ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ ਮੈਗਜ਼ੀਨ)
Tel.: 403-681-8689 Email: [email protected]

ਸਿੱਖ ਧਰਮ ਹੋਰਨਾਂ ਵੱਡੇ ਧਰਮਾਂ ਦੇ ਮੁਕਾਬਲੇ ਕਾਫੀ ਨਵਾਂ ਹੈ।ਗੁਰੂਆਂ ਕੋਲ ਪੁਰਾਣੇ ਧਰਮਾਂ, ਧਰਮ ਗੁਰੂਆਂ, ਧਰਮ ਗ੍ਰੰਥਾਂ ਦਾ
ਤਜ਼ਰਬਾ ਮੌਜੂਦ ਸੀ।ਇਸ ਲਈ ਉਨ੍ਹਾਂ ਨੇ ਆਪਣੀ ਤੇ ਆਪਣੇ ਸਮੇਂ ਤੋਂ ਪਹਿਲੇ ਇਨਕਲਾਬੀ ਮਹਾਂਪੁਰਸ਼ਾਂ ਦੀ ਹੱਥ ਲਿਖਤ ਬਾਣੀ ਨੂੰ
ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਢੰਗ ਨਾਲ ਸ਼ਾਮਿਲ ਕਰ ਦਿੱਤਾ ਕਿ ਉਸ ਵਿੱਚ ਕੋਈ ਤਬਦੀਲੀ ਨਾ ਹੋ ਸਕੇ।ਵਿਰੋਧੀ ਕਾਬਿਜ
ਜਮਾਤਾਂ ਲਈ ਇਹ ਵੱਡਾ ਚੈਲਿੰਜ ਸੀ, ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦੇ ਹੋਰ ਕਾਰਨਾਂ ਦੇ ਨਾਲ ਇਹ ਵੀ ਇੱਕ ਵੱਡਾ ਕਾਰਨ ਸੀ, ਉਨ੍ਹਾਂ
ਵਲੋਂ ਰਚੇ ‘ਆਦਿ ਗ੍ਰੰਥ’ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਵੇ।ਇਹੀ ਕਾਰਨ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ
ਦਸਵੇਂ ਗੁਰੂ ਜੀ ਤੱਕ ‘ਆਦਿ ਗ੍ਰੰਥ’ ਬਾਰੇ ਕੋਈ ਜ਼ਿਕਰ ਨਹੀਂ ਮਿਲਦਾ ਕਿਉਂਕਿ ਉਨ੍ਹਾਂ ਨੇ ਇਸਨੂੰ ਕਿਸੇ ਸੁਰੱਖਿਅਤ ਥਾਂ ਤੇ ਸੰਭਾਲ
ਕੇ ਰੱਖ ਲਿਆ ਸੀ।ਗੁਰੂ ਨਾਨਕ ਸਾਹਿਬ ਨੇ ਆਪਣੇ ਸਮੇਂ ਵਿੱਚ ਜਿਥੇ ਆਪਣੀ ਬਾਣੀ ਰਾਹੀਂ ਭਾਰਤ ਵਿੱਚ ਪ੍ਰਚਲਤ ਪੁਜਾਰੀਆਂ ਅਧਾਰਿਤ
ਫਿਰਕਿਆਂ ਹਿੰਦੂ, ਬੋਧੀ, ਜੈਨੀ, ਜੋਗੀ, ਸਨਿਆਸੀ, ਇਸਲਾਮ ਆਦਿ ਦੀਆਂ ਪ੍ਰੰਪਰਾਵਾਂ, ਮਨੌਤਾਂ, ਮਰਿਯਾਦਾਵਾਂ ਨੂੰ ਤਰਕ, ਦਲੀਲ,
ਬਿਬੇਕ, ਵਿਚਾਰ ਰਾਹੀਂ ਚੈਲਿੰਜ ਸ਼ੁਰੂ ਕੀਤਾ, ਉਥੇ ਸਮੇਂ ਦੇ ਬਾਬਰਾਂ ਤੇ ਮਲਕ ਭਾਗੋਆਂ ਨਾਲ ਵੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ।ਜਿਸਦੇ ਨਤੀਜੇ
ਵਜੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਵੱਖ-ਵੱਖ ਧਰਮਾਂ ਦੇ ਪੁਜਾਰੀਆਂ ਤੇ ਖਾਸਕਰ ਬ੍ਰਾਹਮਣ ਪੁਜਾਰੀਆਂ ਨੇ ਗੁਰੂ ਨਾਨਕ
ਸਾਹਿਬ ਦੀ ਵਿਚਾਰਧਾਰਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ।ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ
ਦੇ ਬੱਚਿਆਂ ਤੇ ਪਰਿਵਾਰਾਂ ਨੂੰ ਹੀ ਗੁਰੂਆਂ ਦੇ ਖਿਲਾਫ ਖੜਾ ਕਰ ਲਿਆ ਸੀ।ਇਥੋਂ ਤੱਕ ਕਿ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਸ੍ਰੀ
ਚੰਦ ਰਾਹੀਂ ਗੁਰੂਆਂ ਦੀ ਲਹਿਰ ਦੇ ਮੁਕਾਬਲੇ ਤੇ ਸਮਾਂਤਰ ਉਦਾਸੀ ਮੱਤ ਚਲਾ ਦਿੱਤਾ ਸੀ।ਗੁਰੂਆਂ ਦੇ ਮੌਕੇ ਦੀਆਂ ਹਕੂਮਤਾਂ ਨਾਲ
ਟਕਰਾਅ ਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਇੱਕ ਕਾਰਨ ਬ੍ਰਾਹਮਣ ਪੁਜਾਰੀਆਂ, ਮੁਸਲਮਾਨ ਕਾਜੀਆਂ ਤੇ ਗੁਰੂਆਂ ਦੇ ਪਰਿਵਾਰਾਂ ਵਲੋਂ
ਨਿਭਾਈ ਵਿਰੋਧੀ ਭੂਮਿਕਾ ਵੀ ਸੀ।ਜਿਥੇ ਪੁਜਾਰੀਆਂ ਤੇ ਵਿਰੋਧੀਆਂ ਵਲੋਂ ਗੁਰੂਆਂ ਖਿਲਾਫ ਬੜੇ ਔਖੇ ਹਾਲਾਤ ਬਣਾ ਦਿੱਤੇ ਗਏ ਸਨ,
ਉਥੇ ਉਨ੍ਹਾਂ ਨੇ ਗੁਰੂਆਂ ਦੇ ਸਮਿਆਂ ਵਿੱਚ ਹੀ ਕਈ ਅਜਿਹੇ ਗ੍ਰੰਥ ਲਿਖਣੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਸਿੱਖੀ ਨੂੰ
ਪੁਜਾਰੀਵਾਦ ਦੀ ਝੋਲੀ ਪਾਉਣ ਲਈ ਵਰਤਿਆ ਜਾਣਾ ਸੀ।ਜਿਉਂ ਹੀ ਗੁਰੂ ਗੋਬਿੰਦ ਸਿੰਘ ਦਾ ਸਮਾਂ ਖਤਮ ਹੁੰਦਾ ਹੈ, ਇਹ ਸਾਰੀਆਂ ਗੁਰੂ
ਘਰ ਵਿਰੋਧੀ ਤਾਕਤਾਂ ਸਿੱਖੀ ਤੇ ਕਾਬਿਜ ਹੋਣੀਆਂ ਸ਼ੁਰੂ ਹੋ ਗਈਆਂ ਸਨ।ਗੁਰੂ ਸਾਹਿਬ ਵਲੋਂ ਆਪਣੇ ਆਖਰੀ ਸਮੇਂ ਵਿੱਚ ਪੰਜਾਬ ਭੇਜੇ
