ਪੱਤਰ ਪ੍ਰੇਰਕ
ਰੂਪਨਗਰ, 4 ਫਰਵਰੀ

ਜ਼ਿਲ੍ਹਾ ਪ੍ਰੈੱਸ ਕਲੱਬਜ਼ ਐਸੋਸੀਏਸ਼ਨ ਰੂਪਨਗਰ ਨੇ ਦਿੱਲੀ ਵਿੱਚ ਕਿਸਾਨ ਅੰਦੋਲਨ ਸਬੰਧੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਨੂੰ ਪੁਲੀਸ ਵੱਲੋਂ ਝੂਠੇ ਕੇਸਾਂ ਵਿੱਚ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਝੂਠੇ ਕੇਸ ਦਰਜ ਕਰਨ ਦੇ ਵਿਰੋਧ ਵਿੱਚ ਅੱਜ ਜ਼ਿਲ੍ਹਾ ਸਦਰ ਮੁਕਾਮ ਰੂਪਨਗਰ ਵਿੱਚ ਰੋਸ ਮਾਰਚ ਕੀਤਾ ਅਤੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪੱਤਰਕਾਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਬਹਾਦਰਜੀਤ ਸਿੰਘ ਨੇ ਦਿੱਲੀ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਆਦਿ ਥਾਵਾਂ ‘ਤੇ ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਉਨ੍ਹਾਂ ਵਿਰੁੱਧ ਦੇਸ਼ ਧਰੋਹ ਵਰਗੇ ਸੰਗੀਨ ਜੁਰਮ ਤਹਿਤ ਕੇਸ ਦਰਜ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਇਹ ਕੇਸ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਹੋਰਾਂ ਨੇ ਵੀ ਸੰਬੋਧਨ ਕੀਤਾ।

ਮੋਰਿੰਡਾ (ਪੱਤਰ ਪ੍ਰੇਰਕ): ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ ਹੇਠ ਬਿਜਲੀ ਦਫ਼ਤਰ ਮੋਰਿੰਡਾ ‘ਚ ਅਰਥੀ-ਫੂਕ ਰੋਸ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਤੀਸ਼ ਕੁਮਾਰ ਨੇ ਦੱਸਿਆ ਕਿ 26 ਜਨਵਰੀ ਨੂੰ ਕਿਸਾਨਾਂ ‘ਤੇ ਲਾਠੀਚਾਰਜ ਕਰਨ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ, ਠੇਕਾ ਅਤੇ ਪੈਨਸ਼ਨਰ ਕਾਮਿਆਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਭੰਗ ਕਰਨਾ ਚਾਹੁੰਦੀ ਹੈ।

News Source link