ਨਵੀਂ ਦਿੱਲੀ, 12 ਜਨਵਰੀ

ਥਲ ਸੈਨਾ ਮੁਖੀ ਐੱਮਐੱਮ ਨਰਵਾਣੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਲੱਦਾਖ ‘ਚ ਬਣੇ ਤਣਾਅ ਦੇ ਹੱਲ ਲਈ ਭਾਰਤ ਤੇ ਚੀਨ ਦੋਵੇਂ ਕਿਸੇ ਸਮਝੌਤੇ ‘ਤੇ ਲਾਜ਼ਮੀ ਪਹੁੰਚਣਗੇ। ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤੀ ਫੌਜਾਂ ਸਰਹੱਦ ‘ਤੇ ਬਣਨ ਵਾਲੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਵੀ ਤਿਆਰ ਹਨ।

ਸੈਨਾ ਦਿਵਸ ਮੌਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਨਰਲ ਨਰਵਾਣੇ ਨੇ ਕਿਹਾ ਕਿ ਭਾਰਤੀ ਸੈਨਾਵਾਂ ਵੱਲੋਂ ਉੱਚ ਪੱਧਰ ‘ਤੇ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਇਹ ਅੱਗੇ ਵੀ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ, ‘ਅਸੀਂ ਆਪਣੀ ਸਥਿਤੀ ਉਸ ਸਮੇਂ ਤੱਕ ਕਾਇਮ ਰੱਖਾਂਗੇ ਜਦੋਂ ਤੱਕ ਅਸੀਂ ਆਪਣੇ ਕੌਮੀ ਟੀਚੇ ਤੇ ਪ੍ਰਾਪਤੀਆਂ ਹਾਸਲ ਨਹੀਂ ਕਰ ਲੈਂਦੇ।’ ਅਸਲ ਕੰਟਰੋਲ ਰੇਖਾ ‘ਤੇ ਵਧ ਰਹੀਆਂ ਸੁਰੱਖਿਆ ਚੁਣੌਤੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫੌਜੀ ਦਸਤਿਆਂ ਨੂੰ ਉੱਤਰੀ ਸਰਹੱਦਾਂ ‘ਤੇ ਪੁਨਰਗਠਿਤ ਕਰਨ ਦੀ ਲੋੜ ਹੈ ਤੇ ਇਸ ਲਈ ਹੁਣ ਇਸ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘ਮੈਨੂੰ ਭਰੋਸਾ ਹੈ ਕਿ ਭਾਰਤ ਤੇ ਚੀਨ ਦੋਵੇਂ ਲੱਦਾਖ ਦੇ ਸਰਹੱਦੀ ਵਿਵਾਦ ਦਾ ਹੱਲ ਆਪਸੀ ਸਮਝ ਨਾਲ ਕਰਨਗੇ।’ ਉਨ੍ਹਾਂ ਕਿਹਾ ਕਿ ਭਾਰਤ ਤੇ ਚੀਨ ਦੋਵਾਂ ਵੱਲੋਂ ਅਜੇ ਤੱਕ ਐੱਲਏਸੀ ਤੋਂ ਆਪਣੀਆਂ ਫੌਜਾਂ ਪਿੱਛੇ ਨਹੀਂ ਹਟਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੁਰੱਖਿਆ ਬਲ ਸਿਰਫ਼ ਲੱਦਾਖ ਹੀ ਨਹੀਂ ਬਲਕਿ ਸਾਰੀ ਅਸਲ ਕੰਟਰੋਲ ਰੇਖਾ ਨੇੜੇ ਹੀ ਚੌਕਸੀ ਨਾਲ ਤਾਇਨਾਤ ਹੈ।
-ਪੀਟੀਆਈ

ਪਾਕਿਸਤਾਨ ਤੇ ਚੀਨ ਕੌਮੀ ਸੁਰੱਖਿਆ ਲਈ ਖਤਰਾ ਕਰਾਰ

ਨਵੀਂ ਦਿੱਲੀ: ਥਲ ਸੈਨਾ ਮੁਖੀ ਨਰਵਾਣੇ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਦੋਵੇਂ ਦੇਸ਼ ਦੀ ਕੌਮੀ ਸੁਰੱਖਿਆ ਲਈ ਵੱਡਾ ਖਤਰਾ ਹਨ ਤੇ ਇਨ੍ਹਾਂ ਦੋਵਾਂ ਮੁਲਕਾਂ ਦੀ ਭਾਰਤ ਪ੍ਰਤੀ ਸੋਚ ਹਾਂ-ਪੱਖੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੋ ਮੋਰਚਿਆਂ ‘ਤੇ ਲੜਨ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਚੀਨ ਤੇ ਪਾਕਿਸਤਾਨ ਵਿਚਾਲੇ ਫੌਜੀ ਤੇ ਗੈਰ-ਫੌਜੀ ਸੈਕਟਰਾਂ ‘ਚ ਸਹਿਯੋਗ ਵੱਧ ਰਿਹਾ ਹੈ। ਜਨਰਲ ਨਰਵਾਣੇ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਅਤਿਵਾਦ ਰਾਹੀਂ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਭਾਰਤ ਵੱਲੋਂ ਉਸ ਨੂੰ ਮੋੜਵਾਂ ਜਵਾਬ ਵੀ ਦਿੱਤਾ ਜਾ ਰਿਹਾ ਹੈ।
-ਪੀਟੀਆਈ

News Source link