ਆਪਣੇ ਅਗਲੇ ਜਾਨਸ਼ੀਨ (ਗੁਰੂ) ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਾਉਣ ਵਿੱਚ ਇਨ੍ਹਾਂ ਤਾਕਤਾਂ ਦੀ ਮੁੱਖ ਭੂਮਿਕਾ ਸੀ
ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖ ਜਾਂ ਖਾਲਸੇ ਆਪਣਾ ਅਗਲਾ ਗੁਰੂ ਨਾ ਮੰਨ ਲੈਣ।ਗੁਰੂ
ਗੋਬਿੰਦ ਸਿੰਘ ਤੇ ਉਨ੍ਹਾਂ ਦੇ ਚਾਰੇ ਪੁੱਤਰਾਂ ਨੂੰ ਸ਼ਹੀਦ ਕਰਨ ਤੋਂ ਬਾਅਦ, ਉਹ ਖਾਲਸਾ ਪੰਥ ਨੂੰ ਪੱਕੇ ਤੌਰ ਤੇ ਲੀਡਰਲੈਸ ਕਰਨ ਲਈ
ਹਰ ਯਤਨ ਕਰ ਰਹੇ ਸਨ ਤੇ ਜਦੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲੀਆਂ ਹਕੂਮਤ ਨਾਲ ਬੰਦਈ ਖਾਲਸੇ ਦੀ
ਸਿੱਧੀ ਟੱਕਰ ਹੋ ਗਈ ਤੇ ਬੰਦਈ ਖਾਲਸੇ ਨੂੰ ਜੰਗਲਾਂ ਪਹਾੜਾਂ ਤੇ ਰਾਜਸਥਾਨ ਦੇ ਮਾਰੂਥਲਾਂ ਵਿੱਚ ਜਾਣਾ ਪਿਆ ਤਾਂ ਇਹ ਤਾਕਤਾਂ ਸ੍ਰੀ
ਚੰਦੀਆਂ, ਪ੍ਰਿਥੀ ਚੰਦੀਆਂ, ਧੀਰਮੱਲੀਆਂ, ਰਾਮਰਾਈਆਂ, ਨਿਰੰਜਣੀਆਂ, ਉਦਾਸੀਆਂ, ਨਿਰਮਲਿਆਂ ਆਦਿ ਦੇ ਰੂਪ ਵਿੱਚ ਆ ਕਾਬਿਜ
ਹੋਈਆਂ।ਇਥੇ ਇਹ ਵੀ ਵਰਨਣਯੋਗ ਹੈ ਕਿ ਤੱਤ ਖਾਲਸਾ ਗੁਰੂ ਘਰ ਵਿਰੋਧੀ ਧਿਰ ਸੀ ਤੇ ਅਸਲੀ ਖਾਲਸੇ ਬੰਦਈ ਹੀ ਸਨ।ਪਰ ਬਾਅਦ ਵਿੱਚ ਤੱਤ
ਖਾਲਸੇ ਨੇ ਸਿੱਖੀ ਤੇ ਕਬਜ਼ਾ ਕਰ ਲਿਆ, ਜੋ ਕਿ ਅੱਜ ਤੱਕ ਜਾਰੀ ਹੈ।ਇਹੀ ਉਹ 85 ਸਾਲ ਦਾ ਸਮਾਂ ਸੀ, ਜਦੋਂ 1716 (ਬੰਦਾ ਸਿੰਘ ਬਹਾਦਰ ਦੀ
ਸ਼ਹਾਦਤ) ਤੋਂ 1801 (ਮਹਾਰਾਜਾ ਰਣਜੀਤ ਸਿੰਘ ਵਲੋਂ ਖਾਲਸਾ ਰਾਜ ਦੀ ਸਥਾਪਨਾ) ਤੱਕ ਇਨ੍ਹਾਂ ਨਿਰਮਲੇ ਵਿਦਵਾਨਾਂ (ਕਾਂਸ਼ੀ ਦੇ ਬ੍ਰਾਹਮਣ
ਵਿਦਵਾਨਾਂ) ਨੇ ਅਨੇਕਾਂ ਗ੍ਰੰਥ ਲਿਖੇ ਤੇ ਉਦਾਸੀ ਮਹੰਤਾਂ (ਹਰਿਦੁਆਰ ਦੇ ਪਾਂਡਿਆਂ) ਰਾਹੀਂ ਸਿੱਖਾਂ ਵਿੱਚ ਇਨ੍ਹਾਂ ਦਾ ਪ੍ਰਚਾਰ
ਕੀਤਾ।ਇਨ੍ਹਾਂ ਗ੍ਰੰਥਾਂ ਨੂੰ ਲਿਖਣ ਦਾ ਮੁੱਖ ਮਕਸਦ ਇਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਤਬਦੀਲੀ ਕਰ ਨਹੀਂ ਸਕਦੇ ਸਨ ਤੇ ਹੋਰ
