਜਾਣਗੀਆਂ। ਉਨ੍ਹਾਂ ਕਿਹਾ, ‘ਕਿਸਾਨ ਫ਼ਸਲਾਂ ਦੇ ਉਤਪਾਦਨ ਦਾ ਜੋਖ਼ਮ ਤਾਂ ਲੈ ਸਕਦੇ ਹਨ, ਪਰ ਉਹ ਮੰਡੀਆਂ ਦਾ ਜੋਖ਼ਮ ਹਰਗਿਜ਼ ਨਹੀਂ ਲੈ ਸਕਦੇ। ਇਨ੍ਹਾਂ ਕਾਨੂੰਨਾਂ ਮਗਰੋਂ ਉਨ੍ਹਾਂ ਨੂੰ ਨਿੱਜੀ ਮੰਡੀਆਂ ‘ਚ ਜਾਣਾ ਪਏਗਾ, ਜਿੱਥੇ ਐੱਮਐੱਸਪੀ ਨਹੀਂ ਮਿਲੇਗੀ। ਐੱਮਐੱਸਪੀ ‘ਤੇ ਖਰੀਦ ਕੌਣ ਕਰੇਗਾ? ਨਿੱਜੀ ਖਰੀਦਦਾਰ ਨਹੀਂ ਬਲਕਿ ਸਿਰਫ਼ ਸਰਕਾਰੀ ੲੇਜੰਸੀਆਂ ਹੀ ਇਹ ਕੰਮ ਕਰਨਗੀਆਂ। ਉਨ੍ਹਾਂ ਕਿਹਾ, ‘ਅੱਜ ਹਰ ਕਿਸਾਨ ਇਹ ਆਖ ਰਿਹੈ ‘ਸਰਫ਼ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੁ-ਏ-ਕਾਤਿਲ ਮੇਂ ਹੈ। ਇਹ ਕਿਸਾਨ ਤਾਂ ਹੁਣ ਉਦੋਂ ਹੀ ਮੁੜਨਗੇ ਜਦੋਂ ਕਹਿਣਗੇ ‘ਫ਼ਤਿਹ ਫ਼ਤਿਹ ਫ਼ਤਿਹ।’ -ਪੀਟੀਆਈ

News Source link