ਸ਼ਗਨ ਕਟਾਰੀਆ

ਬਠਿੰਡਾ, 1 ਫਰਵਰੀ

ਕਿਸਾਨ ਅੰਦੋਲਨ ਦੌਰਾਨ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਦੇ ਸਬੰਧ ਵਿੱਚ ਸਿੱਖ ਜੱਥੇਬੰਦੀਆਂ ਵੱਲੋਂ ਅੱਜ ਇਥੇ ਕਿਲ੍ਹਾ ਮੁਬਾਰਕ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਗਿਆ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਰਦੀਪ ਸਿੰਘ ਮਹਿਰਾਜ, ਗੁਰਵਿੰਦਰ ਸਿੰਘ ਬਠਿੰਡਾ, ਪਰਮਿੰਦਰ ਸਿੰਘ ਬਾਲਿਆਂ ਵਾਲੀ ਅਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਮੋਦੀ ਸਰਕਾਰ ‘ਤੇ ਦੋਸ਼ ਲਾਇਆ ਕਿ ਉਸ ਵੱਲੋਂ ਬਦਲੇ ਦੀ ਭਾਵਨਾ ਤਹਿਤ ਕਿਸਾਨ ਆਗੂਆਂ, ਲੱਖਾ ਸਿਧਾਣਾ ਅਤੇ ਹੋਰ ਸੰਘਰਸ਼ਸ਼ੀਲ ਲੋਕਾਂ ‘ਤੇ ਨਾਜਾਇਜ਼ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਪੱਤਰਕਾਰ ਮਨਦੀਪ ਪੂਨੀਆ ਦੀ ਗ੍ਰਿਫ਼ਤਾਰੀ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਮਨਦੀਪ ਦੀ ਗ੍ਰਿਫ਼ਤਾਰੀ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਅਤੇ ਜਮਹੂਰੀਅਤ ਦੇ ਨਾਂ ‘ਤੇ ਧੱਬਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਥੇਬੰਦੀ ਸਟੂਡੈਂਟ ਫਾਰ ਸੁਸਾਇਟੀ (ਐੱਸਐੱਫਐੱਸ) ਖ਼ਿਲਾਫ਼ ਕੀਤਾ ਜਾ ਰਿਹਾ ਕੂੜ-ਪ੍ਰਚਾਰ ਫੌਰਨ ਬੰਦ ਕੀਤਾ ਜਾਵੇ। ਉਨ੍ਹਾਂ ‘ਸਿੰਘੂ ਬਾਰਡਰ ‘ਤੇ ਇਸ ਜਥੇਬੰਦੀ ਦੇ ਟੈਂਟ ਪੁੱਟਣ ਦੀ ਕੋਸ਼ਿਸ਼ ਦੀ ਵੀ ਨਿਖੇਧੀ ਕੀਤੀ।

ਆਗੂਆਂ ਨੇ ਦਿੱਲੀ ਮੋਰਚੇ ਵਿੱਚ ਸ਼ਾਂਤਮਈ ਬੈਠੇ ਕਿਸਾਨਾਂ ਉਪਰ ਭਾਜਪਾ ਅਤੇ ਆਰਐੱਸਐੱਸ ‘ਤੇ ਪੱਥਰਬਾਜ਼ੀ, ਕੁੱਟਮਾਰ ਤੇ ਅਗਜ਼ਨੀ ਕਰਵਾਉਣ ਦੇ ਦੋਸ਼ ਲਾਏ। ਦਲ ਖ਼ਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੰਜਾਬੀ ਮਾਂ-ਬੋਲੀ ਸਤਿਕਾਰ ਸਭਾ, ਸਿੱਖ ਸਟੂਡੈਂਟਸ ਫੈਡਰੇਸ਼ਨ (ਮਾਲਵਾ ਜ਼ੋਨ), ਵਕੀਲ ਭਾਈਚਾਰਾ ਅਤੇ ਹੋਰ ਸੰਗਠਨ ਵੱਲੋਂ ਕੀਤੇ ਮਾਰਚ ਦੌਰਾਨ ਆਗੂਆਂ ਨੇ ਦੋਸ਼ ਲਾਇਆ ਕਿ 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ ਪੁਲੀਸ ਵੱਲੋਂ ਨਿਹੱਥੇ ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਨਵਰੀਤ ਸਿੰਘ ਹੁੰਦਲ ਦੀ ਮੌਤ ਹੋ ਗਈ। ਉਨ੍ਹਾਂ ਦਿੱਲੀ ਪੁਲੀਸ ਵੱਲੋਂ ਨੌਜਵਾਨਾਂ ਨੂੰ ਅਣਦੱਸੀ ਥਾਂ ‘ਤੇ ਲਿਜਾ ਕੇ ਤਸ਼ੱਦਦ ਢਾਹੁਣ, ਕਿਸਾਨ ਆਗੂਆਂ ਅਤੇ ਨੌਜਵਾਨਾਂ ‘ਤੇ ਝੂਠੇ ਪਰਚੇ ਦਰਜ ਕਰਨ, ਲਾਲ ਕਿਲ੍ਹੇ ‘ਤੇ ਕੇਸਰੀ ਨਿਸ਼ਾਨ ਸਾਹਿਬ ਚੜ੍ਹਾਉਣ ਵਾਲੇ ਨੌਜਵਾਨਾਂ ਦੀ ਜੇਲ੍ਹ ਅੰਦਰ ਕੁੱਟਮਾਰ ਕਰਨ ਦੀ ਸਖ਼ਤਾਂ ਸ਼ਬਦਾਂ ਵਿੱਚ ਨਿਖੇਧੀ ਕੀਤੀ।

News Source link