ਗ੍ਰੰਥ ਇਤਨੇ ਖੜ੍ਹੇ ਕਰ ਦਿੱਤੇ ਜਾਣ ਕੇ ਗੁਰੂ ਗ੍ਰੰਥ ਸਾਹਿਬ ਇਨ੍ਹਾਂ ਵਿੱਚੋਂ ਇੱਕ ਗ੍ਰੰਥ ਬਣ ਜਾਵੇ।ਦੂਜਾ ਕੰਮ ਉਨ੍ਹਾਂ ਇਹ ਕੀਤਾ
ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟਿਕਾਉਣ, ਗੋਲਕ ਰੱਖ ਕੇ ਪੈਸੇ ਇਕੱਠੇ ਕਰਨ ਤੇ ਹੁਣ ਪਾਠਾਂ ਰਾਹੀਂ ਇਨਕਮ ਦਾ ਸਾਧਨ ਬਣਾ
ਦਿੱਤਾ ਤੇ ਕਥਾ ਗੁਰਦੁਆਰਿਆਂ ਵਿੱਚ ਇਨ੍ਹਾਂ ਗ੍ਰੰਥਾਂ ਦੀ ਪ੍ਰਚਲਤ ਕਰ ਦਿੱਤੀ।ਇਨ੍ਹਾਂ ਗ੍ਰੰਥਾਂ ਵਿੱਚੋਂ ਮੁੱਖ ਭਾਈ ਬਾਲੇ ਵਾਲੀ ਜਨਮ
ਸਾਖੀ, ਵਲਾਇਤ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ, ਜਨਮ ਸਾਖੀ ਗੁਰੂ ਨਾਨਕ ਸ਼ਾਹ ਕੀ, ਗੁਰ ਬਿਲਾਸ ਪਾਤਸ਼ਾਹੀ ਛੇਵੀਂ, ਗੁਰ
ਬਿਲਾਸ ਪਾਤਸ਼ਾਹੀ ਦਸਵੀਂ, ਗੁਰੂਆਂ ਦੇ ਨਾਮ ਤੇ ਹੁਕਮਨਾਮੇ ਤੇ ਗੁਰੂਆਂ ਦੇ ਪ੍ਰਮੁੱਖ ਸਿੱਖਾਂ ਦੇ ਨਾਮ ਤੇ ਰਹਿਤਨਾਮੇ, ਵਾਰ
ਪਾਤਸ਼ਾਹੀ ਦਸਵੀਂ ਕੀ, ਵਿਦਿਆ ਸਾਗਰ ਗ੍ਰੰਥ, ਸੌ ਸਾਖੀਆਂ (ਭਵਿੱਖ ਬਾਣੀਆਂ), ਸ੍ਰੀ ਗੁਰ ਸੋਭਾ, ਮਹਿਮਾ ਪ੍ਰਕਾਸ਼, ਜਨਮ ਸਾਖੀ ਭਾਈ
ਮਨੀ ਸਿੰਘ, ਗੁਰੂ ਕੀਆਂ ਸਾਖੀਆਂ, ਗੁਰ ਪਰਨਾਲੀ, ਗੋਸ਼ਟੀ ਬਾਬਾ ਨਾਨਕ, ਗੋਸ਼ਟੀਆਂ ਮੇਹਰਬਾਨ ਜੀ ਕੀਆਂ, ਭਗਤ ਰਤਨਾਵਲੀ,
ਬੰਸਾਵਲੀਨਾਮਾ ਦਸ ਪਾਤਸ਼ਾਹੀਆਂ ਕਾ, ਅਮਰਨਾਮਾ, ਸ਼ਸਤਰਨਾਮ ਮਾਲ਼ਾ, ਬਚਿੱਤਰ ਨਾਟਕ, ਦਸਮ ਗ੍ਰੰਥ (ਜਿਸ ਵਿੱਚ ਵੱਖ-ਵੱਖ ਕਵੀਆਂ
ਦੀਆਂ ਰਚਨਾਵਾਂ ਸ਼ਾਮਿਲ ਹਨ) ਆਦਿ ਹਨ। ਫਿਰ ਇਨ੍ਹਾਂ ਗ੍ਰੰਥਾਂ ਦੇ ਆਧਾਰ ਤੇ ਸੂਰਜ ਪ੍ਰਕਾਸ਼ ਗ੍ਰੰਥ (ਕਵੀ ਸੰਤੋਖ ਸਿੰਘ), ਪ੍ਰਾਚੀਨ
ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ), ਸ੍ਰੀ ਗੁਰ ਪੰਥ ਪ੍ਰਕਾਸ਼ (ਗਿਆਨੀ ਗਿਆਨ ਸਿੰਘ), ਗੁਰੂ ਨਾਨਕ ਚਮਤਕਾਰ ਤੇ ਦਸਮ ਚਮਤਕਾਰ
