ਨਵੀਂ ਦਿੱਲੀ, 30 ਜਨਵਰੀ
ਸੁਪਰੀਮ ਕੋਰਟ ਦੀ ਕੋਲਿਜੀਅਮ ਨੇ ਜਸਟਿਸ ਪੀ.ਵੀ. ਗਾਨੇਡੀਵਾਲਾ ਵੱਲੋਂ ਜਿਨਸੀ ਹਮਲਿਆਂ ਦੇ ਮਾਮਲਿਆਂ ‘ਚ ਸੁਣਾਏ ਗਏ ਦੋ ਕਥਿਤ ਵਿਵਾਦਤ ਫ਼ੈਸਲਿਆਂ ਦੇ ਚੱਲਦਿਆਂ ਉਸ ਨੂੰ ਬੰਬੇ ਹਾਈ ਕੋਰਟ ਦੀ ਸਥਾਈ ਜੱਜ ਨਿਯੁਕਤ ਕਰਨ ਦਾ ਆਪਣਾ ਪ੍ਰਸਤਾਵ ਵਾਪਸ ਲੈ ਲਿਆ ਹੈ। ਸੂਤਰਾਂ ਮੁਤਾਬਕ ਇਹ ਫ਼ੈਸਲਾ ਉਕਤ ਜੱਜ ਵੱਲੋਂ ਪੋਕਸੋ ਐਕਟ ਤਹਿਤ ਜਿਨਸੀ ਹਮਲਿਆਂ ਦੇ ਮਾਮਲਿਆਂ ਸੁਣਾਏ ਗਏ ਵਿਵਾਦਤ ਫ਼ੈਸਲਿਆਂ ਮਗਰੋਂ ਉਸ ਦੀ ਆਲੋਚਨਾ ਹੋਣ ਕਾਰਨ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਜਸਟਿਸ ਪੁਸ਼ਪਾ ਗਾਨੇਡੀਵਾਲਾ ਨੇ ਇੱਕ ਨਾਬਾਲਗ ਲੜਕੀ ਨਾਲ ਜਿਨਸੀ ਸੋਸ਼ਣ ਦੇ ਮਾਮਲੇ ‘ਚ ਮੁਲਜ਼ਮ ਨੂੰ ਇਹ ਕਹਿੰਦਿਆਂ ਬਰੀ ਕਰ ਦਿੱਤਾ ਸੀ ਕਿ ਜਿਨ੍ਹਾਂ ਚਿਰ ‘ਸਕਿਨ ਟੂ ਸਕਿਨ ਟੱਚ’ (ਚਮੜੀ ਦੀ ਚਮੜੀ ਨਾਲ ਛੂਹ) ਨਾ ਹੋਵੇ, ਉਸ ਨੂੰ ਜਿਨਸੀ ਸੋਸ਼ਣ ਜਾਂ ਜਿਨਸੀ ਹਮਲਾ ਨਹੀਂ ਮੰਨਿਆ ਜਾ ਸਕਦਾ। ਇਸ ਤੋਂ ਕੁਝ ਦਿਨ ਪਹਿਲਾਂ ਇਸੇ ਜੱਜ ਨੇ ਫ਼ੈਸਲਾ ਸੁਣਾਇਆ ਸੀ ਕਿ ਇਕ ਪੰਜ ਸਾਲਾ ਬੱਚੀ ਦਾ ਹੱਥ ਫੜਨਾ ਜਾਂ ਉਸ ਦੀ ਪੈਂਟ ਦੀ ਜ਼ਿੱਪ ਖੋਲ੍ਹਣਾ ਪੋਕਸੋ ਐਕਟ ਅਧੀਨ ‘ਜਿਨਸੀ ਹਮਲਾ’ ਨਹੀਂ ਕਿਹਾ ਜਾ ਸਕਦਾ। ਚੀਫ਼ ਜਸਟਿਸ ਐੱਸ.ਏ. ਬੋਬੜੇ ਦੀ ਅਗਵਾਈ ਵਾਲੇ ਕਾਲਜੀਅਮ ਦੀ 20 ਜਨਵਰੀ ਨੂੰ ਹੋਈ ਮੀਟਿੰਗ ‘ਚ ਜਸਟਿਸ ਗਾਨੇਡੀਵਾਲਾ ਨੂੰ ਸਥਾਈ ਜੱਜ ਨਿਯੁਕਤ ਕਰਨ ਦੇ ਫ਼ੈਸਲੇ ‘ਤੇ ਸਹੀ ਪਾਈ ਗਈ ਸੀ। -ਏਜੰਸੀ