ਵਾਸ਼ਿੰਗਟਨ, 28 ਜਨਵਰੀ

ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਰੂਸ ‘ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਦੀ ਸੁਰੱਖਿਆ ਨੂੰ ਲੈ ਕੇ ਅਮਰੀਕਾ ਫਿਕਰਮੰਦ ਹੈ। ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਪੱਤਰਕਾਰ ਸੰਮੇਲਨ ‘ਚ ਬਲਿੰਕਨ ਨੇ ਕਿਹਾ, ‘ਅਸੀਂ ਪਹਿਲਾਂ ਹੀ ਨਵਾਲਨੀ ਨਾਲ ਹੋ ਰਹੇ ਵਿਹਾਰ ਤੇ ਰੂਸ ‘ਚ ਮਨੁੱਖੀ ਅਧਿਕਾਰਾਂ ਦੀ ਸਥਿਤੀ ‘ਤੇ ਫਿਕਰ ਜ਼ਾਹਿਰ ਕਰ ਚੁੱਕੇ ਹਾਂ। ਇਹ ਗੱਲ ਵੀ ਵਾਰ-ਵਾਰ ਮੇਰੇ ਜ਼ਹਿਨ ‘ਚ ਆਉਂਦੀ ਰਹਿੰਦੀ ਹੈ ਕਿ ਰੂਸ ਦੀ ਸਰਕਾਰ ਇੱਕ ਆਦਮੀ ਨਵਾਲਨੀ ਤੋਂ ਕਿੰਨੀ ਡਰੀ ਹੋਈ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਇਨ੍ਹਾਂ ਸਾਰੇ ਮਾਮਲਿਆਂ ‘ਤੇ ਗੌਰ ਕਰ ਰਿਹਾ ਹੈ ਅਤੇ ਇਹ ਚਿੰਤਾ ਦਾ ਵਿਸ਼ਾ ਹੈ। ਨਵਾਲਨੀ ਨੂੰ ਜ਼ਹਿਰ ਦਿੱਤੇ ਜਾਣ ਦਾ ਮਾਮਲਾ ਵੀ ਫਿਕਰ ਵਾਲਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਆਲੋਚਕ ਤੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨਵਾਲਨੀ ਨੂੰ ਪਿਛਲੇ ਸਾਲ ਅਗਸਤ ‘ਚ ਜ਼ਹਿਰ ਦਿੱਤਾ ਗਿਆ ਸੀ ਜਿਸ ਕਾਰਨ ਉਹ ਗੰਭੀਰ ਰੂਪ ‘ਚ ਬਿਮਾਰ ਹੋ ਗਿਆ ਸੀ ਤੇ ਜਰਮਨੀ ‘ਚ ਉਸ ਦਾ ਇਲਾਜ ਹੋਇਆ ਸੀ। ਇਸ ਘਟਨਾ ਲਈ ਰੂਸ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਜਰਮਨੀ ਤੋਂ ਆਉਂਦੇ ਹੀ ਨਵਾਲਨੀ ਨੂੰ ਮਾਸਕੋ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
-ਪੀਟੀਆਈ

News Source link