(ਭਾਈ ਵੀਰ ਸਿੰਘ) ਨੇ ਲਿਖੇ ਸਨ।ਇਸ ਤੋਂ ਬਾਅਦ 1801-1839 (ਸਿੱਖ ਰਾਜ) ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਗੁਰੂਆਂ ਜਾਂ ਸਿੱਖ
ਇਤਿਹਾਸ ਨਾਲ ਸਬੰਧਤ ਸਥਾਨਾਂ ਨੂੰ ਵੱਡੀਆਂ-ਵੱਡੀਆਂ ਜਮੀਨਾਂ ਤੇ ਪੈਸਾ ਦਿੱਤਾ, ਜਿਸ ਨਾਲ ਇਥੇ ਕਾਬਜ ਉਦਾਸੀ ਮਹੰਤ ਤੇ ਨਿਰਮਲੇ
ਸੰਤ ਬਹੁਤ ਮਜਬੂਤ ਹੋ ਗਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਾਬੂ ਕਰਨ ਲਈ ਇਨ੍ਹਾਂ
ਸੰਤਾਂ ਤੇ ਮਹੰਤਾਂ ਨੂੰ ਕਾਬੂ ਕਰ ਲਿਆ।ਬਹੁਤ ਸਾਰੇ ਗ੍ਰੰਥ ਤੇ ਪ੍ਰੰਪਰਾਵਾਂ ਅੰਗਰੇਜਾਂ ਵਲੋਂ ਵੀ ਚਲਾਈਆਂ ਗਈਆਂ।ਇਥੇ ਇਹ
ਵਰਨਣਯੋਗ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੁੱਤਰ ਸ੍ਰੀ ਚੰਦ ਰਾਹੀਂ ਸ਼ੁਰੂ ਕੀਤੀ ਗਈ ਉਦਾਸੀ ਲਹਿਰ ਵਿੱਚ ਗੁਰੂ ਕਾਲ ਦੌਰਾਨ ਗੁਰੂ
ਪਰਿਵਾਰਾਂ ਵਿਚਲੇ ਵਿਰੋਧੀ (ਧੀਰਮੱਲੀਏ, ਰਾਮਰਾਈਏ, ਸੋਢੀ, ਭੱਲੇ, ਮੀਣੇ, ਮਸੰਦ, ਨਿਰੰਜਣੀਏ ਆਦਿ) ਰਲ਼ਦੇ ਗਏ ਤੇ ਗੁਰੂ ਕਾਲ ਤੋਂ
ਬਾਅਦ ਇਨ੍ਹਾਂ ਦਾ ਕੰਟਰੋਲ ਹਰਿਦੁਆਰ ਤੋਂ ਆਏ ਪਾਂਡਿਆਂ ਨੇ ਕਰ ਲਿਆ।ਇਸਦੇ ਨਾਲ ਹੀ ਬ੍ਰਾਹਮਣ (ਵਿਦਵਾਨ) ਪੁਜਾਰੀ ਜੋ ਲੰਬੇ ਸਮੇਂ
ਤੋਂ ਸਿੱਖੀ ਲਹਿਰ ਨੂੰ ਖਤਮ ਕਰਨ ਦੀ ਤਾਕ ਵਿੱਚ ਸੀ, ਕਾਂਸ਼ੀ ਤੋਂ ਨਿਰਮਲੇ ਸੰਤਾਂ ਦੇ ਰੂਪ ਵਿੱਚ ਵਿਦਵਾਨ ਬਣ ਕੇ ਆ ਪ੍ਰਗਟ ਹੋਇਆ।ਸਾਡੀ
ਸਮਝ ਤੇ ਇਤਿਹਾਸਕ ਖੋਜ ਅਨੁਸਾਰ, ਅੱਜ ਦੀ ਸਿੱਖੀ ਵਿੱਚ ਪ੍ਰਚਲਤ ਸਾਰੀਆਂ ਮਰਿਯਾਦਾਵਾਂ, ਪ੍ਰੰਪਰਾਵਾਂ, ਮਨੌਤਾਂ ਆਦਿ ਉਦਾਸੀ
ਮਹੰਤਾਂ (ਹਰਿਦੁਆਰ ਦੇ ਪਾਂਡਿਆਂ) ਅਤੇ ਉਪਰ ਦੱਸੇ ਸਾਰੇ ਗ੍ਰੰਥ ਨਿਰਮਲੇ ਸੰਤਾਂ (ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ) ਵਲੋਂ ਲਿਖੇ
