ਨਵਕਿਰਨ ਸਿੰਘ

ਮਹਿਲ ਕਲਾਂ, 3 ਫਰਵਰੀ

ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਅੱਜ ਮਹਿਲ ਕਲਾਂ ਨੇੜਲੇ ਪਿੰਡ ਚੰਨਣਵਾਲ ਦੇ ਕਿਸਾਨ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਬਲਾਕ ਆਗੂ ਜਸਮੇਲ ਸਿੰਘ ਉਰਫ ਜੀਆਰ (50) ਪੁੱਤਰ ਰਣਜੀਤ ਸਿੰਘ ਵਾਸੀ ਚੰਨਣਵਾਲ ਲੰਘੀ 26 ਨਵੰਬਰ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਸਰਗਰਮ ਸੀ ਅਤੇ ਅੱਜ ਦੁਪਹਿਰ ਲਗਪਗ 2 ਵਜੇ ਮੁੱਖ ਸਟੇਜ ਕੋਲ ਅਚਾਨਕ ਉਸਦੀ ਤਬੀਅਤ ਵਿਗੜ ਗਈ। ਉਸਨੂੰ ਤੁਰੰਤ ਐਂਬੂਲੈਂਸ ਰਾਹੀਂ ਸੋਨੀਪਤ (ਹਰਿਆਣਾ) ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਡਾਕਟਰਾਂ ਅਨੁਸਾਰ ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਹਾਕਮ ਸਿੰਘ ਧਾਲੀਵਾਲ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਲਾਲੀ ਨੇ ਦੱਸਿਆ ਕਿ ਜਸਮੇਲ ਸਿੰਘ ਸਰਗਰਮ ਕਿਸਾਨ ਆਗੂ ਸੀ ਤੇ ਉਹ ਪਿਛਲੇ ਦੋ ਮਹੀਨੇ ਤੋਂ ਸਿੰਘੂ ਬਾਰਡਰ ਦਿੱਲੀ ਵਿਖੇ ਪੂਰੀ ਤਰ੍ਹਾਂ ਸਮਰਪਤ ਸੀ ਤੇ ਅੱਜ ਦਿਲ ਦਾ ਦੌਰਾ ਪੈਣ ਨਾਲ ਉਸਦੀ ਸ਼ਹਾਦਤ ਹੋਈ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਪੋਸਟਮਾਰਟਮ ਬਾਅਦ ਉਸਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇਗੀ।

News Source link