ਰਾਸ਼ਟਰਪਤੀ ਦੇ ਦਸਤਖ਼ਤ ਤੋਂ ਬਾਅਦ ਕਾਨੂੰਨ ਬਣ ਚੁੱਕੇ ਤਿੰਨ ਖੇਤੀਬਾੜੀ ਬਿੱਲਾਂ ‘ਤੇ ਹੰਗਾਮਾ ਰੁਕਦਾ ਨਜ਼ਰ ਨਹੀਂ ਆ ਰਿਹਾ। ਕਾਂਗਰਸ ਦੇ ਸਾਂਸਦ ਟੀਐਨ ਪ੍ਰਤਾਪਨ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਜਾ ਰਹੇ ਹਨ।

Image courtesy Abp Sanjha

ਨਵੀਂ ਦਿੱਲੀ: ਅੱਜ ਦੇਸ਼ ਭਰ ਦੇ ਕਾਂਗਰਸੀ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ ਕੇਰਲ ਤੋਂ ਕਾਂਗਰਸ ਦੇ ਸੰਸਦ ਮੈਂਬਰ ਥ੍ਰਿਸੂਰ ਟੀਐਨ ਪ੍ਰਤਾਪਨ ਨੇ ਇਨ੍ਹਾਂ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਟੀਐਨ ਪ੍ਰਤਾਪ ਨੇ ਕਾਨੂੰਨ ਨੂੰ ਜਲਦਬਾਜ਼ੀ ਦੱਸਿਆ ਹੈ। ਉਨ੍ਹਾਂ ਕਿਹਾ, “ਨਿੱਜੀ ਕੰਪਨੀਆਂ ਕਿਸਾਨੀ ਦਾ ਸ਼ੋਸ਼ਣ ਕਰਨਗੀਆਂ। ਕਿਸਾਨ ਦੀ ਸ਼ਿਕਾਇਤ ‘ਤੇ ਸੁਣਵਾਈ ਲਈ ਸਹੀ ਪ੍ਰਬੰਧ ਨਹੀਂ ਕੀਤੇ ਗਏ। ਵਪਾਰੀ ਹੋਰਡਿੰਗਜ਼ ਕਰ ਉਤਪਾਦਾਂ ਨੂੰ ਉੱਚ ਕੀਮਤ ‘ਤੇ ਵੇਚਣਗੇ।”

ਇਸ ਦੇ ਨਾਲ ਹੀ ਇਨ੍ਹਾਂ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਕੈਪਟਨ ਨੇ ਇਹ ਵੀ ਕਿਹਾ ਹੈ ਕਿ ਖੇਤੀਬਾੜੀ ਸੂਬੇ ਦਾ ਵਿਸ਼ਾ ਹੈ। ਕੇਂਦਰ ਸਰਕਾਰ ਇਸ ‘ਤੇ ਇੱਕਪਾਸੜ ਫੈਸਲਾ ਨਹੀਂ ਲੈ ਸਕਦੀ। ਇਹ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਹੈ। ਅਸੀਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਾਂਗੇ।

ਦੱਸ ਦਈਏ ਕਿ ਤਿੰਨ ਖੇਤੀਬਾੜੀ ਬਿੱਲ ਰਾਜ ਸਭਾ ਵਿੱਚ ਵੋਟਾਂ ਦੀ ਵੰਡ ਤੋਂ ਬਗੈਰ ਭਾਰੀ ਹੰਗਾਮਾ ਵਿਚਕਾਰ ਪਾਸ ਕੀਤਾ ਗਿਆ ਸੀ। ਇਸ ‘ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਜ਼ਬਰਦਸਤ ਹੰਗਾਮਾ ਕੀਤਾ। ਇਸ ਕਾਰਨ 8 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੰਸਦ ਮੈਂਬਰਾਂ ਨੇ ਉਪ ਚੇਅਰਮੈਨ ‘ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਸੰਸਦ ਕੰਪਲੈਕਸ ਵਿੱਚ ਧਰਨਾ ਦਿੱਤਾ। ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਦਸਤਖਤ ਨਾਲ ਇਹ ਤਿੰਨਾਂ ਬਿੱਲਾਂ ਨੂੰ ਕਾਨੂੰਨ ਵਜੋਂ ਮਾਨਤਾ ਦਿੱਤੀ ਗਈ।

ਇਸ ਦੇ ਨਾਲ ਹੀ ਦੱਸ ਦੇਈਏ ਕਿ ਦਿੱਲੀ ਦੇ ਇੰਡੀਆ ਗੇਟ ਵਿਖੇ ਪ੍ਰਦਰਸ਼ਨ ਕਰ ਰਹੇ ਕੁਝ ਕਾਰਕੁਨਾਂ ਨੇ ਇੱਕ ਟਰੈਕਟਰ ਨੂੰ ਅੱਗ ਲਾ ਦਿੱਤੀ। ਇਸ ਕਾਰਨ ਕੁਝ ਲੋਕਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਦੇ ਪੁਰਾਣੇ ਸਹਿਯੋਗੀ ਅਕਾਲੀ ਦਲ ਨੇ ਵੀ ਐਨਡੀਏ ਨਾਲ ਸੰਬੰਧ ਤੋੜ ਦਿੱਤੇ। ਕੁਝ ਦਿਨ ਪਹਿਲਾਂ ਕੇਂਦਰ ਵਿੱਚ ਮੰਤਰੀ ਹਰਸਿਮਰਤ ਕੌਰ ਨੇ ਅਕਾਲੀ ਦਲ ਦੇ ਕੋਟੇ ਤੋਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪੰਜਾਬ ਤੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ਵਿੱਚ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

News Credit Abp sanjha