Indian Railways Health Insurance: ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ 13 ਲੱਖ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਪ੍ਰਦਾਨ ਕਰਕੇ ਇਲਾਜ ਦੇ ਦਾਇਰੇ ਨੂੰ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ।

Image Courtesy Abp Sanjha

ਨਵੀਂ ਦਿੱਲੀ: ਰੇਲਵੇ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਪਣੇ 13 ਲੱਖ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਪ੍ਰਦਾਨ ਕਰਕੇ ਇਲਾਜ ਦੇ ਦਾਇਰੇ ਨੂੰ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਇੱਕ ਬਿਆਨ ‘ਚ ਰੇਲਵੇ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਆਪਣੇ ਕਰਮਚਾਰੀਆਂ ਤੇ ਉਨ੍ਹਾਂ ‘ਤੇ ਨਿਰਭਰ ਪਰਿਵਾਰਕ ਮੈਂਬਰਾਂ ਨੂੰ ‘ਰੇਲਵੇ ਕਰਮਚਾਰੀ ਲਿਬਰਲਾਈਜ਼ਡ ਸਿਹਤ ਯੋਜਨਾ’ ਤੇ ‘ਕੇਂਦਰ ਸਰਕਾਰ ਦੀ ਸਿਹਤ ਸੇਵਾਵਾਂ’ ਰਾਹੀਂ ਡਾਕਟਰੀ ਸਿਹਤ ਸਹੂਲਤਾਂ ਦੇ ਰਹੀ ਹੈ।

ਇਸ ਤੋਂ ਇਲਾਵਾ ਬਿਆਨ ‘ਚ ਕਿਹਾ ਗਿਆ ਹੈ ਕਿ “ਭਾਰਤੀ ਰੇਲਵੇ ਹੁਣ ਰੇਲਵੇ ਕਰਮਚਾਰੀਆਂ ਦੇ ਡਾਕਟਰੀ ਇਲਾਜ ਦੇ ਦਾਇਰੇ ਨੂੰ ਵਧਾਉਣ ਦਾ ਪ੍ਰਸਤਾਵ ਦੇ ਰਿਹਾ ਹੈ।” ਰੇਲਵੇ ਕਰਮਚਾਰੀਆਂ ਲਈ ‘ਵਿਆਪਕ ਸਿਹਤ ਬੀਮਾ ਯੋਜਨਾ’ ਨਾਲ ਜੁੜੇ ਸਾਰੇ ਪਹਿਲੂਆਂ ਦੀ ਜਾਂਚ ਕਰਨ ਲਈ ਇੱਕ ਕਮੇਟੀ ਬਣਾਈ ਹੈ। ਭਾਰਤੀ ਰੇਲਵੇ ਨੇ ਜ਼ੋਨਲ ਰੇਲਵੇ ਤੇ ਉਤਪਾਦਨ ਇਕਾਈਆਂ ਦੇ ਸਾਰੇ ਜਨਰਲ ਮੈਨੇਜਰਾਂ ਨੂੰ ਇਸ ਪ੍ਰਸਤਾਵ ‘ਤੇ ਆਪਣੇ ਵਿਚਾਰਾਂ/ਸੁਝਾਵਾਂ ਲਈ ਬੇਨਤੀ ਕੀਤੀ ਹੈ।

ਭਾਰਤੀ ਰੇਲਵੇ ਦੇ ਬਹੁਤ ਸਾਰੇ ਹਸਪਤਾਲ:

ਦੱਸ ਦੇਈਏ ਕਿ ਭਾਰਤੀ ਰੇਲਵੇ ਵਿੱਚ 586 ਸਿਹਤ ਯੂਨਿਟਸ, 45 ਉਪ-ਵਿਭਾਗੀ ਹਸਪਤਾਲ, 56 ਮੰਡਲ ਹਸਪਤਾਲ, ਅੱਠ ਉਤਪਾਦਨ ਇਕਾਈਆਂ ਦੇ ਹਸਪਤਾਲ ਤੇ 16 ਜ਼ੋਨਲ ਹਸਪਤਾਲ ਹਨ। ਦੇਸ਼ ਭਰ ਵਿੱਚ 2500 ਤੋਂ ਵੱਧ ਡਾਕਟਰ ਤੇ 35,000 ਤੋਂ ਵੱਧ ਪੈਰਾ ਮੈਡਿਟ ਸਟਾਫ ਹਨ।

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਦੌਰਾਨ ਰੇਲਵੇ ਨੇ ਦੇਸ਼ ਭਰ ਵਿੱਚ ਕੋਰੋਨਾ ਦੇ ਮਰੀਜ਼ਾਂ ਲਈ 6,500 ਤੋਂ ਵੱਧ ਹਸਪਤਾਲ ਦੇ ਬਿਸਤਰੇ ਸਮਰਪਿਤ ਕੀਤੇ। ਇਹ ਵੀ ਦੱਸ ਦਈਏ ਕਿ ਦੇਸ਼ ਵਿਚ ਕੋਰੋਨਾਵਾਇਰਸ ਦੀਆਂ ਸਥਿਤੀਆਂ ਕਰਕੇ ਰੇਲ ਗੱਡੀਆਂ ਦਾ ਸੰਚਾਲਨ ਘਟ ਗਿਆ ਹੈ।

News Credit ABP Sanjha