ਬਾਇਡੇਨ ਦੀ ਟ੍ਰਾਂਜੀਸ਼ਨ ਟੀਮ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫਤਰ ਦੇ ਡਿਜੀਟਲ ਰਣਨੀਤੀ ਵਿੱਚ ਪਾਟਨਰਸ਼ਿਪ ਮੈਨੇਜਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਵਾਸ਼ਿੰਗਟਨ: ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਦਫਤਰ ਦੀ ਡਿਜੀਟਲ ਸਟ੍ਰੈਟਰਜੀ ਟੀਮ ਦੇ ਮੈਂਬਰਾਂ ਦਾ ਐਲਾਨ ਕੀਤਾ। ਕਸ਼ਮੀਰ ਦੀ ਜੰਮਪਲ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦੀ ਡਿਜੀਟਲ ਟੀਮ ਵਿਚ ਸੀਨੀਅਰ ਅਹੁਦਿਆਂ ‘ਤੇ ਰੱਖਦਿਆਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਾਇਡੇਨ ਦੀ ਟ੍ਰਾਂਜੀਸ਼ਨ ਟੀਮ ਵੱਲੋਂ ਕੀਤੇ ਗਏ ਐਲਾਨ ਮੁਤਾਬਕ ਆਇਸ਼ਾ ਸ਼ਾਹ ਨੂੰ ਵ੍ਹਾਈਟ ਹਾਊਸ ਦਫਤਰ ਦੇ ਡਿਜੀਟਲ ਰਣਨੀਤੀ ਵਿੱਚ ਇੱਕ ਪਾਟਨਰਸ਼ਿਪ ਮੈਨੇਜਰ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਇਸ ਟੀਮ ਦੀ ਅਗਵਾਈ ਡਿਜੀਟਲ ਰਣਨੀਤੀ ਦੇ ਡਾਇਰੈਕਟਰ ਰੌਬ ਫਲੇਹਰਟੀ ਕਰਨਗੇ। ਇਸ ਤੋਂ ਪਹਿਲਾਂ ਬਾਇਡੇਨ ਦੀ ਟੀਮ ਵਿੱਚ ਚੁਣੀ ਗਈ ਆਇਸ਼ਾ ਸ਼ਾਹ ਬਾਇਡੇਨ-ਹੈਰਿਸ ਅਭਿਆਨ ਵਿੱਚ ਡਿਜੀਟਲ ਭਾਈਵਾਲੀ ਪ੍ਰਬੰਧਕ ਦੀ ਭੂਮਿਕਾ ਨਿਭਾਅ ਚੁੱਕੀ ਹੈ। ਉਹ ਇਸ ਸਮੇਂ ਸਮਿਥਸੋਨੀਅਨ ਸੰਸਥਾ ਵਿੱਚ ਐਡਵਾਂਸਮੈਂਟ ਮਾਹਰ ਵਜੋਂ ਕੰਮ ਕਰ ਰਹੀ ਹੈ।

ਦੱਸ ਦਈਏ ਕਿ ਬਾਇਡੇਨ ਦੇ ਵ੍ਹਾਈਟ ਹਾਊਸ ਆਫਿਸ ਆਫ ਡਿਜੀਟਲ ਸਟ੍ਰੈਟਰਜੀ ਟੀਮ ਵਿੱਚ ਬ੍ਰੈਂਨਡਨ ਕੋਹੇਨ (ਪਲੇਟਫਾਰਮ ਮੈਨੇਜਰ), ਮਾਹਾ ਘਨਡੋਰ (ਡਿਜੀਟਲ ਭਾਈਵਾਲੀ ਪ੍ਰਬੰਧਕ), ਜੋਨਥਨ ਹੇਬੇਰਟ (ਵੀਡੀਓ ਡਾਇਰੈਕਟਰ), ਜੈਮੀ ਲੋਪੇਜ਼ (ਪਲੇਟਫਾਰਮ ਦੇ ਡਾਇਰੈਕਟਰ) ਸ਼ਾਮਲ ਹਨ।

ਬਾਇਡਨ ਨੇ ਕਿਹਾ, “ਮਾਹਰਾਂ ਦੀ ਇਹ ਟੀਮ ਡਿਜੀਟਲ ਰਣਨੀਤੀ ਬਣਾਉਣ ਦੇ ਖੇਤਰ ਵਿੱਚ ਬਹੁਤ ਤਜ਼ੁਰਬਾ ਰੱਖਦੀ ਹੈ ਅਤੇ ਵ੍ਹਾਈਟ ਹਾਊਸ ਨੂੰ ਅਮਰੀਕੀ ਲੋਕਾਂ ਨਾਲ ਨਵੇਂ ਤਰੀਕਿਆਂ ਨਾਲ ਜੋੜਨ ਵਿੱਚ ਮਦਦ ਕਰੇਗੀ। ਅਸੀਂ ਰਾਸ਼ਟਰ ਨੂੰ ਬਿਹਤਰ ਬਣਾਉਣ ਲਈ ਸਾਂਝੀ ਵਚਨਬੱਧਤਾ ਨਾਲ ਅੱਗੇ ਵਧ ਰਹੇ ਹਾਂ। ਮੈਂ ਉਨ੍ਹਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰਕੇ ਖੁਸ਼ ਹਾਂ। ”

News Credit ABP Sanjha