ਹੋਏ ਹਨ।ਇਸ ਲਈ ਮੌਜੂਦਾ ਸਿੱਖੀ ਵਿੱਚ ‘ਗੁਰੂ ਗ੍ਰੰਥ ਸਾਹਿਬ’ ਦੀ ਬੀੜ ਨੂੰ ਛੱਡ ਕੇ ਸਭ ਮਰਿਯਾਦਾਵਾਂ, ਗੁਰੂਆਂ ਦੀ ਵਿਚਾਰਧਾਰਾ
ਤੋਂ ਉਲਟ ਉਦਾਸੀਆਂ ਤੇ ਨਿਰਮਲਿਆਂ ਦੀ ਪ੍ਰਚਾਰੀ ਤੇ ਬਣਾਈ ਹੋਈ ਸਿੱਖੀ ਅਧਾਰਿਤ ਹਨ।
19ਵੀਂ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ ‘ਸਿੰਘ ਸਭਾ ਲਹਿਰ’ ਰਾਹੀਂ ਸਿੱਖੀ ਦੀ ਪੁਨਰ ਜਾਗਰਤੀ ਲਹਿਰ ਸ਼ੁਰੂ ਹੋਈ, ਜਿਸਦੇ ਅਸਰ ਨਾਲ 20ਵੀਂ
ਸਦੀ ਦੇ ਦੂਜੇ ਦਹਾਕੇ ਵਿੱਚ ਇਨ੍ਹਾਂ ਸੰਤਾਂ-ਮਹੰਤਾਂ ਕੋਲੋਂ ਸਿੱਖਾਂ ਨੇ ਗੁਰਦੁਆਰੇ ਅਜ਼ਾਦ ਕਰਾਏ ਤੇ ਸ਼੍ਰੋਮਣੀ ਕਮੇਟੀ ਹੋਂਦ ਵਿੱਚ
ਆਈ।ਇਸ ਤੋਂ ਪਹਿਲਾਂ ਕਿ ਇਨ੍ਹਾਂ ਆਜ਼ਾਦ ਕਰਾਏ ਗੁਰਦੁਆਰਿਆਂ ਤੇ ਸਿੱਖ ਕੰਟਰੋਲ ਕਰਕੇ ਗੁਰੂਆਂ ਦੀ ਸਿੱਖੀ ਬਹਾਲ ਕਰਦੇ, ਰਾਜਨੀਤਕ
ਲੋਕ ਦੁਬਾਰਾ ਸ਼੍ਰੋਮਣੀ ਕਮੇਟੀ ਅਤੇ ਉਨ੍ਹਾਂ ਹੀ ਨਿਰਮਲਿਆਂ (ਦਮਦਮੀ ਟਕਸਾਲ ਵੀ ਨਿਰਮਲਿਆਂ ਦਾ ਹੀ ਇੱਕ ਡੇਰਾ ਸੀ) ਤੇ ਨਾਕਸਰੀਏ ਸਾਧਾਂ
ਰਾਹੀਂ ਫਿਰ ਕਾਬਿਜ ਹੋ ਗਏ।ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ (ਸਿੰਘ ਸਭਾ ਲਹਿਰ ਦੇ 100 ਸਾਲ ਬਾਅਦ) ਮਿਸ਼ਨਰੀ ਸਿੱਖਾਂ ਨੇ
ਕਿਤਾਬਾਂ ਲਿਖ ਕੇ ਸਿੱਖ ਜਾਗਰਤੀ ਦੀ ਨਵੀਂ ਲਹਿਰ ਚਲਾਈ, ਫਿਰ ਇਸ ਸਦੀ ਦੇ ਸ਼ੁਰੂ ਵਿੱਚ ‘ਗੁਰਮਤਿ ਗਿਆਨ ਮਿਸ਼ਨਰੀ ਕਾਲਿਜ’ ਨੇ ਆਪਣੇ ਪ੍ਰਚਾਰਕ
ਤਿਆਰ ਕਰਕੇ ਲਹਿਰ ਨੂੰ ਅੱਗੇ ਵਧਾਇਆ।ਇਸੇ ਸਮੇਂ ਦੌਰਾਨ ਪਿਛਲੇ 20-25 ਸਾਲਾਂ ਵਿੱਚ ਇਹ ਲਹਿਰ ਪ੍ਰਚੰਡ ਹੋਈ, ਜਿਸਦਾ ਵਿਰੋਧ ਉਸ
ਸਮੇਂ ਤੋਂ ਕਾਬਿਜ ਤੇ ਹਮਲਾਵਰ ਧਿਰਾਂ ਵਲੋਂ ਅਕਾਲ ਤਖਤ ਦੇ ਪੁਜਾਰੀਆਂ ਰਾਹੀਂ ਜਾਰੀ ਹੈ।ਇਸ ਸਮੇਂ ਦੌਰਾਨ ਅਨੇਕਾਂ ਵਿਦਵਾਨਾਂ ਤੇ
ਪ੍ਰਚਾਰਕਾਂ ਨੂੰ ਜ਼ਲੀਲ ਕਰਕੇ, ਡਰਾ ਕੇ, ਜਾਨੋਂ ਮਾਰ ਕੇ, ਪੰਥ ਵਿੱਚੋਂ ਛੇਕ ਕੇ, ਪੁਜਾਰੀਵਾਦ ਖਿਲਾਫ ਲਹਿਰ ਨੂੰ ਦਬਾਉਣ ਦੇ ਯਤਨ ਜਾਰੀ
