ਫ਼ਿਰੋਜ਼ਪੁਰ, 9 ਜਨਵਰੀ
ਫ਼ਿਰੋਜ਼ਪੁਰ ਪੁਲੀਸ ਨੇ ਨਸ਼ਾ ਤਸਕਰ ਦੀ ਨਿਸ਼ਾਨਦੇਹੀ ’ਤੇ ਹੁਸੈਨੀਵਾਲਾ ਸਰਹੱਦ ਤੋਂ ਪੰਜ ਕਿਲੋ ਹੈਰੋਇਨ, ਇੱਕ ਪਿਸਤੌਲ, ਦੋ ਮੈਗਜ਼ੀਨ, 18 ਜਿੰਦਾ ਰੌਦ ਅਤੇ ਗਿਆਰਾਂ ਸੌ ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਹੈ। ਮੁਲਜ਼ਮ ਦਲਬੀਰ ਸਿੰਘ ਉਰਫ਼ ਦੱਲੂ ਨੂੰ ਸੀਆਈਏ ਸਟਾਫ਼ ਦੀ ਪੁਲੀਸ ਨੇ ਲੰਘੀ 5 ਜਨਵਰੀ ਨੂੰ ਢਾਈ ਸੌ ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਸੀ। ਪੁਲੀਸ ਰਿਮਾਂਡ ਦੌਰਾਨ ਦਲਬੀਰ ਸਿੰਘ ਦੇ ਪਾਕਿਸਤਾਨੀ ਸਮਗਲਰਾਂ ਨਾਲ ਕਥਿਤ ਸਬੰਧ ਹੋਣ ਦਾ ਪਤਾ ਲੱਗਾ। ਪੁਲੀਸ ਨੇ ਅੱਜ ਦਲਬੀਰ ਦੀ ਨਿਸ਼ਾਨਦੇਹੀ ’ਤੇ ਹੁਸੈਨੀਵਾਲਾ ਸਰਹੱਦ ’ਤੇ ਜ਼ੀਰੋ ਲਾਈਨ ਨੇੜਿਉਂ ਉਪਰੋਕਤ ਸਾਮਾਨ ਬਰਾਮਦ ਕੀਤਾ। ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਜਾਰੀ ਹੈ॥