ਨਵੀਂ ਦਿੱਲੀ— ਭਾਰਤ ‘ਚ ਕੋਰੋਨਾ ਵਾਇਰਸ ਦੇ ਕੇਸਾਂ ‘ਚ ਇਕ ਵਾਰ ਫਿਰ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਕੋਰੋਨਾ ਦੀ ਵਧਦੀ ਆਫ਼ਤ ਦਰਮਿਆਨ ਹਰ ਕਿਸੇ ਨੂੰ ਕੋਰੋਨਾ ਵੈਕਸੀਨ ਦੀ ਉਡੀਕ ਹੈ।

Image Courtesy :jagbani(punjabkesari)

ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਅਹਿਮ ਬੈਠਕਾਂ ਦੀ ਪ੍ਰਧਾਨਗੀ ਕਰ ਰਹੇ ਹਨ। ਮੋਦੀ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਸਿੱਧੀ ਗੱਲਬਾਤ ਕਰ ਰਹੇ ਹਨ। ਇਸ ਬੈਠਕ ਵਿਚ ਸੂਬਿਆਂ ‘ਚ ਵੱਧਦੇ ਕੋਰੋਨਾ ਕੇਸਾਂ ‘ਤੇ ਗੱਲ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ‘ਤੇ ਬੈਠਕ ਜਾਰੀ ਹੈ। ਇਸ ਬੈਠਕ ਵਿਚ ਅਮਿਤ ਸ਼ਾਹ ਵੀ ਸ਼ਾਮਲ ਹਨ। ਇਸ ਬੈਠਕ ਵਿਚ ਗ੍ਰਹਿ ਮੰਤਰੀ ਨਾਲ 8 ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹਨ। ਜਿਸ ‘ਚ ਕੇਰਲ, ਪੱਛਮੀ ਬੰਗਾਲ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸ਼ਾਮਲ ਹਨ।
ਬੈਠਕ ‘ਚ ਦਿੱਲੀ ਦੇ ਮੁੱਖ ਮੰਤਰੀ ਨੇ ਰੱਖੀ ਇਹ ਮੰਗ—
ਮੁੱਖ ਮੰਤਰੀਆਂ ਦੀ ਇਸ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਕੋਵਿਡ-19 ਦੀ ਤੀਜੀ ਲਹਿਰ ਦੇ ਖਤਮ ਹੋਣ ਤੱਕ ਸ਼ਹਿਰ ‘ਚ ਕੇਂਦਰ ਸਰਕਾਰ ਤੋਂ 1000 ਵਾਧੂ ਆਈ. ਸੀ. ਯੂ. ਬੈੱਡ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੇਜਰੀਵਾਲ ਨੇ ਮੋਦੀ ਦੱਸਿਆ ਕਿ 10 ਨਵੰਬਰ ਨੂੰ ਸ਼ਹਿਰ ‘ਚ ਕੋਵਿਡ-19 ਦੇ ਸਭ ਤੋਂ ਵਧੇਰੇ 8600 ਨਵੇਂ ਕੇਸ ਸਾਹਮਣੇ ਆਏ ਸਨ ਅਤੇ ਉਸ ਤੋਂ ਬਾਅਦ ਕੇਸ ਤੇਜ਼ੀ ਨਾਲ ਘੱਟ ਹੋ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦਾ ਇੰਨਾ ਅਸਰ ਕਈ ਕਾਰਨਾਂ ਤੋਂ ਪਿਆ ਹੈ, ਜਿਸ ਵਿਚ ਸਭ ਤੋਂ ਵਧੇਰੇ ਪਰਾਲੀ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ। ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ, ਤਾਂ ਕਿ ਗੁਆਂਢੀ ਸੂਬਿਆਂ ਵਿਚ ਪਰਾਲੀ ਨੂੰ ਅੱਗ ਲਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜ਼ਾਤ ਪਾਈ ਜਾ ਸਕੇ।
ਅਮਿਤ ਸ਼ਾਹ ਦੀ ਅਪੀਲ—
ਬੈਠਕ ‘ਚ ਮੌਜੂਦ ਅਮਿਤ ਸ਼ਾਹ ਨੇ ਕਿਹਾ ਕਿ ਯੂਰਪ-ਅਮਰੀਕਾ ਵਿਚ ਫਿਰ ਤੋਂ ਕੇਸ ਵਧੇ ਹਨ, ਅਜਿਹੇ ਵਿਚ ਸਾਨੂੰ ਵੀ ਸਾਵਧਾਨ ਰਹਿਣਾ ਹੋਵੇਗਾ। ਸ਼ਾਹ ਨੇ ਸੂਬਿਆਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਜ਼ਰੂਰੀ ਕਰਨ ‘ਤੇ ਜ਼ੋਰ ਦਿੱਤਾ। ਅਮਿਤ ਸ਼ਾਹ ਤੋਂ ਬਾਅਦ ਸਿਹਤ ਸਕੱਤਰ ਨੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦਿੱਲੀ, ਕੇਰਲ, ਮਹਾਰਾਸ਼ਟਰ ਅਤੇ ਰਾਜਸਥਾਨ ਨੂੰ ਖ਼ਾਸ ਸਾਵਧਾਨੀ ਵਰਤਣੀ ਪਵੇਗੀ।
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੋਰੋਨਾ ਆਫ਼ਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵੀਡੀਓ ਕਾਨਫਰੈਂਸਿੰਗ ਜ਼ਰੀਏ ਮੁੱਖ ਮੰਤਰੀਆਂ ਨਾਲ ਚਰਚਾ ਕਰ ਚੁੱਕੇ ਹਨ। ਕੋਰੋਨਾ ਨੂੰ ਵੇਖਦਿਆਂ ਕੁਝ ਸੂਬਿਆਂ ਵਿਚ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਕੁਝ ਸ਼ਹਿਰਾਂ ਵਿਚ ਤਾਂ ਰਾਤ ਦਾ ਕਰਫਿਊ ਵੀ ਲਾਇਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ਵੈਕਸੀਨ ਦੀ ਵੰਡ ਦੀ ਰਣਨੀਤੀ ਨੂੰ ਲੈ ਕੇ ਚਰਚਾ ਕਰ ਰਹੇ ਹਨ। ਦੱਸ ਦੇਈਏ ਕਿ ਦੇਸ਼ ‘ਚ ਕੋਰੋਨਾ ਦੇ ਅੰਕੜੇ 91.77 ਲੱਖ ਤੋਂ ਪਾਰ ਹੋ ਗਈ ਹੈ।

News Credit :jagbani(punjabkesari)