ਹਨ।ਪਿਛਲੇ 5-6 ਸਾਲਾਂ ਤੋਂ ਪੁਜਾਰੀ ਸ਼੍ਰੇਣੀ ਜਾਂ ਸਾਧ ਸ਼੍ਰੇਣੀ ਵਿੱਚੋਂ ਨਿਕਲ ਕੇ ਬੇਬਾਕੀ ਨਾਲ ਪੁਜਾਰੀਵਾਦ ਅਤੇ ਉਦਾਸੀਆਂ ਤੇ
ਨਿਰਮਲਿਆਂ ਦੀ ਸਿੱਖੀ ਖਿਲਾਫ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਭਾਈ ਰਣਜੀਤ ਸਿੰਘ ਢੱਡਰੀਵਾਲਾ, ਹੁਣ ਉਨ੍ਹਾਂ ਦੇ ਮੁੱਖ ਨਿਸ਼ਾਨੇ ਤੇ ਹੈ।ਉਸਦੇ
ਵਿਰੋਧ ਦਾ ਵੱਡਾ ਕਾਰਨ ਇਹ ਵੀ ਹੈ ਕਿ ਉਸ ਮਗਰ ਲੱਖਾਂ ਲੋਕ ਹਨ, ਨੌਜਵਾਨ ਪੀੜ੍ਹੀ ਵੱਡੀ ਤੇ ਉਸ ਨਾਲ ਜੁੜ ਰਹੀ ਹੈ।ਉਹ ਹਰ ਗੱਲ ਦਲੀਲ ਨਾਲ ਕਰਦਾ
ਹੈ।ਹੋਰ ਵਿਦਵਾਨਾਂ ਜਾਂ ਮਿਸ਼ਨਰੀਆਂ ਨੂੰ ਉਹ ਉਠਦੇ ਸਾਰ ਹੀ ਦਬੋਚ ਲੈਂਦੇ ਸਨ।ਪਰ ਢੱਡਰੀਵਾਲਾ ਨੂੰ ਹੱਥ ਪਾਉਣ ਲਈ ਡਰਦੇ ਹਨ

ਕਿਉਂਕਿ ਪੁਜਾਰੀਆਂ ਦੇ ਮਾਲਕ, ਸਿਆਸੀ ਲੋਕ ਆਪਣੀਆਂ ਸਿਆਸੀ ਗਿਣਤੀਆਂ ਮਿਣਤੀਆਂ ਵੀ ਕਰਦੇ ਹਨ।ਬੇਸ਼ਕ ਇਸ ਲਹਿਰ ਨੂੰ ਸ਼ੁਰੂ ਕਰਨ
ਵਾਲੇ ਮਿਸ਼ਨਰੀ, ਜਾਗਰੂਕ, ਵਿਦਵਾਨ ਆਦਿ ਇਸ ਔਖੇ ਸਮੇਂ ਵਿੱਚ ਛੋਟੇ ਵਿਰੋਧਾਂ, ਨਿੱਜ਼ੀ ਰੰਜ਼ਸ਼ਾਂ, ਈਰਖਾ ਤੇ ਅਗਿਆਨਤਾ ਵੱਸ ਭਾਈ
ਰਣਜੀਤ ਸਿੰਘ ਦੇ ਵਿਰੋਧ ਵਿੱਚ ਆ ਖੜੇ ਹੋਏ ਹਨ।ਮਿਸ਼ਨਰੀਆਂ ਤੇ ਜਾਗਰੂਕਾਂ ਦੀ ਸਾਜ਼ਸ਼ੀ ਚੁੱਪ ਤਖਤਾਂ ਦੇ ਪੁਜਾਰੀਆਂ ਤੇ ਟਕਸਾਲੀਆਂ
ਨੂੰ ਸ਼ਹਿ ਦੇ ਰਹੀ ਹੈ।ਕਿਸੇ ਸਮੇਂ ਕਾਲਾ ਅਫਗਾਨਾ, ਮਿਸ਼ਨਰੀ ਪ੍ਰਚਾਰਕ, ਸਿੰਘ ਸਭਾ ਕਨੇਡਾ, ਸਪੋਕਸਮੈਨ, ਪ੍ਰੋ ਦਰਸ਼ਨ ਸਿੰਘ, ਭਾਈ
ਘੱਗਾ, ਭਾਈ ਧੁੰਦਾ ਤੇ ਹੋਰ ਅਨੇਕਾਂ ਵਿਦਵਾਨਾਂ ਦੀ ਟੀਮ ਇਸ ਸੰਘਰਸ਼ ਨੂੰ ਕਾਫੀ ਅੱਗੇ ਲੈ ਗਈ ਸੀ ਅਤੇ ਪੁਜਾਰੀਵਾਦ ਤੇ ਡੇਰਵਾਦ
ਨੂੰ ਭਾਜੜਾਂ ਪੁਆ ਦਿੱਤੀਆਂ ਸਨ।ਪਰ ਉਹ ਆਪਣੀ ਏਕਤਾ ਬਹੁਤਾ ਚਿਰ ਕਾਇਮ ਨਾ ਰੱਖ ਸਕੇ ਤੇ ਕਈ ਧੜਿਆਂ ਵਿੱਚ ਵੰਡੇ ਗਏ।ਹੁਣ
ਭਾਈ ਰਣਜੀਤ ਸਿੰਘ ਇਸ ਲਹਿਰ ਦੀ ਅਗਵਾਈ ਕਰ ਰਹੇ ਹਨ ਤਾਂ ਉਨ੍ਹਾਂ ਧੜਿਆਂ ਵਲੋਂ ਵਿਰੋਧ ਵਿੱਚ ਖੜਨਾ ਮੰਦਭਾਗਾ ਹੈ।ਜੇ ਉਹ ਸਾਥ
ਨਹੀਂ ਦੇ ਸਕਦੇ ਤਾਂ ਚੁੱਪ ਤਾਂ ਰਹਿ ਹੀ ਸਕਦੇ ਹਨ।ਜੇ ਇਸ ਵਾਰ ਭਾਈ ਰਣਜੀਤ ਸਿੰਘ ਪਿਛੇ ਹਟ ਜਾਂਦੇ ਹਨ ਜਾਂ ਉਨ੍ਹਾਂ ਨੂੰ ਪੁਜਾਰੀ ਲਾਣੇ
ਵਲੋਂ ਚੁੱਪ ਕਰਾ ਦਿੱਤਾ ਜਾਂਦਾ ਹੈ ਤਾਂ ਇਹ ਲਹਿਰ 20-25 ਸਾਲ ਪਿਛੇ ਪੈ ਸਕਦੀ ਹੈ।ਸਾਡਾ ਮੰਨਣਾ ਹੈ ਕਿ ਇਹ ਸੰਘਰਸ਼ ਤਾਂ ਜਾਰੀ ਰਹਿਣਾ ਹੀ
ਹੈ।ਭਾਈ ਰਣਜੀਤ ਸਿੰਘ ਅਗਵਾਈ ਕਰੇ ਜਾਂ ਕੋਈ ਹੋਰ ਕਰੇ।ਪੁਜਾਰੀਆਂ ਲਈ ਭਾਈ ਢੱਡਰੀਵਾਲਾ ਗਲ਼ੇ ਦੀ ਹੱਡੀ ਬਣ ਚੁੱਕਾ ਹੈ, ਇੱਕ ਪਾਸੇ
ਪੁਜਾਰੀਆਂ ਸਿਆਸੀ ਮਾਲਕ ਆਪਣੇ ਸਿਆਸੀ ਹਿੱਤਾਂ ਲਈ ਢੱਡਰੀਵਾਲਾ ਨੂੰ ਪੰਥ ਵਿੱਚੋਂ ਛੇਕਣਾ ਨਹੀਂ ਚਾਹੁੰਦੇ, ਦੂਜੇ ਪਾਸੇ
ਪੁਜਾਰੀਆਂ ਦੇ ਧਾਰਮਿਕ ਮਾਲਕ ਟਕਸਾਲੀ, ਹਰ ਹਾਲਤ ਵਿੱਚ ਢੱਡਰੀਵਾਲਾ ਦਾ ਫਸਤਾ ਜਲਦੀ ਤੋਂ ਜਲਦੀ ਵੱਢਣਾ ਚਾਹੁੰਦੇ ਹਨ।ਇਹ ਤਾਂ ਤਹਿ ਹੈ ਕਿ
ਜਿਸ ਤਰ੍ਹਾਂ ਪੁਜਾਰੀਆਂ ਖਿਲਾਫ ਭਾਈ ਰਣਜੀਤ ਸਿੰਘ ਡਟ ਗਏ ਹਨ, ਉਹ ਪਿਛੇ ਹਟਣ ਵਾਲੇ ਨਹੀਂ ਤੇ ਨਾ ਹੀ ਪੁਜਾਰੀਆਂ ਵਲੋਂ ਪੰਥ ਵਿੱਚੋਂ
ਛੇਕੇ ਜਾਂ ਮਾਫੀਆਂ ਮੰਗ ਚੁੱਕੇ ਵਿਦਵਾਨਾਂ ਵਾਂਗ ਘਰ ਹੀ ਬੈਠਣ ਲੱਗੇ ਹਨ।ਇਸ ਨਾਲ ਟਕਰਾਅ ਵਧੇਗਾ, ਪਰ ਗੁਰੂ ਨਾਨਕ ਦੀ ਸਿੱਖੀ ਨੂੰ
ਬਹਾਲ ਕਰਨ ਲਈ ਕਿਸੇ ਅਜਿਹੇ ਲੀਡਰ ਦੀ ਲੰਬੇ ਸਮੇਂ ਤੋਂ ਲੋੜ ਸੀ, ਜਿਸ ਤਰ੍ਹਾਂ ਤਰ੍ਹਾਂ ਦੀ ਲੀਡਰਸ਼ਿਪ ਭਾਈ ਰਣਜੀਤ ਸਿੰਘ ਦੇ ਰਹੇ ਹਨ।ਜਿਹੜੇ ਸਿੱਖ
ਤਬਦੀਲੀ ਤੇ ਵਿਕਾਸ ਦੇ ਹੱਕ ਵਿੱਚ ਹਨ ਅਤੇ ਟਕਸਾਲ ਤੇ ਪੁਜਾਰੀਆਂ ਦਾ ਗਲਬਾ ਸਿੱਖੀ ਤੋਂ ਲਾਹੁਣਾ ਚਾਹੁੰਦੇ ਹਨ, ਉਨ੍ਹਾਂ ਨੂੰ ਭਾਈ
ਰਣਜੀਤ ਸਿੰਘ ਢੱਡਰੀਵਾਲਾ ਦਾ ਹਰ ਪੱਖ ਤੋਂ ਸਹਿਯੋਗ ਕਰਨ ਦੀ ਲੋੜ ਹੈ।